ਦਸੂਹਾ ਨੇੜੇ ਸਕੂਲੀ ਬੱਸ ਤੇ ਮਹਿੰਦਰਾ ਗੱਡੀ ਦੀ ਟੱਕਰ

ਤਿੰਨ ਬੱਚਿਆਂ ਤੇ ਡਰਾਈਵਰ ਦੀ ਮੌਤ; 12 ਬੱਚਿਆਂ ਸਮੇਤ 18 ਜਣੇ ਜ਼ਖ਼ਮੀ
 ਦਸੂਹਾ-ਹਾਜੀਪੁਰ ਸੜਕ ’ਤੇ ਪਿੰਡ ਸਿੰਘਪੁਰ ਨੇੜੇ ਸਕੂਲੀ ਬੱਸ ਅਤੇ ਮਹਿੰਦਰਾ ਪਿਕਅੱਪ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਤਿੰਨ ਬੱਚਿਆਂ ਤੇ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ 12 ਬੱਚੇ ਤੇ ਅੱਧੀ ਦਰਜਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8.30 ਵਜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਬੱਸ (ਪੀ.ਬੀ 07 ਵਾਈ-4480) ਵੱਖ ਵੱਖ ਪਿੰਡਾਂ ਤੋਂ ਕਰੀਬ 35 ਬੱਚਿਆਂ ਨੂੰ ਲੈ ਕੇ ਤਲਵਾੜਾ ਤੋਂ ਦਸੂਹਾ ਵੱਲ ਆ ਰਹੀ ਸੀ। ਬੱਸ ਵਿੱਚ ਦੋ ਨਿਗਰਾਨ ਵੀ ਸਵਾਰ ਸਨ ਅਤੇ ਇਸ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ। ਜਦੋਂ ਬੱਸ ਦਸੂਹਾ-ਹਾਜੀਪੁਰ ਰੋਡ ’ਤੇ ਪਿੰਡ ਸਿੰਘਪੁਰ ਨੇੜੇ ਪੁੱਜੀ ਤਾਂ ਦਸੂਹਾ ਵੱਲੋਂ ਤੇਜ਼ ਰਫ਼ਤਾਰ ਆ ਰਹੀ ਆਲੂਆਂ ਨਾਲ ਭਰੀ ਮਹਿੰਦਰਾ ਪਿਕਅੱਪ ਗੱਡੀ (ਪੀ.ਬੀ.07-ਏ.ਐਸ-7536) ਜਿਸ ਨੂੰ ਮਨਦੀਪ ਸਿੰਘ ਚਲਾ ਰਿਹਾ ਸੀ, ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਰਾਹਗੀਰਾਂ ਨੇ ਜ਼ਖ਼ਮੀ ਬੱਚਿਆਂ ਤੇ ਵਾਹਨ ਚਾਲਕਾਂ ਨੂੰ ਬਾਹਰ ਕੱਢਿਆ।
ਸੂਚਨਾ ਮਿਲਦੇ ਹੀ ਥਾਣਾ ਦਸੂਹਾ ਦੇ ਮੁਖੀ  ਪਰਮਦੀਪ ਸਿੰਘ ਤੇ ਥਾਣਾ ਹਾਜੀਪੁਰ ਦੇ ਮੁਖੀ  ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ, ਜਿੱਥੇ ਡਾਕਟਰੀ ਟੀਮਾਂ ਨੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਗੰਭੀਰ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਜਲੰਧਰ ਰੈਫਰ ਕਰ ਦਿੱਤਾ। ਮ੍ਰਿਤਕ ਬੱਚਿਆਂ ਦੀ ਪਛਾਣ ਤਨਿਸ਼ਕ ਪੁੱਤਰ ਅਨਿਲ  ਕੁਮਾਰ ਵਾਸੀ ਤਲਵਾੜਾ, ਸੁਰਭੀ ਪੁੱਤਰੀ ਰੋਹਿਤ ਸ਼ਰਮਾ, ਅਨਿਰੁਧ ਪੁੱਤਰ ਰੋਹਿਤ ਸ਼ਰਮਾ  ਵਾਸੀ ਤਲਵਾੜਾ ਤੇ ਬੱਸ ਚਾਲਕ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦੇਪਰ (ਦਤਾਰਪੁਰ)  ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਸ਼ਿਵਾਂਗੀ ਠਾਕੁਰ ਪੁੱਤਰੀ ਸੁਰੇਸ਼ ਕੁਮਾਰ, ਅਰਜੁਨ  ਪੁੱਤਰ ਕਸ਼ਯਪ, ਸਮੀਰ ਪੁੱਤਰ ਕੁਲਦੀਪ, ਸ਼ਿਵਾਨ ਠਾਕੁਰ, ਆਕੇਸ਼ ਕੁਮਾਰ ਪੁੱਤਰ ਹੁਸ਼ਿਆਰ  ਸਿੰਘ, ਪਲਕ ਸ਼ਰਮਾ ਪੁੱਤਰੀ ਅਮਿਤ ਸ਼ਰਮਾ, ਵਰਦਾਨ ਸ਼ਰਮਾ ਪੁੱਤਰ ਅਮਿਤ ਸ਼ਰਮਾ, ਨਵਯਾ ਪੁੱਤਰੀ  ਮਨੂੰ ਸ਼ਰਮਾ, ਰਾਕੇਸ਼ ਸ਼ਰਮਾ, ਅਰਾਧਿਆ, ਸਰਥਾਨ ਪੁੱਤਰ ਅਮਰਜੀਤ ਸਿੰਘ, ਕੰਡਕਟਰ ਰਾਕੇਸ਼  ਕੁਮਾਰ ਤੇ ਨਿਗਰਾਨ ਪ੍ਰਿਆ ਗੰਭੀਰ, ਮਨਦੀਪ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਜਲੰਧਰ ਦੇ  ਸ਼ਿਵਮ ਹਸਪਤਾਲ ਰੈਫਰ ਕਰ ਦਿੱਤਾ।
ਹਾਦਸੇ ਬਾਰੇ ਜਦੋਂ ਸਿਵਲ ਅਤੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਐਸ.ਪੀ (ਡੀ) ਹੁਸ਼ਿਆਰਪੁਰ ਅਮਰਜੀਤ ਸਿੰਘ ਮੰਡੇਰ, ਐਸਡੀਐੱਮ ਦਸੂਹਾ ਡਾ. ਹਿਮਾਂਸ਼ੂ ਅਗਰਵਾਲ, ਡੀਐਸਪੀ ਦਸੂਹਾ ਰਾਜਿੰਦਰ ਕੁਮਾਰ ਆਪਣੀਆਂ ਟੀਮਾਂ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਜਿੱਥੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ, ਉਥੇ ਜ਼ਖ਼ਮੀ ਬੱਚਿਆਂ ਅਤੇ ਵਿਅਕਤੀਆਂ ਦਾ ਹਾਲ-ਚਾਲ ਪੁੱਛਿਆ। ਐਸਡੀਐੱਮ ਡਾ. ਅਗਰਵਾਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇਗੀ।
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਵਿੱਚ ਤਿੰਨ ਸਕੂਲੀ ਬੱਚਿਆਂ ਅਤੇ ਡਰਾਈਵਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਜ਼ਖ਼ਮੀ ਬੱਚਿਆਂ ਦੇ ਮੁਫ਼ਤ ਇਲਾਜ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਵੀ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੁਸ਼ਿਆਰਪੁਰ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ।
ਹਾਦਸੇ ਦੀ ਖ਼ਬਰ ਸੁਣ ਕੇ ਮਹਿਲਾ ਦੀ ਮੌਤ
ਤਲਵਾੜਾ : ਹਾਜੀਪੁਰ-ਦਸੂਹਾ ਸੜਕ ’ਤੇ ਹਾਦਸੇ ਵਿੱਚ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਸੁਣ ਕੇ ਪਿੰਡ ਖਟਗੜ੍ਹ ਦੀ ਵਸਨੀਕ ਪੂਜਾ ਦੇਵੀ (32) ਪਤਨੀ ਪ੍ਰਦੀਪ ਸਿੰਘ ਦੀ  ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੂਜਾ ਦੇਵੀ ਦੇ ਦੋਵੇਂ  ਬੱਚੇ ਇਸ ਸਕੂਲ ਵਿੱਚ ਹੀ ਪੜ੍ਹਦੇ ਹਨ। ਇਸ ਦੌਰਾਨ ਤਿੰਨਾਂ ਬੱਚਿਆਂ ਦਾ ਅੱਜ ਇੱਕੋ ਥਾਂ ਸਸਕਾਰ  ਕੀਤਾ ਗਿਆ।

 

 

fbbg-image

Latest News
Magazine Archive