ਸਨਰਾਈਜ਼ਰਜ਼ ਅੱਗੇ ਗੁਜਰਾਤੀ ਸ਼ੇਰ ਹੋਏ ਢੇਰ

ਹੈਦਰਾਬਾਦ - ਅਫ਼ਗਾਨੀ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੇ ਮੁੜ ਪ੍ਰਭਾਵਸ਼ਾਲੀ ਪ੍ਰਦਸ਼ਨ ਕਰਦਿਆਂ ਅੱਜ ਇੱਥੇ ਗੁਜਰਾਤ ਲਾਇਨਜ਼ ਨੂੰ ਘੱਟ ਸਕੋਰ ’ਤੇ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਕਪਤਾਨ ਡੇਵਿਡ ਵਾਰਨਰ ਅਤੇ ਮੋਜ਼ਿਜ਼ ਹੈਨਰੀਕਿਊਜ਼ ਨੇ ਅਰਧ ਸੈਂਕੜੇ ਜੜੇ, ਜਿਨ੍ਹਾਂ ਸਦਕਾ ਮੌਜੂਦਾ ਚੈਂਪੀਅਨ ਸਨਰਾਈਜ਼ਰਜ਼ ਹੈਦਰਾਬਾਦ ਨੇ ਨੌ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਆਈਪੀਐਲ ਦਸ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
ਰਾਸ਼ਿਦ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ (21 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਆਸ਼ੀਸ਼ ਨਹਿਰਾ (27 ਦੌੜਾਂ ਦੇ ਕੇ ਇੱਕ ਵਿਕਟ) ਨੇ ਉਸ ਦਾ ਚੰਗਾ ਸਾਥ ਦਿੱਤਾ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਲਾਇਨਜ਼ ਦੀ ਟੀਮ ਸੱਤ ਵਿਕਟਾਂ ’ਤੇ 135 ਦੌੜਾਂ ਹੀ ਬਣਾ ਸਕੀ। ਉਸ ਵੱਲੋਂ ਡੇਵਿਡ ਸਮਿੱਥ (37 ਦੌੜਾਂ), ਜੈਸਨ ਰਾਏ (31 ਦੌੜਾਂ), ਦਿਨੇਸ਼ ਕਾਰਤਿਕ (30 ਦੌੜਾਂ) ਅਤੇ ਨੌਵੇਂ ਨੰਬਰ ਦੇ ਬੱਲੇਬਾਜ਼ ਬਾਸਿਲ ਥੰਪੀ (ਨਾਬਾਦ 13) ਹੀ ਦੋਹਰੇ ਅੰਕ ਤੱਕ ਪੁੱਜੇ। ਆਈਪੀਐਲ ਦਸ ਦੇ ਉਦਘਾਟਨੀ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾਉਣ ਵਾਲੀ ਸਨਰਾਈਜ਼ਰਜ਼ ਨੇ ਸਿਰਫ਼ 15.3 ਓਵਰਾਂ ਵਿੱਚ ਇੱਕ ਵਿਕਟ ’ਤੇ 140 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਵਾਰਨਰ ਨੇ 45 ਗੇਂਦਾਂ ਵਿੱਚ ਛੇ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 76 ਦੌੜਾਂ ਬਣਾ ਕੇ ਮੁੜ ਲੈਅ ਹਾਸਲ ਕੀਤੀ। ਉਸ ਨੇ ਹੈਨਰਿਕਸ (39 ਗੇਂਦਾਂ ’ਤੇ 52 ਦੌੜਾਂ) ਨਾਲ ਦੂਜੀ ਵਿਕਟ ਲਈ 108 ਦੌੜਾਂ ਦੀ ਭਾਈਵਾਲੀ ਕੀਤੀ।
ਕਪਤਾਨ ਸੁਰੇਸ਼ ਰੈਨਾ ਨੇ ਲਾਇਨਜ਼ ਦੀ ਗੇਂਦਬਾਜ਼ੀ ਦੀ ਸ਼ੁਰੂਆਤ ਕਰ ਕੇ ਦਾਅ ਲਾਇਆ, ਪਰ ਉਸ ਨੂੰ ਦੂਜੇ ਓਵਰ ਵਿੱਚ ਹੀ ਤਿੰਨ ਛੱਕੇ ਪਏ। ਸ਼ਿਖਰ ਧਵਨ (9 ਦੌੜਾਂ) ਨੇ ਪ੍ਰਵੀਣ ਕੁਮਾਰ ਦੀ ਗੇਂਦ ’ਤੇ ਕਵਰ ਉੱਤੇ ਆਸਾਨ ਕੈਚ ਦਿੱਤਾ, ਪਰ ਰੈਨਾ ਨੂੰ ਦੋ ਛੱਕੇ ਜੜਨ ਵਾਲੇ ਵਾਰਨਰ ਨੇ ਆਪਣਾ ਹਮਲਾਵਰ ਰੁਖ਼ ਕਾਇਮ ਰੱਖਿਆ ਤੇ ਹੈਨਰਿਸ ਨੇ ਉਸ ਦਾ ਬਰਾਬਰ ਸਾਥ ਦਿੱਤਾ। ਸਨਰਾਈਜ਼ਰਜ਼ ਨੇ ਪਾਵਰਪਲੇਅ ਦੇ ਛੇ ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 59 ਦੌੜਾਂ ਬਣਾਈਆਂ।
ਭਾਰਤ ਖ਼ਿਲਾਫ਼ ਟੈੱਸਟ ਲੜੀ ਵਿੱਚ ਦੌੜਾਂ ਲਈ ਜੂਝਣ ਵਾਲਾ ਵਾਰਨਰ ਅੱਜ ਆਪਣੇ ਪੁਰਾਣੇ ਰੰਗ ਵਿੱਚ ਦਿਸਿਆ। ਉਸ ਨੇ ਕੱਟ, ਡਰਾਈਵ ਅਤੇ ਪੁਲ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਉਹ ਟੀ 20 ਕ੍ਰਿਕਟ ਵਿੱਚ ਸੱਤ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਚੌਥਾ ਬੱਲੇਬਾਜ਼ ਬਣਿਆ। ਉਸ ਤੋਂ ਪਹਿਲਾਂ ਕ੍ਰਿਸ ਗੇਲ, ਬਰੈਂਡਨ ਮੈਕੁਲਮ, ਬਰੈਡ ਹਾਜ਼ ਨੇ ਇਹ ਮੁਕਾਮ ਹਾਸਲ ਕੀਤਾ ਹੈ। ਰਾਸ਼ਿਦ ਨੇ ਆਪਣੇ ਪਹਿਲੇ ਤਿੰਨ ਓਵਰਾਂ ਵਿੱਚ ਮੈਕੁਲਮ (5 ਦੌੜਾਂ), ਆਰੋਨ ਫਿੰਚ (3 ਦੌੜਾਂ) ਅਤੇ ਕਪਤਾਨ ਰੈਨਾ (5 ਦੌੜਾਂ) ਨੂੰ ਆਊਟ ਕਰ ਕੇ ਲਾਇਨਜ਼ ਨੂੰ ਵਖ਼ਤ ਪਾ ਦਿੱਤਾ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਗੇਂਦਬਾਜ਼ ਨੇ ਤਿੰਨ ਖਿਡਾਰੀਆਂ ਨੂੰ ਐਲਬੀਡਬਲਿਊ ਆਊਟ ਕੀਤਾ ਹੋਵੇ।
ਜੈਸਨ ਰਾਏ ਵੀ ਪਾਵਰ ਪਲੇਅ ਖ਼ਤਮ ਹੋਣ ਤੋਂ ਪਹਿਲਾਂ ਹੀ ਆਊਟ ਹੋ ਗਿਆ। ਨੌਵੇਂ ਓਵਰ ਤੱਕ ਲਾਇਨਜ਼ ਦਾ ਸਕੋਰ ਚਾਰ ਵਿਕਟਾਂ ’ਤੇ 57 ਦੌੜਾਂ ਹੋ ਗਿਆ। ਕਾਰਤਿਕ ਅਤੇ ਸਮਿੱਥ ਨੇ 46 ਗੇਂਦਾਂ ਵਿੱਚ 56 ਦੌੜਾਂ ਦੀ ਭਾਈਵਾਲੀ ਸਦਕਾ ਵਿਕਟਾਂ ਡਿਗਣ ਦੀ ਲੜੀ ਰੋਕੀ। ਸਮਿਥ ਨੇ ਭੁਵਨੇਸ਼ਵਰ ਦੀ ਹੌਲੀ ਗੇਂਦ ’ਤੇ ਲੰਮਾ ਸ਼ਾਟ ਖੇਡਣ ਦੇ ਚੱਕਰ ਵਿੱਚ ਕੈਚ ਦੇ ਦਿੱਤਾ। ਕਾਰਤਿਕ, ਗੇਂਦਬਾਜ਼ ਨਹਿਰਾ ਦਾ ਸ਼ਿਕਾਰ ਬਣਿਆ।

 
Latest News
Magazine Archive