ਜਾਧਵ ਕੋਲ ਬਚਾਅ ਦੇ ਅਜੇ ਵੀ ਤਿੰਨ ਮੌਕੇ

ਇਸਲਾਮਾਬਾਦ - ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਕਿਹਾ ਹੈ ਕਿ ਫੌਜੀ ਅਦਾਲਤ ਤੋਂ ਮੌਤ ਦੀ ਸਜ਼ਾ ਪ੍ਰਾਪਤ ਭਾਰਤ ਦੇ ਕਥਿਤ ਜਾਸੂਸ ਕੁਲਭੂਸ਼ਣ ਜਾਧਵ ਨੂੰ ਫੌਰੀ ਫਾਂਸੀ ਨਹੀਂ ਦਿੱਤੀ ਜਾਵੇਗੀ। ‘ਡਾਅਨ ਆਨਲਾਈਨ’ ਦੀ ਰਿਪੋਰਟ ਅਨੁਸਾਰ ਆਸਿਫ਼ ਨੇ ਕਿਹਾ ਕਿ ਜਾਧਵ ਦੀ ਸੁਣਵਾਈ ਲਈ ਸਾਢੇ ਤਿੰਨ ਮਹੀਨੇ ਲੱਗੇ ਅਤੇ ਹਾਲੇ ਉਸ ਲਈ ਕਾਨੂੰਨ ਅਧੀਨ ਤਿੰਨ ਅਪੀਲੀ ਫੋਰਮਾਂ ਉਪਲਬਧ ਹਨ। ਪਾਕਿਸਤਾਨ ਦਾ ਦੋਸ਼ ਹੈ ਕਿ ਜਾਧਵ ਭਾਰਤੀ ਖ਼ੁਫ਼ੀਆ ਏਜੰਸੀ ‘ਰਿਸਰਚ ਐਂਡ ਅਨੈਲਸਿਸ ਵਿੰਗ’ (ਰਾਅ) ਲਈ ਕੰਮ ਕਰ ਰਿਹਾ ਸੀ ਅਤੇ ਉਸ ਨੂੰ 2016 ਵਿੱਚ ਬਲੋਚਿਸਤਾਨ ਵਿੱਚ  ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਭਾਰਤ ਲਈ ਜਾਸੂਸੀ ਕਰਨ ਤੇ ਪਾਕਿਸਤਾਨ ਦੀ ਅਖੰਡਤਾ ਵਿਰੁੱਧ ਕੰਮ ਕਰਨ, ਅਤਿਵਾਦ ਦੀ ਫੰਡਿੰਗ ਅਤੇ ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਆਸਿਫ਼ਨੇ ਭਾਰਤ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਕਿ ਜਾਧਵ ਦੀ ਫਾਂਸੀ ਸੋਚਿਆ-ਸਮਝਿਆ ਕਤਲ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਇਹ ਸਜ਼ਾ ਸੁਣਾਈ ਗਈ। ਇਸ ਦੌਰਾਨ ਉੱਘੇ ਵਕੀਲ ਰਾਮ ਜੇਠਮਲਾਨੀ ਨੇ ਕਿਹਾ ਕਿ ਭਾਰਤ ਨੂੰ ਸਾਬਕਾ ਜਲ ਸੈਨਾ ਅਫ਼ਸਰ ਕੁਲਭੂਸ਼ਨ ਜਾਧਵ ਸਬੰਧੀ ਫੈਸਲੇ ਦੀ ਕਾਪੀ ਪਾਕਿਸਤਾਨ ਤੋਂ ਜ਼ਰੂਰ ਮੰਗਣੀ ਚਾਹੀਦੀ ਹੈ ਤਾਂ ਜੋ ਉਸ ਆਧਾਰ ਦਾ ਪਤਾ ਲਾਇਆ ਜਾ ਸਕੇ, ਜਿਸ ਉਤੇ ਜਾਧਵ ਨੂੰ ਦੋਸ਼ੀ ਠਹਿਰਾਇਆ ਗਿਆ। ਦੂਜੇ ਪਾਸੇ ਸਾਬਕਾ ਫੌਜੀਆਂ ਨੇ ਅੱਜ ਇਸ ਫੈਸਲੇ ਖ਼ਿਲਾਫ਼ ਨਵੀਂ ਦਿੱਲੀ ਵਿੱਚ ਪਾਕਿ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ ਕੀਤਾ।
ਭਾਰਤ ਤੇ ਪਾਕਿ ਸਦਾ ਵੈਰੀ ਨਹੀਂ ਰਹਿ ਸਕਦੇ: ਜੰਜੂਆ
ਇਸਲਾਮਾਬਾਦ: ਭਾਰਤ ਉਤੇ ਕਸ਼ਮੀਰ ਮਸਲੇ ਬਾਰੇ ਗੱਲਬਾਤ ਤੋਂ ਮੁੱਕਰ ਕੇ ‘ਦੁਵੱਲੀ ਭਾਵਨਾ ਨੂੰ ਠਿੱਬੀ ਲਾਉਣ’ ਦਾ ਦੋਸ਼ ਲਾਉਂਦਿਆਂ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਸਿਰ ਜੰਜੂਆ ਨੇ ਕਿਹਾ ਕਿ ਦੋਵੇਂ ਗੁਆਂਢੀ ਸਦਾ ਲਈ ਦੁਸ਼ਮਣ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਵਿਵਾਦਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਭਾਈਚਾਰਾ ਕਸ਼ਮੀਰ ਮਸਲੇ ਦੀ ਨਜ਼ਰਸਾਨੀ ਕਰ ਰਿਹਾ ਹੈ ਕਿਉਂਕਿ ਉਸ ਦੇ ਭਾਰਤ ਨਾਲ ਆਪਣੇ ਰਣਨੀਤਕ ਹਿੱਤ ਹਨ।     

 
Latest News
Magazine Archive