ਮਿਸਰ ਵਿੱਚ ਗਿਰਜਾਘਰਾਂ ਉਤੇ ਹਮਲਾ, 45 ਹਲਾਕ

ਆਈਐਸ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਕਬੂਲੀ; 119 ਹੋਰ ਜ਼ਖ਼ਮੀ
ਕਾਹਿਰਾ - ਮਿਸਰ ਦੇ ਸ਼ਹਿਰਾਂ ਟੈਂਟਾ ਤੇ ਅਲੈਗਜ਼ੈਂਡਰੀਆ ਵਿੱਚ ‘ਪਾਮ ਸੰਡੇ’ ਮੌਕੇ ਸ਼ਰਧਾਲੂਆਂ ਨਾਲ ਭਰੇ ਕੌਪਟਿਕ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਕੇ ਆਈਐਸਆਈਐਸ ਵੱਲੋਂ ਕੀਤੇ ਦੋ ਧਮਾਕਿਆਂ ਵਿੱਚ ਘੱਟੋ ਘੱਟ 45 ਜਣੇ ਮਾਰੇ ਗਏ ਅਤੇ 119 ਹੋਰ ਜ਼ਖ਼ਮੀ ਹੋ ਗਏ।
ਸਿਹਤ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਪਹਿਲਾ ਧਮਾਕਾ ਕਾਹਿਰਾ ਤੋਂ ਤਕਰੀਬਨ 120 ਕਿਲੋਮੀਟਰ ਦੂਰ ਨੀਲ ਨਦੀ ਦੇ ਡੈਲਟਾ ਉਤੇ ਬਣੇ ਸ਼ਹਿਰ ਟੈਂਟਾ ਵਿੱਚ ਸੇਂਟ ਜਾਰਜ ਵਜੋਂ ਮਸ਼ਹੂਰ ਮਾਰ ਗਿਰਗਿਸ ਦੇ ਕੌਪਟਿਕ ਗਿਰਜਾਘਰ ਵਿੱਚ ਹੋਇਆ, ਜਿਸ ਵਿੱਚ 25 ਜਣੇ ਮਾਰੇ ਗਏ ਅਤੇ 71 ਜ਼ਖ਼ਮੀ ਹੋਏ। ਰੱਖਿਆ ਸੂਤਰਾਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ‘ਪਾਮ ਸੰਡੇ’ ਮਨਾਉਣ ਲਈ ਈਸਾਈਆਂ ਦੀ ਪ੍ਰਾਰਥਨਾ ਦੌਰਾਨ ਇਕ ਵਿਅਕਤੀ ਨੇ ਚਰਚ ਅੰਦਰ ਧਮਾਕਾਖੇਜ ਸਮੱਗਰੀ ਰੱਖੀ। ਹਾਲਾਂਕਿ ਕੁੱਝ ਦਾ ਕਹਿਣਾ ਹੈ ਕਿ ਇਹ ਆਤਮਘਾਤੀ ਹਮਲਾਵਰ ਦਾ ਕਾਰਾ ਹੈ। ਇਸ ਹਮਲੇ ਦਾ ਨਿਸ਼ਾਨਾ ਗਿਰਜਾਘਰ ਹਾਲ ਵਿੱਚ ਮੂਹਰਲੀਆਂ ਕਤਾਰਾਂ ਨੂੰ ਬਣਾਇਆ ਗਿਆ। ਮਰਨ ਵਾਲਿਆਂ ਵਿੱਚ ਟੈਂਟਾ ਕੋਰਟ ਦੇ ਮੁਖੀ ਸੈਮੂਅਲ ਜਾਰਜ ਸ਼ਾਮਲ ਹਨ।
ਇਸ ਤੋਂ ਕੁਝ ਘੰਟੇ ਬਾਅਦ ਅਲੈਗਜ਼ੈਂਡਰੀਆ ਦੇ ਮਾਨਸ਼ੀਆ ਜ਼ਿਲ੍ਹੇ ਵਿੱਚ ਦੂਜਾ ਧਮਾਕਾ ਸੇਂਟ ਮਾਰਕ ਗਿਰਜਾਘਰ ਨੇੜੇ ਹੋਇਆ। ਇਸ ਨੂੰ ਆਤਮਘਾਤੀ ਹਮਲਾਵਰ ਨੇ ਅੰਜਾਮ ਦਿੱਤਾ। ਸਰਕਾਰੀ ਟੈਲੀਵਿਜ਼ਨ ਚੈਨਲ ਅਨੁਸਾਰ ਇਸ ਧਮਾਕੇ ਵਿੱਚ 11 ਜਣੇ ਮਾਰੇ ਗਏ ਅਤੇ 66 ਹੋਰ ਜ਼ਖ਼ਮੀ ਹੋਏ।
ਇਕ ਬਿਆਨ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਦੀ ਯੋਜਨਾ ਅਲੈਗਜ਼ੈਂਡਰੀਆ ਵਿੱਚ ਚਰਚ ਅੰਦਰ ਖ਼ੁਦ ਨੂੰ ਉਡਾਉਣ ਦੀ ਸੀ ਪਰ ਸੁਰੱਖਿਆ ਦਸਤਿਆਂ ਨੇ ਉਸ ਨੂੰ ਰੋਕ ਲਿਆ। ਆਤਮਘਾਤੀ ਹਮਲਾਵਰ ਨੂੰ ਗਿਰਜਾਘਰ ਅੰਦਰ ਵੜਨੋਂ ਰੋਕਣ ਦੀ ਕੋਸ਼ਿਸ਼ ਦੌਰਾਨ ਇਕ ਪੁਲੀਸ ਅਫ਼ਸਰ ਤੇ ਮਹਿਲਾ ਪੁਲੀਸ ਮੁਲਾਜ਼ਮ ਮਾਰੇ ਗਏ।
‘ਪਾਮ ਸੰਡੇ’ ਦੇ ਇਕੱਠ ਦੌਰਾਨ ਪੋਪ ਟਵਾਰਡੋਸ ਦੂਜੇ ਗਿਰਜਾਘਰ ਵਿੱਚ ਮੌਜੂਦ ਸਨ ਪਰ ਉਨ੍ਹਾਂ ਨੂੰ ਇਸ ਹਮਲੇ ਨਾਲ ਕੋਈ ਨੁਕਸਾਨ ਨਹੀਂ ਪੁੱਜਿਆ। ਇਸਲਾਮਿਕ ਸਟੇਟ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਸ ਦੌਰਾਨ ਟੈਂਟਾ ਸ਼ਹਿਰ ਦੀ ਸਿਦੀ ਅਬਦੁਲ ਰਹੀਮ ਮਸਜਿਦ ਵਿੱਚ ਸੁਰੱਖਿਆ ਦਸਤਿਆਂ ਨੇ ਦੋ ਬੰਬ ਨਕਾਰਾ ਕੀਤੇ। ਰਾਸ਼ਟਰਪਤੀ ਅਬਦੁਲ ਫਤਾਹ ਅਲ-ਸਿਸੀ ਨੇ ਇਸ ਹਮਲੇ ਮਗਰੋਂ ਕੌਮੀ ਸੁਰੱਖਿਆ ਕੌਂਸਲ ਦੀ ਮੀਟਿੰਗ ਸੱਦੀ। ਰਾਸ਼ਟਰਪਤੀ ਨੇ ਜ਼ਖ਼ਮੀਆਂ ਦਾ ਫੌਜੀ ਹਸਪਤਾਲ ਵਿੱਚ ਇਲਾਜ ਕਰਨ ਦੇ ਆਦੇਸ਼ ਦਿੱਤੇ।
 

 

 

fbbg-image

Latest News
Magazine Archive