ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਾਂਗੇ: ਕੈਪਟਨ

ਸਖ਼ਤੀ ਮਗਰੋਂ ਪੰਜਾਬ ਵਿੱਚ ਨਸ਼ੇ ਦੇ ਭਾਅ ਵਧਣ ਦਾ ਕੀਤਾ ਦਾਅਵਾ; ਘਪਲਿਆਂ ਦੀ ਜਾਂਚ ਕਰਵਾਏਗੀ ਸਰਕਾਰ
ਜ਼ੀਰਕਪੁਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਉੱਤਰ ਪ੍ਰਦੇਸ਼ ਸਰਕਾਰ ਵਾਂਗ ਇਕ ਲੱਖ ਰੁਪਏ ਨਹੀਂ, ਸਗੋਂ ਪੂਰਾ ਕਰਜ਼ਾ ਮੁਆਫ਼ ਕਰਨ ਲਈ ਵਚਨਬੱਧ ਹੈ। ਇਸ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਕਮਿਸ਼ਨ ਕਾਇਮ ਕਰ ਦਿੱਤਾ ਗਿਆ ਹੈ। ਉਹ ਅੱਜ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਛੱਤ ਰੋਡ ’ਤੇ ਖੋਲ੍ਹੇ ਡੀ ਮਾਰਟ ਸਟੋਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਵਿਰੋਧੀ ਧਿਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਨਾ ਕਰਨ ਦੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਿਰਫ਼ ਇਕ ਹੈਕਟੇਅਰ ਵਾਲੇ ਕਿਸਾਨ ਦਾ ਇਕ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਉੱਤਰ ਪ੍ਰਦੇਸ਼ ਵਿੱਚ ਜੇ ਕਿਸੇ ਇਕ ਹੈਕਟੇਅਰ ਜ਼ਮੀਨ ਵਾਲੇ ਕਿਸਾਨ ਦਾ ਚਾਰ ਲੱਖ ਰੁਪਏ ਕਰਜ਼ਾ ਹੈ ਤਾਂ ਉਸ ਵਿੱਚੋਂ ਸਿਰਫ਼ ਇਕ ਲੱਖ ਮੁਆਫ਼ ਹੋਏਗਾ, ਜਦੋਂ ਕਿ ਪੰਜਾਬ ਸਰਕਾਰ ਪੂਰਾ ਕਰਜ਼ਾ ਮੁਆਫ਼ ਕਰਨ ਉੱਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਬਾਰੇ ਕੇਂਦਰ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ। ਜੇ ਉਹ ਮਦਦ ਨਹੀਂ ਕਰੇਗੀ ਤਾਂ ਸੂਬਾ ਸਰਕਾਰ ਆਪਣੇ ਪੱਧਰ ’ਤੇ ਕਰਜ਼ ਮੁਆਫ਼ ਕਰੇਗੀ। ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਵਿੱਚ ਸਰਕਾਰ ਦੀ ਸਖ਼ਤੀ ਕਾਰਨ ਪੰਜਾਬ ਵਿੱਚ ਨਸ਼ੇ ਦੇ ਭਾਅ ਵਧਣ ਲੱਗ ਗਏ ਹਨ, ਜੋ ਚੰਗੇ ਸੰਕੇਤ ਹਨ। ਵਾਅਦੇ ਮੁਤਾਬਕ ਚਾਰ ਹਫ਼ਤਿਆਂ ਵਿੱਚੋਂ ਇਕ ਹਫ਼ਤਾ ਬਾਕੀ ਹੈ, ਜਿਸ ਦੌਰਾਨ ਸੂਬੇ ਵਿੱਚੋਂ ਪੂਰੀ ਤਰ੍ਹਾਂ ਨਸ਼ੇ ਦਾ ਖ਼ਾਤਮਾ ਕਰ ਦਿੱਤਾ ਜਾਏਗਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ, ਪਾਰਟੀ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ, ਸੂਬਾਈ ਸਕੱਤਰ ਜਸਪਾਲ ਸਿੰਘ ਜ਼ੀਰਕਪੁਰ ਅਤੇ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
ਜ਼ੀਰਕਪੁਰ ਵਿੱਚ ਡੀ ਮਾਰਟ ਸਟੋਰ ਖੁੱਲ੍ਹਣ ਨੂੰ ਉਨ੍ਹਾਂ ਸੂਬੇ ਵਿੱਚ ਨਿਵੇਸ਼ ਲਈ ਚੰਗਾ ਸੰਕੇਤ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਹ 10 ਤਰੀਕ ਨੂੰ ਹੋਰ ਉਦਯੋਗਪਤੀਆਂ ਨੂੰ ਮਿਲਣ ਲਈ ਮੁੰਬਈ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵੱਡੀ ਗਿਣਤੀ ਕਾਰੋਬਾਰੀ ਇੱਥੇ ਉਦਯੋਗ ਲਾਉਣ ਲਈ ਸਹਿਮਤੀ ਪ੍ਰਗਟਾਉਣਗੇ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਡੇਰਾਬਸੀ ਸਮੇਤ ਹੋਰ ਹਾਰੇ ਹੋਏ ਹਲਕਿਆਂ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਵੀ ਹਲਕੇ ਨੂੰ ਲਾਵਾਰਸ ਨਹੀਂ ਛੱਡਿਆ ਜਾਏਗਾ, ਸਗੋਂ ਇਨ੍ਹਾਂ ਬਾਰੇ ਛੇਤੀ ਫੈਸਲਾ ਲਿਆ ਜਾਏਗਾ। ਉਨ੍ਹਾਂ ਦੁਹਰਾਇਆ ਕਿ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ ਹਲਕਾ ਡੇਰਾਬਸੀ ਵਿੱਚ ਲੰਘੇ ਦਸ ਸਾਲਾਂ ਦੌਰਾਨ ਕੀਤੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਏਗੀ। ਉਨ੍ਹਾਂ ਕਿਹਾ ਕਿ ਦਸ ਸਾਲਾਂ ਵਿੱਚ ਅਕਾਲੀਆਂ ਨੇ ਕਾਫ਼ੀ ਘਪਲੇ ਕੀਤੇ ਹਨ, ਜਿਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਸੂਬੇ ਵਿੱਚ ਰੇਤ ਅਤੇ ਬਜਰੀ ਦੇ ਰੇਟ ਵਧਣ ਬਾਰੇ ਉਨ੍ਹਾਂ ਕਿਹਾ ਕਿ ਛੇਤੀ 71 ਹੋਰ ਖੱਡਾਂ ਦੀ ਬੋਲੀ ਕੀਤੀ ਜਾਏਗੀ, ਜਿਸ ਨਾਲ ਰੇਟਾਂ ਵਿੱਚ ਕਮੀ ਆਏਗੀ।
ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਵਿੱਚ ਹੋਏ ਘਪਲਿਆਂ ਦਾ ਮੁੱਦਾ ਚੁੱਕਿਆ
ਡੇਰਾਬਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਸਬ ਡਿਵੀਜ਼ਨ ਦੀਆਂ ਤਿੰਨੋਂ ਨਗਰ ਕੌਂਸਲਾਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਹੋਣ ਦਾ ਮੁੱਦਾ ਮੁੱਖ ਮੰਤਰੀ ਸਾਹਮਣੇ ਚੁੱਕਿਆ। ਇਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਸ ਦੀ ਛੇਤੀ ਉੱਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਗੇ।

 

 

fbbg-image

Latest News
Magazine Archive