ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਵਿਸਾਖੀ ਪ੍ਰਬੰਧਾਂ ਤੋਂ ‘ਬੇਮੁੱਖ’

ਐਨ ਵਿਸਾਖੀ ਮੌਕੇ ਦਮਦਮਾ ਸਾਹਿਬ ਤੋਂ ਗੈ਼ਰਹਾਜ਼ਰ;
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਏ
ਬਠਿੰਡਾ - ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਵਿਸਾਖੀ ਸਮਾਗਮਾਂ ਦੀ ਤਿਆਰੀ ’ਚੋਂ ਬਿਲਕੁਲ ‘ਆਊਟ’ ਹੋ ਗਏ ਹਨ। ਵਿਸਾਖੀ ਦਿਹਾੜੇ ਦੇ ਐਨ ਮੌਕੇ ਉਤੇ ਜਥੇਦਾਰ ਦੀ ਤਖ਼ਤ ਸਾਹਿਬ ਤੋਂ ਗੈਰਹਾਜ਼ਰੀ ਤੋਂ ਜਾਪਦਾ ਹੈ ਕਿ ‘ਸਭ ਅੱਛਾ ਨਹੀਂ ਹੈ’। ਬਠਿੰਡਾ ਤੇ ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਜਥੇਦਾਰ ਗੁਰਮੁਖ ਸਿੰਘ ਤੋਂ ਅੰਦਰਖਾਤੇ ਔਖੇ ਹਨ। ਇਨ੍ਹਾਂ ਮੈਂਬਰਾਂ ਨੇ ਜਥੇਦਾਰ ਦੀ ਗੈ਼ਰਹਾਜ਼ਰੀ ਵਿੱਚ ਵਿਸਾਖੀ ਦਿਹਾੜੇ ਦੇ ਸਭ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਏ ਹਨ। ਇਹ ਰਵਾਇਤ ਰਹੀ ਹੈ ਕਿ ਤਖ਼ਤ ਦੇ ਜਥੇਦਾਰ ਵੱਲੋਂ ਵਿਸਾਖੀ ਮੇਲੇ ਦੇ ਪ੍ਰਬੰਧਾਂ ਬਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਆਪਣੀ ਰਿਹਾਇਸ਼ ’ਤੇ ਸੱਦੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਦੀ ਵਿਸਾਖੀ ਉਤੇ ਜਥੇਦਾਰ ਗੁਰਮੁਖ ਸਿੰਘ ਨੇ ਆਪਣੀ ਰਿਹਾਇਸ਼ ’ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਸੀ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਸਨ। ਐਤਕੀਂ ਜਥੇਦਾਰ ਨੇ ਮੀਟਿੰਗ ਸੱਦਣ ਤੋਂ ਪਾਸਾ ਵੱਟ ਲਿਆ ਹੈ। ਉਹ ਕਾਫ਼ੀ ਦਿਨ ਪਹਿਲਾਂ ਤਖਤ ਸਾਹਿਬ ਤੋਂ ਚਲੇ ਗਏ ਸਨ। ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਪੱਧਰ ‘ਤੇ 5 ਅਪਰੈਲ ਨੂੰ ਦਮਦਮਾ ਸਾਹਿਬ ਵਿਖੇ ਮੀਟਿੰਗ ਸੱਦ ਲਈ ਸੀ, ਜਿਸ ’ਚ ਪ੍ਰਬੰਧਾਂ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੂੰ ਦੇ ਦਿੱਤੇ  ਸਨ। ਅੱਜ ਮੁੜ ਇਨ੍ਹਾਂ ਮੈਂਬਰਾਂ ਦੀ ਮੀਟਿੰਗ ਸੀ, ਜਿਸ ’ਚੋਂ ਜਥੇਦਾਰ ਗੈਰਹਾਜ਼ਰ ਸਨ।
ਸੂਤਰਾਂ ਮੁਤਾਬਕ ਥੋੜ੍ਹੇ ਦਿਨ ਪਹਿਲਾਂ ਜਥੇਦਾਰ ਗੁਰਮੁਖ ਸਿੰਘ ਦੀ ਦਮਦਮਾ ਸਾਹਿਬ ਵਿਖੇ ਰਿਹਾਇਸ਼ ’ਤੇ ਧਾਰਮਿਕ ਸਮਾਗਮ ਸਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਆਏ ਰਿਸ਼ਤੇਦਾਰਾਂ ਲਈ ਜਦੋਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਤੋਂ ਚਾਰ ਏਸੀ ਕਮਰੇ ਮੰਗੇ ਤਾਂ ਸ਼੍ਰੋਮਣੀ ਕਮੇਟੀ ਦੇ ਸਥਾਨਕ ਪ੍ਰਬੰਧਕਾਂ ਨੇ ਪਹਿਲਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਪ੍ਰਵਾਨਗੀ ਲਈ ਸੀ।
ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਅਕਾਲੀ ਉਮੀਦਵਾਰ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਗਏ ਸਨ ਤਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਥੇਦਾਰ ਗੁਰਮੁਖ ਸਿੰਘ ਨੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ ਸੀ। ਉਦੋਂ ਤੋਂ ਬਾਦਲ ਪਰਿਵਾਰ ਵੀ ਅੰਦਰਖਾਤੇ ਜਥੇਦਾਰ ਤੋਂ ਖੁਸ਼ ਨਹੀਂ ਹੈ। ਜੋ ਸ਼੍ਰੋਮਣੀ ਕਮੇਟੀ ਮੈਂਬਰ ਪਹਿਲਾਂ ਜਥੇਦਾਰ ਦੇ ਨੇੜੇ ਸਨ, ਉਨ੍ਹਾਂ ਨੇ ਵੀ ਦੂਰੀ ਬਣਾ ਲਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੇ ਕਿਹਾ ਕਿ ਜਥੇਦਾਰ ਗੁਰਮੁਖ ਸਿੰਘ ਵਿਸਾਖੀ ਦਿਹਾੜੇ ਮੌਕੇ ਗੈਰਹਾਜ਼ਰ ਹੋ ਗਏ ਹਨ ਅਤੇ ਐਤਕੀਂ ਉਨ੍ਹਾਂ ਨੇ ਕੋਈ ਤਿਆਰੀ ਮੀਟਿੰਗ ਨਹੀਂ ਬੁਲਾਈ। ਉਨ੍ਹਾਂ ਕਿਹਾ ਕਿ ਜਥੇਦਾਰ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਨੂੰ ਹੀ ਸਾਰੇ ਪ੍ਰਬੰਧ ਦੇਖਣੇ ਪੈ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸਿਆਸੀ ਕਾਨਫਰੰਸਾਂ, ਲੰਗਰ ਤੇ ਸਮਾਗਮਾਂ ਲਈ ਜਗ੍ਹਾ ਅਲਾਟ ਕਰਨਾ ਸ਼ਾਮਲ ਹੈ। ਮਾਨਸਾ ਜ਼ਿਲ੍ਹੇ ’ਚੋਂ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨਕੇ ਨੇ ਕਿਹਾ ਕਿ ਜਥੇਦਾਰ ਨੂੰ ਵਿਸਾਖੀ ਮੌਕੇ ਤਖਤ ’ਤੇ ਹਾਜ਼ਰ ਰਹਿਣਾ ਚਾਹੀਦਾ ਸੀ ਕਿਉਂਕਿ ਇਹ ਕੌਮ ਦਾ ਵੱਡਾ ਦਿਹਾੜਾ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਮੈਂਬਰ ਜੋਗਿੰਦਰ ਕੌਰ ਨੇ ਕਿਹਾ ਕਿ ਜਥੇਦਾਰ ਨੂੰ ਵਿਸਾਖੀ ਤੋਂ 20 ਦਿਨ ਪਹਿਲਾਂ ਤਖਤ ’ਤੇ ਹਾਜ਼ਰ ਰਹਿਣਾ ਚਾਹੀਦਾ ਸੀ ਕਿਉਂਕਿ ਧਾਰਮਿਕ ਸਮਾਗਮਾਂ ਲਈ ਉਨ੍ਹਾਂ ਨੇ ਹੀ ਸਾਰੇ ਪ੍ਰਬੰਧ ਉਲੀਕਣੇ ਸਨ।
ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਜਥੇਦਾਰ ਗੁਰਮੁਖ ਸਿੰਘ ਦੋਆਬੇ ਵਿੱਚ ਸਮਾਗਮਾਂ ਵਿੱਚ ਗਏ ਹੋਏ ਹਨ ਅਤੇ ਅੱਜ ਸ਼ਾਮ ਤਕ ਉਨ੍ਹਾਂ ਦੇ ਤਖ਼ਤ ’ਤੇ ਆਉਣ ਦੀ ਸੰਭਾਵਨਾ ਹੈ। ਪੱਖ ਜਾਣਨ ਲਈ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਵਾਰ ਵਾਰ ਫੋਨ ਕੀਤੇ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਵੀ ਰੁਝੇਵੇਂ ਵਿੱਚ ਹੋਣ ਦੀ ਗੱਲ ਆਖੀ।
‘ਮੇਰੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਮਰਿਆਦਾ ਕਮੇਟੀ ਬਣੇ’
ਅੰਮ੍ਰਿਤਸਰ - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਸਰਕਾਰੀ ਏਜੰਸੀਆਂ ਦੀਆਂ ਸਿੱਖ ਕੌਮ ਪ੍ਰਤੀ ਸਾਜ਼ਿਸ਼ਾਂ ਨੂੰ ਰੋਕਣ ਲਈ ਇਕ ਮਰਿਆਦਾ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਰਿਆਦਾ ਕਮੇਟੀ ਹੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਦੀ ਮੁੱਢ ਤੋਂ ਪੜਤਾਲ ਕਰੇ ਅਤੇ ਸਪੱਸ਼ਟ ਕਰੇ ਕਿ ਡੇਰਾ ਮੁਖੀ ਨਾਲ ਕੀਹਦੇ ਕੀਹਦੇ ਸਬੰਧ ਹਨ ਅਤੇ ਉਸ ਦੀ ਮੁਆਫੀ ਵਾਲੀ ਚਿੱਠੀ ਕੌਣ ਲੈ ਕੇ ਆਇਆ ਸੀ? ਦੱਸਣਯੋਗ ਹੈ ਕਿ ਭਾਈ ਗੁਰਮੁਖ ਸਿੰਘ ਇਸ ਤੋਂ ਪਹਿਲਾਂ ਡੇਰਾ ਸਿਰਸਾ ਗਏ ਸਿੱਖ ਆਗੂਆਂ ਦਾ ਵਿਰੋਧ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਨੀਲਧਾਰੀ ਮੁਖੀ ਸਤਨਾਮ ਸਿੰਘ ਨੂੰ ਬਿਨਾਂ ਹਾਜ਼ਰ ਹੋਏ ਮੁਆਫੀ ਦੇਣ ਦੇ ਮਾਮਲੇ ਵਿੱਚ ਵੀ ਅਸਹਿਮਤੀ ਪ੍ਰਗਟਾਈ ਹੈ। ਅੱਜ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਖਾਲਸਾ ਪੰਥ ਦੇ ਨਾਂ ਚਾਰ ਸਫਿਆਂ ਦਾ ਪੱਤਰ ਜਾਰੀ ਕੀਤਾ ਸੀ। ਇਸ ਪੱਤਰ ਬਾਰੇ ਉਨ੍ਹਾਂ ਕਿਹਾ ਕਿ 2015 ’ਚ ਸਰਕਾਰੀ ਏਜੰਸੀਆਂ ਨੇ ਉਸ ਖ਼ਿਲਾਫ਼ ਕੂੜ ਪ੍ਰਚਾਰ ਕੀਤਾ। ਉਨ੍ਹਾਂ ’ਤੇ ਅਦਾਕਾਰ ਅਕਸ਼ੈ ਕੁਮਾਰ ਦੀ ਮੁੰਬਈ ਸਥਿਤ ਕੋਠੀ ਤੋਂ ਡੇਰਾ ਸਿਰਸਾ ਦੇ ਮੁਖੀ ਦਾ ਮੁਆਫੀਨਾਮਾ ਲਿਆਉਣ ਦੇ ਦੋਸ਼ ਲਾਏ ਸਨ। ਇਸ ਬਦਲੇ ਬਾਦਲਾਂ ਵੱਲੋਂ ਉਨ੍ਹਾਂ ਨੂੰ 60 ਏਕੜ ਜ਼ਮੀਨ, ਸੱਤ ਪਲਾਟ, ਅੰਮ੍ਰਿਤਸਰ ’ਚ 2000 ਗਜ਼ ਵਿੱਚ ਤਿੰਨ ਮੰਜ਼ਿਲਾ ਕੋਠੀ, 7 ਕਰੋੜ ਰੁਪਏ ਅਤੇ ਦੁਬਈ ’ਚ ਮਹਿੰਗਾ ਫਲੈਟ ਦਿੱਤੇ ਜਾਣ ਦੇ ਦੋਸ਼ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਬਾਰੇ ਸਿੱਖ ਕੌਮ ਨੂੰ ਆਰਟੀਆਈ ਤਹਿਤ ਸਰਕਾਰ ਕੋਲੋਂ ਜਾਣਕਾਰੀ ਲੈ ਕੇ ਜਨਤਕ ਕਰਨੀ ਚਾਹੀਦੀ ਹੈ। ਜੇਕਰ ਉਹ ਜਹਾਜ਼ ਰਾਹੀਂ ਮੁੰਬਈ ਗਏ ਸਨ ਤਾਂ ਉਸ ਦਿਨ ਦੀ ਹਵਾਈ ਅੱਡੇ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਘੋਖ ਲਈ ਇਕ ਮਰਿਆਦਾ ਕਮੇਟੀ ਦਾ ਗਠਨ ਕਰਕੇ ਡੇਰਾ ਸਿਰਸਾ ਦੇ 2007 ਵਾਲੇ ਮਾਮਲੇ ਦੀ ਮੁੱਢੋਂ ਪੜਤਾਲ ਕਰਾਈ ਜਾਵੇ। ਇਸ ਤੋਂ ਇਲਾਵਾ ਸਰਬ ਧਰਮ ਮਰਿਆਦਾ ਕਮੇਟੀ ਦਾ ਵੀ ਗਠਨ ਹੋਣਾ ਚਾਹੀਦਾ ਹੈ, ਜਿਸ ’ਚ ਸਮੂਹ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ। ਸਰਬ ਧਰਮ ਕਮੇਟੀ ਧਰਮਾਂ ਦੇ ਆਪਸੀ ਖਲਾਅ ਤੇ ਤਣਾਅ ਨੂੰ ਦੂਰ ਕਰ ਸਕਦੀ ਹੈ।

 

 

fbbg-image

Latest News
Magazine Archive