ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਸਮਝੌਤੇ

ਭਾਰਤ ਵੱਲੋਂ ਬੰਗਲਾਦੇਸ਼ ਨੂੰ ਸਾਢੇ ਚਾਰ ਅਰਬ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
ਨਵੀਂ ਦਿੱਲੀ - ਭਾਰਤ ਬੰਗਲਾਦੇਸ਼ ਸਬੰਧਾਂ ਵਿੱਚ ਅੱਜ ਉਦੋਂ ਨਵੇਂ ਦੌਰ ਦੀ ਸ਼ੁਰੂਆਤ ਹੋਈ ਜਦੋਂ ਦੋਵਾਂ ਗੁਆਂਢੀ ਦੇਸ਼ਾਂ ਵਿੱਚ 22 ਸਮਝੌਤਿਆਂ ਉੱਤੇ ਹਸਤਾਖ਼ਰ ਹੋਏ ਅਤੇ ਭਾਰਤ ਨੇ ਬੰਗਲਾਦੇਸ਼ ਨੂੰ 4.5 ਅਰਬ ਦੀ ਆਰਥਿਕ ਸਹਾਹਿਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 50 ਕਰੋੜ ਅਮਰੀਕੀ ਡਾਲਰ ਦੀ  ਸਹਾਇਤਾ ਫੌਜੀ ਸਾਜ਼ੋ ਸਾਮਾਨ ਦੀ ਖ਼ਰੀਦੋ ਫਰੋਖ਼ਤ ਲਈ ਵੱਖਰੀ ਦਿੱਤੀ  ਜਾਵੇਗੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਭਾਰਤ ਵਿੱਚ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਦਾ ਨਿੱਘ ਮਹਿਸੂਸ ਕਰਦੇ ਹਾਂ। ਦੋਵਾਂ ਦੇਸ਼ਾਂ ਵਿਚਲੇ ਗੂੜ੍ਹੇ  ਸਬੰਧਾਂ ਨਾਲ ਸਾਡੇ ਲੋਕਾਂ ਦਾ ਭਵਿੱਖ ਬਿਹਤਰ ਅਤੇ ਸੁਰੱਖਿਅਤ ਹੋਵੇਗਾ।  ਦੋਵਾਂ ਦੇਸ਼ਾਂ ਨੇ ਇਸ ਮੌਕੇ ਵਿਵਾਦਗ੍ਰਸਤ ਤੀਸਤਾ ਪਾਣੀ ਸਮਝੌਤੇ ਨੂੰ ਨਹੀਂ ਛੋਹਿਆ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਦੋਵਾਂ ਦੇਸ਼ਾਂ ਵੱਲੋਂ ਅਤਿਵਾਦ ਦੀ ਬੁਰਾਈ ਨਾਲ ਨਜਿੱਠਣ ਲਈ ਦੁਵੱਲੇ ਰੱਖਿਆ, ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਉੱਤੇ ਜ਼ੋਰ ਦਿੰਦਿਆਂ ਦਿ੍ੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵੱਧ ਰਹੇ ਕੱਟੜਵਾਦ ਤੋਂ  ਨਾ ਸਿਰਫ ਦੋਵਾਂ ਦੋਵਾਂ ਦੇਸ਼ਾਂ ਨੂੰ ਸਗੋਂ ਸਮੁੱਚੇ ਖਿੱਤੇ ਨੂੰ ਗੰਭੀਰ ਖਤਰਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼, ਭੁਟਾਨ ਅਤੇ ਨੇਪਾਲ ਵਿੱਚ ਸੜਕ ਲਿੰਕ ਸਥਾਪਿਤ ਕਰਨ ਦੀ ਦਿਸ਼ਾ ਵੱਲ ਵਧਣ ਲਈ ਸਾਂਝਾ ਮੋਟਰਵਹੀਕਲ ਐਕਟ ਲਾਗੂ ਕਰਨ ਲਈ ਯਤਨ ਜਾਰੀ ਹਨ।
ਬੰਗਲਾਦੇਸ਼  ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੋ ਸੱਤ ਸਾਲ ਬਾਅਦ ਭਾਰਤ ਦੇ ਦੌਰੇ ਉੱਤੇ ਆਈ ਹੈ, ਨੇ ਕਿਹਾ ਕਿ ਉੁਨ੍ਹਾਂ ਦਾ ਦੇਸ਼ ਅਤਿਵਾਦ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀ ਕਰੇਗਾ ਅਤੇ ਸਰਹੱਦ ਉੱਤੇ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਲਈ ਹਰ ਯਤਨ ਕੀਤਾ ਜਾਵੇਗਾ।    ਇਸ ਤੋਂ ਬਾਅਦ ਪੱਤਰਕਾਰਾਂ ਨੂੰ ਦੋਵਾਂ ਦੇਸ਼ਾਂ ਵਿੱਚ ਹੋਏ ਸਮਝੌਤਿਆਂ ਦੇ ਵੇਰਵੇ ਦਿੰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਐੱਸ ਜੈ ਸ਼ੰਕਰ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਪੜਚੋਲ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਬੇਹੱਦ ਸੁਖਾਵੇਂ ਹੋ ਰਹੇ ਹਨ ।   ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਨੇ ਇੱਕ ਬੰਦਰਗਾਹ ਵਿਕਸਤ ਕਰਨ ਦੇ ਨਾਲ 17 ਨਵੇਂ ਉਦਮਾਂ ਉੱਤੇ ਕੰਮ ਕਰਨ ਲਈ ਪਹਿਲਾਂ ਹੀ ਸਹਿਮਤੀ ਬਣਾਈ ਹੋਈ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਵੀ ਨਰਮ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਮੈਡੀਕਲ ਵੀਜ਼ਾ ਵੀ ਸ਼ਾਮਲ ਹੈ। ਇਸ ਮੌਕੇ ਨਵੀਂ ਦਿੱਲੀ ਦੀ ਇੱਕ ਸੜਕ ਬੰਗਲਾਦੇਸ਼ ਦੇ ਨਿਰਮਾਤਾ ਅਤੇ ਸ਼ੇਖ ਹਸੀਨਾ ਦੇ ਪਿਤਾ ਮਰਹੂਮ ਮੁਜ਼ੀਬ-ਉਰ ਰਹਿਮਾਨ  ਨੂੰ ਸਮਰਪਿਤ ਕੀਤੀ ਗਈ।
ਅਜ਼ਮਾਇਸ਼ੀ ਤੌਰ ’ਤੇ ਕੋਲਕਾਤਾ-ਖੁਲਨਾ-ਢਾਕਾ ਬੱਸ ਸੇਵਾ ਸ਼ੁਰੂ
ਕੋਲਕਾਤਾ: ਇੰਡੋ-ਬੰਗਲਾ ਦੁਵੱਲੇ ਰਿਸ਼ਤਿਆਂ ਨੂੰ ਅੱਗੇ ਲਿਜਾਣ ਦੇ ਉਦੇਸ਼ ਨਾਲ ਅੱਜ ਇਥੇ ਕੋਲਕਾਤਾ-ਖੁਲਨਾ-ਢਾਕਾ ਬੱਸ ਸੇਵਾ ਅਜ਼ਮਾਇਸ਼ੀ ਤੌਰ ’ਤੇ ਸ਼ੁਰੂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਤਿੰਨ ਬੱਸਾਂ ਨੂੰ ‘ਨਬਾਨਾ’, ਸੂਬਾਈ ਸਕੱਤਰੇਤ, ਤੋਂ ਹਰੀ ਝੰਡੀ ਦਿਖਾਈ ਗਈ। ਇਹ ਸੇਵਾ ਜੂਨ ਤੋਂ ਸ਼ੁਰੂ ਕੀਤੀ ਜਾਵੇਗੀ। ਸੀਨੀਅਰ ਮੰਤਰੀਆਂ ਪਾਰਥਾ ਚੈਟਰਜੀ, ਸੁਬਰਤਾ ਮੁਖਰਜੀ ਤੇ ਫਿਰਾਦ ਹਕੀਮ ਨੇ ਬੱਸਾਂ ਨੂੰ ਹਰੀ ਝੰਡੀ ਦਿਖਾਈ। ਸੂਤਰਾਂ ਮੁਤਾਬਕ ਇਹ ਬੱਸ ਢਾਕਾ ਪਹੁੰਚਣ ਲਈ 409 ਕਿਲੋਮੀਟਰ ਪੈਂਡਾ ਤਕਰੀਬਨ 13 ਘੰਟਿਆਂ ਵਿੱਚ ਮਾਰੇਗੀ। ਇਸ ਦੀ ਟਿਕਟ ਦੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ।
ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਰੇਲ ਸੇਵਾ ਦਾ ਉਦਘਾਟਨ
ਪੇਟਰਾਪੋਲੇ:(ਪੱਛਮੀ ਬੰਗਾਲ) :ਦੋਵਾਂ ਦੇਸ਼ਾਂ ਵਿੱਚ ਰੇਲ ਸੰਪਰਕ ਸਥਾਪਿਤ ਕਰਨ ਲਈ ਅੱਜ ਟਰਾਇਲ ਵਜੋਂ ਪਹਿਲੀ ਰੇਲ ਗੱਡੀ ਬੰਗਲਾਦੇਸ਼ ਦੇ ਸ਼ਹਿਰ ਖੁਲਨਾ ਤੋਂ ਭਾਰਤ – ਬੰਗਲਾਦੇਸ਼ ਸਰਹੱਦ ਉੱਤੇ ਪੇਟਰਾਪੋਲ ਵਿਖੇ ਪੁੱਜੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੀਂ ਦਿੱਲੀ ਤੋਂ ਵੀਡੀਓ ਲਿੰਕ ਰਾਹੀਂ ਇਸ ਰੇਲ ਗੱਡੀ ਨੂੰ ਹਰੀ ਝੰਡੀ ਦਿੱਤੀ। ਰੇਲਵੇ ਦੇ ਅਧਿਕਰੀਆਂ ਨੇ ਦੱਸਿਆ ਦੋਵਾਂ ਦੇਸ਼ਾਂ ਵਿੱਚ ਨਿਯਮਿਤ ਰੇਲ ਸੰਪਰਕ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗਾ।
 

 

 

fbbg-image

Latest News
Magazine Archive