ਦਿੱਲੀ ਨੇ ਪੁਣੇ ਨੂੰ 97 ਦੌੜਾਂ ਨਾਲ ਦਰੜਿਆ

ਪੁਣੇ - ਸੰਜੂ ਸੈਮਸਨ ਦੇ ਸੈਂਕੜੇ ਦੀ ਬਦੌਲਤ ਅੱਜ ਇੱਥੇ ਆਈਪੀਐੱਲ ਦੇ ਮੈਚ ਵਿੱਚ ਦਿੱਲੀ ਡੇਅਰ ਡੈਵਿਲਜ਼ ਨੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ 97 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਇਹ ਇਸ ਸੀਜ਼ਨ ਦਾ ਪਹਿਲਾ ਸੈਂਕੜਾ ਵੀ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਡੇਅਰ ਡੈਵਿਲਜ਼ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾਈਆਂ। ਜਵਾਬ ਵਿੱਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੀ ਪੂਰੀ ਟੀਮ ਸਿਰਫ 16ਥ1 ਓਵਰਾਂ ਵਿੱਚ 108 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਦਿੱਲੀ ਦੇ ਕਪਤਾਨ ਜ਼ਹੀਰ ਖਾਨ ਅਤੇ ਲੈੱਗ ਸਪਿੰਨਰ ਅਮਿਤ ਮਿਸ਼ਰਾ ਨੇ 3-3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਸੰਜੂ ਸੈਮਸਨ ਦੇ ਕਰੀਅਰ ਦੇ ਪਹਿਲੇ ਟੀ-20 ਸੈਂਕੜੇ ਦੀ ਬਦੌਲਤ ਦਿੱਲੀ ਡੇਅਰ ਡੈਵਿਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਬਣਾਈਆਂ। ਸੈਮਸਨ ਨੇ 63 ਗੇਂਦਾਂ ’ਤੇ 102 ਦੌੜਾਂ ਦੀ ਪਾਰੀ ਖੇਡੀ। ਉਸ ਨੇ ਸਲਾਮੀ ਬੱਲੇਬਾਜ਼ ਸੈਮ ਬਲਿੰਗਸ (24) ਨਾਲ ਦੂਜੀ ਵਿਕਟ ਲਈ 69 ਦੌੜਾਂ ਅਤੇ ਰਿਸ਼ਭ ਪੰਤ (31) ਨਾਲ ਤੀਜੀ ਵਿਕਟ ਲਈ 51 ਅਤੇ ਕੋਰੀ ਐਂਡਰਸਨ ਨਾਬਾਦ(02) ਨਾਲ ਚੌਥੀ ਵਿਕਟ ਲਈ 42 ਦੌੜਾਂ ਦੀ ਭਾਈਵਾਲੀ ਕੀਤੀ ਤੇ ਡੇਅਰ ਡੈਵਿਲਜ਼ ਨੂੰ ਵੱਡੇ ਸਕੋਰ ਤਕ ਪਹੁੰਚਾਇਆ। ਕਿ੍ਸ ਮੌਰਿਸ ਨੇ ਨੌਂ ਗੇਂਦਾਂ ’ਤੇ 38 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਆਈਪੀਐਲ ਦੇ ਇਤਿਹਾਸ ਵਿੱਚ ਤੀਜੇ ਸਰਵਉੱਚ ਸਕੋਰ ਤਕ ਪਹੁੰਚਾਇਆ। ਸੈਮਸਨ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਪੰਜ ਛੱਕੇ ਮਾਰੇ। ਐਂਡਰਸਨ ਦੀ ਭਾਈਵਾਲੀ ਵਿੱਚ 81 ਦੌੜਾਂ ਬਣੀਆਂ ਪਰ ਇਸ ਵਿੱਚ ਉਸ ਦਾ ਯੋਗਦਾਨ ਸਿਰਫ਼ ਦੋ ਦੌੜਾਂ ਦਾ ਹੀ ਰਿਹਾ। ਢਿੱਡ ਵਿੱਚ ਤਕਲੀਫ਼ ਕਾਰਨ ਸਟੀਵ ਸਮਿਥ ਦੇ ਬਾਹਰ ਹੋਣ ’ਤੇ ਟੀਮ ਦੀ ਅਗਵਾਈ ਕਰ ਰਹੇ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੀਪਕ ਚਾਹਰ ਨੇ ਦੂਜੇ ਓਵਰ ਦੀ ਪਹਿਲੀ ਗੇਂਦ ’ਤੇ ਆਦਿਤਿਆ ਤਾਰੇ ਨੂੰ ਸਿਫ਼ਰ ’ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਕੈਚ ਕਰਾ ਦਿੱਤਾ ਪਰ ਇਸ ਤੋਂ ਬਾਅਦ ਪੁਣੇ ਦੇ ਪੱਖ ਵਿੱਚ ਕੁਝ ਵੀ ਨਹੀਂ ਰਿਹਾ।
ਬਲਿੰਗਸ ਅਤੇ ਸੈਮਸਨ ਨੇ ਪਾਰੀ ਨੂੰ ਸੰਭਾਲਿਆ। ਦੋਨਾਂ ਨੇ ਪਾਵਰ ਪਲੇਅ ਵਿੱਚ ਟੀਮ ਦਾ ਸਕੋਰ 62 ਦੌੜਾਂ ਤਕ ਪਹੁੰਚਾਇਆ ਜੋ ਪੰਜ ਸਾਲਾਂ ਵਿੱਚ ਪਹਿਲੇ ਛੇ ਓਵਰਾਂ ਵਿੱਚ ਟੀਮ ਦਾ ਸਰਵੋਤਮ ਸਕੋਰ ਹੈ।  ਸੈਮਸਨ ਨੇ ਹਮਲਾਵਰ ਖੇਡ ਦਿਖਾਈ। ਉਸ ਨੇ ਚਾਹਰ ਦੀਆਂ ਗੇਂਦਾਂ ’ਤੇ ਲਗਾਤਾਰ ਦੋ ਚੌਕਿਆਂ ਨਾਲ ਖਾਤਾ ਖੋਲਿਆ ਅਤੇ ਮਗਰੋਂ ਅਸ਼ੋਕ ਡਿੰਡਾਂ ਦੀਆਂ ਗੇਂਦਾਂ ’ਤੇ ਲਗਾਤਾਰ ਦੋ ਚੌਕੇ ਮਾਰੇ। ਬਲਿੰਗਸ ਨੇ ਵੀ ਛੇਵੇਂ ਓਵਰ ਵਿਚ ਚਾਹਰ ਦੀਆਂ ਗੇਂਦਾਂ ’ਤੇ ਤਿੰਨ ਚੌਕੇ ਮਾਰੇ। ਦੱਖਣੀ ਅਫਰੀਕਾ ਦੇ ਲੈੱਗ ਸਪਿੰਨਰ ਇਮਰਾਨ ਤਾਹਿਰ ਨੇ ਬਲਿੰਗਸ ਨੂੰ ਬੋਲਡ ਕਰਕੇ ਸੈਮਸਨ ਨਾਲ ਉਸ ਦੀ 69 ਦੌੜਾਂ ਦੀ ਭਾਈਵਾਲੀ ਖਤਮ ਕੀਤੀ। ਬਲਿੰਗਸ ਨੇ 17 ਗੇਂਦਾਂ ਦਾ ਸਾਹਮਣਾ ਕੀਤਾ ਤੇ ਚਾਰ ਚੌਕੇ ਮਾਰੇ। ਪਿਛਲੇ ਮੈਚ ਵਿੱਚ ਨੀਮ ਸੈਂਕੜਾ ਬਣਾਉਣ ਵਾਲੇ ਪੰਤ ਨੇ 31 ਦੌੜਾਂ ਬਣਾਈਆਂ ਅਤੇ ਰਜਤ ਭਾਟੀਆ ਦੀ ਗੇਂਦ ’ਤੇ ਮੈਚ ਦਾ ਪਹਿਲਾ ਛੱਕਾ ਮਾਰਿਆ। ਉਸ ਨੇ ਭਾਟੀਆ ਦੇ ਇਸੇ ਓਵਰ ਵਿੱਚ ਇਕ ਹੋਰ ਛੱਕੇ ਨਾਲ 12 ਵੇਂ ਓਵਰ ਵਿਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਕੀਤਾ। ਸੈਮਸਨ ਨੂੰ ਜੰਪਾ ਨੇ ਆਊਟ ਕੀਤਾ। ਅੰਤਿਮ ਓਵਰ ਵਿੱਚ ਦਿੱਲੀ ਦੀ ਟੀਮ ਨੇ 76 ਦੌੜਾਂ ਬਣਾਈਆਂ ਅਤੇ 2012 ਤੋਂ ਬਾਅਦ ਪਹਿਲੀ ਪਾਰੀ ਵਿੱਚ 200 ਦਾ ਸਕੋਰ ਪਾਰ  ਕੀਤਾ।    

 

 

fbbg-image

Latest News
Magazine Archive