ਕੈਪਟਨ ਵਲੋਂ ਪੂੰਜੀ ਨਿਵੇਸ਼ ਲਈ ਮੁੰਬਈ ਵਿੱਚ ਸਨਅਤਕਾਰਾਂ ਨਾਲ ਮੀਟਿੰਗਾਂ

ਮੁੰਬਈ/ਚੰਡੀਗੜ੍ਹ - ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਪੰਜਾਬ ਦਾ ਦੌਰਾ ਕਰ ਕੇ ਸੂਬੇ ਵਿੱਚ ਵੱਡੇ ਉੱਦਮ ਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਗੇ। ਆਈਸੀਆਈਸੀਆਈ ਬੈਂਕ ਲਿਮਟਿਡ ਦੀ ਸੀਈਓ ਅਤੇ ਐਮਡੀ ਚੰਦਾ ਕੋਛੜ ਨੇ ਆਪਣੇ ਬੈਂਕ ਦੇ ਪਸਾਰ ਦੇ ਅਗਲੇ ਪੜਾਅ ਦੌਰਾਨ ਮੁਹਾਲੀ ਵਿਖੇ ਬੈਂਕ ਦਾ ਕੰਮਕਾਜ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ’ਤੇ ਸਹਿਮਤੀ ਪ੍ਰਗਟਾਈ ਹੈ। ਸੂਬਾ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਖਿੱਚਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਮੁੰਬਈ ਦੇ ਤਿੰਨ-ਦਿਨਾ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਸੂਬੇ ਨੂੰ ਹੋਰ ਨਿਵੇਸ਼ ਅਤੇ ਉਦਯੋਗ ਪੱਖੀ ਬਣਾਉਣ ਦੀ ਪ੍ਰਣਾਲੀ ਅਤੇ ਪ੍ਰਕਿਰਿਆ ਨੂੰ ਦਰੁਸਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਉਦਯੋਗ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ  ਮੁਹੱਈਆ ਕਰਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਗੋਲਡਮੈਨ ਸੈਚ ਦੇ ਚੇਅਰਮੈਨ ਸੰਜੋਏ ਚੈਟਰਜੀ ਅਤੇ ਗੋਦਰੇਜ ਗਰੁੱਪ ਦੇ ਚੇਅਰਮੈਨ ਆਦੀ ਗੋਦਰੇਜ ਨਾਲ ਵੀ ਵੱਖੋ-ਵੱਖ ਮੀਟਿੰਗਾਂ ਕੀਤੀਆਂ। ਸ੍ਰੀ ਚੰਦਰਸ਼ੇਖਰਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ’ਚ ਪੰਜਾਬ ਇੱਕੋ-ਇੱਕ ਵਾਧੂ ਬਿਜਲੀ ਵਾਲਾ ਸੂਬਾ ਹੈ। ਪੰਜ ਰੁਪਏ ਯੂਨਿਟ ਬਿਜਲੀ ਦੇਣ ਵਾਲਾ ਹਿਮਾਚਲ ਤੋਂ ਬਾਅਦ ਪੰਜਾਬ ਦੂਜਾ ਸੂਬਾ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ  ਰਵੀਨ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਜੱਦੀ ਪਿੰਡ ਮਹਿਰਾਜ ਨੂੰ ਇਕ ਮਾਡਲ ਡਿਜੀਟਲ ਪਿੰਡ ਬਣਾਉਣ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ।
ਵਫ਼ਦ ਵਿੱਚ ਸ਼ਾਮਲ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਨੇ ਆਈਸੀਆਈਸੀਆਈ ਬੈਂਕ ਨੂੰ ਸੂਬੇ ਵਿੱਚ ਵਿਸ਼ੇਸ਼ ਤੌਰ ’ਤੇ ਨਸਲ ਸੁਧਾਰ ਦੇ ਉਦੇਸ਼ ਨਾਲ 200 ਮਾਡਲ ਡੇਅਰੀ ਫਾਰਮ ਵਿਕਸਤ ਕਰਨ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ‘ਆਈਸੀਆਈਸੀਆਈ ਡਿਜੀਟਲ ਪਿੰਡ’ ਉਪਰਾਲੇ ਤਹਿਤ ਬੈਂਕ ਵੱਲੋਂ ਮਹਿਰਾਜ ਨੂੰ ਡਿਜੀਟਲ ਪਿੰਡ ਵਜੋਂ ਵਿਕਸਤ ਕਰਨ ਲਈ ਆਪਣੀ ਸਹਿਮਤੀ ਦਿੱਤੀ।
ਚੰਦਾ ਕੋਛੜ ਨੇ ਆਖਿਆ ਕਿ ਕਿਸਾਨਾਂ ਦੇ ਉਤਪਾਦਨ ਦੀ ਆਨਲਾਈਨ ਵਿਕਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਵਰ੍ਹੇ ਸ਼ੁਰੂ ਕੀਤੇ ਨੈਸ਼ਨਲ ਐਗਰੀਕਲਚਰ ਮਾਰਕੀਟ ਟਰੇਡਿੰਗ ਪੋਰਟਲ ਬਾਰੇ ਬੈਂਕ ਵੱਲੋਂ ਛੇਤੀ ਹੀ ਚੰਡੀਗੜ੍ਹ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ। ਸ੍ਰੀ ਗੋਦਰੇਜ ਨੇ ਪੰਜਾਬ ਵਿੱਚ ਗੋਦਰੇਜ ਪ੍ਰਾਜੈਕਟਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਭਵਿੱਖ ਵਿੱਚ ਵੀ ਨਿਵੇਸ਼ ਦਾ ਵਿਸਤਾਰ ਕਰਨ ਦੀ ਸੰਭਾਵਨਾ ਲਗਾਤਾਰ ਤਲਾਸ਼ ਰਹੀ ਹੈ। ਸ੍ਰੀ ਗੋਦਰੇਜ, ਜੋ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਚੇਅਰਮੈਨ ਵੀ ਹਨ, ਨੇ ਪ੍ਰਾਈਵੇਟ ਸੰਸਥਾਵਾਂ ’ਤੇ ਜੀਐਸਟੀ ਲਾਗੂ ਕਰਨ ’ਤੇ ਫਿਕਰ ਜ਼ਾਹਰ ਕਰਦਿਆਂ ਅਜਿਹੀਆਂ ਸੰਸਥਾਵਾਂ ਨੂੰ ਛੋਟ ਦੇਣ ਲਈ ਮੁੱਖ ਮੰਤਰੀ ਨੂੰ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ।
ਕੇਪੀਐਮਜੀ ਇੰਡੀਆ ਦੇ ਚੇਅਰਮੈਨ ਤੇ ਸੀਈਓ  ਅਰੁਣ ਕੇ. ਕੁਮਾਰ ਨਾਲ ਰਾਤ ਦੇ ਖਾਣੇ ਮੌਕੇ ਹੋਈ ਮੀਟਿੰਗ ਦੌਰਾਨ ਕੈਪਟਨ ਨੇ ਸੂਬੇ ਵਿੱਚ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਕੰਪਨੀ ਨੂੰ ਆਪਣੇ ਸਿਰਜਣਾਤਮਕ ਵਿਚਾਰ ਪੇਸ਼ ਕਰਨ ਲਈ ਆਖਿਆ। ਵਫ਼ਦ ਵਿੱਚ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਸ਼ਾਮਲ ਸਨ। ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਕਰਨਪਾਲ ਸਿੰਘ ਸੇਖੋਂ, ਪੀਐਸਆਈਸੀ ਅਤੇ ਆਈਪੀ ਦੇ  ਅਨੁਰਿਧ ਤਿਵਾੜੀ, ਪੀਬੀਆਈਪੀ ਦੇ ਸੀਈਓ ਡੀ.ਕੇ. ਤਿਵਾੜੀ ਅਤੇ ਏਸੀਈਓ ਸ਼ਰੂਤੀ ਸਿੰਘ ਹਾਜ਼ਰ ਸਨ।

 

 

fbbg-image

Latest News
Magazine Archive