ਪੰਜਾਬ ਨੇ ਬੰਗਲੌਰ ਨੂੰ ਅੱਠ ਵਿਕਟਾਂ ਨਾਲ ਹਰਾਇਆ

ਇੰਦੌਰ - ਇੱਥੇ ਆਈਪੀਐੱਲ ਦੇ ਜ਼ਬਰਦਸਤ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰੌਇਲ ਚੈਲੰਜ਼ਰਜ਼ ਬੰਗਲੌਰ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੌਰ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 148 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਪੰਜਾਬ ਨੇ ਸਿਰਫ ਦੋ ਵਿਕਟਾਂ ਗੁਆ ਕੇ 150 ਦੌੜਾਂ ਬਟੋਰ ਲਈਆਂ। ਮਨਨ ਵੋਹਰਾ ਅਤੇ ਆਮਲਾ ਨੇ ਪੰਜਾਬ ਵੱਲੋਂ ਚੰਗੀ ਸ਼ੁਰੂਆਤ ਕਰਦਿਆਂ ਕ੍ਰਮਵਾਰ 34 ਅਤੇ 58 ਦੌੜਾਂ ਦਾ ਯੋਗਦਾਨ ਪਾਇਆ। ਵੋਹਰਾ ਦੇ ਆਊਟ ਹੋਣ ਬਾਅਦ ਆਇਆ ਅਕਸਰ ਪਟੇਲ ਸਿਰਫ 9 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਆਮਲਾ ਅਤੇ ਮੈਕਸਵੈੱਲ ਡਟ ਗਏ। ਮੈਕਸਵੈੱਲ ਨੇ 43 ਦੌੜਾਂ ਜੋੜੀਆਂ।
ਇਸ ਤੋਂ ਪਹਿਲਾਂ ਰੌਇਲ ਚੈਲੰਜਰਜ਼ ਬੰਗਲੌਰ ਦੀ ਟੀਮ ਨੇ ਕਿੰਗਜ਼ ਇਲੈਵਨ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਏਬੀ ਡੀਵਿਲੀਅਰਜ਼ ਦੇ ਤੂਫਾਨੀ ਨੀਮ ਸੈਂਕੜੇ ਦੀ ਬਦੌਲਤ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਚਾਰ ਵਿਕਟਾਂ ’ਤੇ 148 ਦੌੜਾਂ ਬਣਾਈਆਂ। ਟੀਮ ਨੇ ਇਕ ਸਮੇਂ ਪਾਵਰ ਪਲੇਅ ਦੇ ਛੇ ਓਵਰਾਂ ਵਿੱਚ 23 ਦੌੜਾਂ ਦੇ ਸਕੋਰ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਡੀਵਿਲੀਅਰਜ਼ ਨੇ 46 ਗੇਂਦਾਂ ’ਤੇ ਨੌਂ ਛੱਕਿਆਂ ਅਤੇ ਤਿੰਨ ਚੌਕਿਆਂ ਦੀ ਮਦਦ ਨਾਲ ਨਾਬਾਦ 89 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਸਟੂਅਰਟ ਬਿਨੀ ਨੇ 20 ਗੇਂਦਾਂ ’ਤੇ ਨਾਬਾਦ 18 ਦੌੜਾਂ ਨਾਲ ਪੰਜਵੀਂ ਵਿਕਟ ਲਈ 6.5 ਓਵਰਾਂ ਵਿਚ 80 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ, ਜਿਸ ਨਾਲ ਟੀਮ ਚੁਣੌਤੀਪੂਰਨ ਸਕੋਰ ਖੜਾ ਕਰਨ ਵਿੱਚ ਸਫ਼ਲ ਰਹੀ। ਡੀਵਿਲੀਅਰਜ਼ ਦੀ ਤੂਫਾਨੀ ਬੱਲੇਬਾਜ਼ੀ ਨਾਲ ਟੀਮ ਅੰਤਿਮ ਪੰਜ ਓਵਰਾਂ ਵਿੱਚ 77 ਦੌੜਾਂ ਜੋੜਨ ਵਿੱਚ ਸਫਲ ਰਹੀ। ਕਿੰਗਜ਼ ਇਲੈਵਨ ਲਈ ਵਰੁਣ ਆਰੋਨ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਉਸ ਨੇ 21 ਦੌੜਾਂ ਬਦਲੇ ਦੋ ਵਿਕਟਾਂ ਲਈਆਂ। ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਨੇ ਚਾਰ ਓਵਰਾਂ ਵਿੱਚ ਸਿਰਫ਼ 12 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ।
ਕਪਤਾਨ ਸ਼ੇਨ ਵਾਟਸਨ (1) ਪਹਿਲੇ ਓਵਰ ਵਿੱਚ ਹੀ ਆਊਟ ਹੋ ਗਿਆ। ਦੂਜਾ ਸਲਾਮੀ ਬੱਲੇਬਾਜ਼ ਵਿਸ਼ਣੂ ਵਿਨੋਦ ਵੀ 12 ਗੇਂਦਾਂ ਵਿੱਚ ਸੱਤ ਦੌੜਾਂ ਬਦਾ ਕੇ ਸੰਦੀਪ ਸ਼ਰਮਾ ਦੀ ਗੇਂਦ ਨੂੰ ਪੁਲ ਕਰਨ ਦੇ ਚੱਕਰ ਵਿੱਚ ਲਾਂਗ ਆਨ ’ਤੇ ਗਲੈੱਨ ਮੈਕਸਵੈੱਲ ਨੂੰ ਕੈਚ ਦੇ ਬੈਠਾ। ਕੇਦਾਰ ਜਾਧਵ ਇਕ ਦੌੜ ਨਾਲ ਸਸਤੇ ’ਚ ਪੈਵਿਲੀਅਨ   ਪਰਤ ਗਿਆ।

 

 

fbbg-image

Latest News
Magazine Archive