ਅਮਰੀਕਾ ’ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੱਤਿਆ

ਵਾਸ਼ਿੰਗਟਨ/ਨਵੀਂ ਦਿੱਲੀ - ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿੱਚ ਇਕ ਗੈਸ ਸਟੇਸ਼ਨ ਦੇ ਜਨਰਲ ਸਟੋਰ ਉਤੇ ਦੋ ਲੁਟੇਰਿਆਂ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਕਥਿਤ ਤੌਰ ਉਤੇ ਗੋਲੀ ਮਾਰ ਕੇ 26 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਕੱਲ੍ਹ ਵਿਕਰਮ ਜਰਿਆਲ, ਜੋ ਯਾਕਿਮਾ ਸਿਟੀ ਵਿੱਚ ਏਐਮ-ਪੀਐਮ ਗੈਸ ਸਟੇਸ਼ਨ ਦੇ ਸਟੋਰ ਉਤੇ ਕਲਰਕ ਵਜੋਂ ਕੰਮ ਕਰਦਾ ਸੀ, ਕਾਊਂਟਰ ਪਿੱਛੇ ਖੜ੍ਹਾ ਸੀ ਜਦੋਂ ਮੂੰਹ ਉਤੇ ਮਾਸਕ ਪਾਈ ਦੋ ਵਿਅਕਤੀ ਸਟੋਰ ਲੁੱਟਣ ਆਏ। ਪੁਲੀਸ ਨੇ ਦੱਸਿਆ ਕਿ ਕਲਰਕ ਨੇ ਸ਼ੱਕੀਆਂ ਨੂੰ ਰਾਸ਼ੀ ਫੜਾਈ ਪਰ ਉਨ੍ਹਾਂ ਵਿੱਚੋਂ ਇਕ ਨੇ ਉਸ ਉਤੇ ਗੋਲੀ ਦਾਗ ਦਿੱਤੀ। ਵਿਕਰਮ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਬਾਅਦ ਵਿੱਚ ਉਹ ਦਮ ਤੋੜ ਗਿਆ।
ਪੀੜਤ ਦੇ ਵੱਡੇ ਭਰਾ ਨੇ ਦੱਸਿਆ ਕਿ ਵਿਕਰਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜੰਡਵਾਲ ਤੋਂ ਸੀ ਅਤੇ ਮਹੀਨਾ ਪਹਿਲਾਂ ਹੀ ਅਮਰੀਕਾ ਸ਼ਿਫਟ ਹੋਇਆ ਸੀ। ਵਿਕਰਮ ਦੀ ਦੇਹ ਭਾਰਤ ਲਿਆਉਣ ਲਈ ਟਵਿੱਟਰ ਰਾਹੀਂ ਮਦਦ ਮੰਗੇ ਜਾਣ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ‘ਦਰਦਨਾਕ ਮੌਤ’ ਉਤੇ ਦੁੱਖ ਦਾ ਇਜ਼ਹਾਰ ਕੀਤਾ।   ਸਵਰਾਜ ਨੇ ਟਵੀਟ ਕੀਤਾ, ‘ਤੁਹਾਡੇ ਭਰਾ ਦੀ ਦਰਦਨਾਕ ਮੌਤ ਉਤੇ ਮੈਨੂੰ ਡੂੰਘਾ ਦੁੱਖ ਹੈ। ਮੈਂ ਅਮਰੀਕਾ ਵਿੱਚ ਭਾਰਤੀ ਸਫਾਰਤਖਾਨੇ  ਨੂੰ ਹਰ ਮਦਦ ਤੇ ਸਹਿਯੋਗ ਲਈ ਕਹਿ ਰਹੀ ਹਾਂ।’
ਐਨਬੀਸੀ ਰਾਈਟ ਨਾਓ ਚੈਨਲ ਨੇ ਪੁਲੀਸ ਦੇ ਹਵਾਲੇ ਨਾਲ ਦੱਸਿਆ, ‘ਪੁਲੀਸ ਅਧਿਕਾਰੀ ਇਸ ਵਾਰਦਾਤ ਦੇ ਕੁੱਝ ਸਮੇਂ ਬਾਅਦ ਮੌਕੇ ਉਤੇ ਪੁੱਜ ਗਏ ਅਤੇ ਪੀੜਤ ਨੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਪਰ ਇਸ ਤੋਂ ਕੁੱਝ ਸਮੇਂ ਬਾਅਦ ਉਹ ਹਸਪਤਾਲ ਵਿੱਚ ਦਮ ਤੋੜ ਗਿਆ।’ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਟੋਰ ਵਿੱਚੋਂ ਨਿਕਲਦੇ ਸਮੇਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਦੋ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਯਾਕਿਮਾ ਪੁਲੀਸ ਵਿਭਾਗ ਦੇ ਅਧਿਕਾਰੀ ਮਾਈਕ ਨੇ ਕਿਹਾ, ‘ਕਿਸੇ ਨੂੰ ਕੁੱਝ ਪਤਾ ਹੈ। ਕੋਈ ਇਨ੍ਹਾਂ ਲੋਕਾਂ ਨੂੰ ਜਾਣਦਾ ਹੈ। ਗੋਲੀ ਮਾਰਨ ਵਾਲੇ ਦੇ ਬਲੈਕ ਹੁੱਡ ਪਾਈ ਸੀ, ਜਿਸ ਦੇ ਪਿਛਲੇ ਪਾਸੇ ਸਫੇਦ ਨਿਸ਼ਾਨ ਸਨ।’
ਜੰਡਵਾਲ ’ਚ ਮਾਤਮੀ ਮਾਹੌਲ
ਮੁਕੇਰੀਆਂ - ਇੱਥੋਂ ਨੇੜਲੇ ਪਿੰਡ ਜੰਡਵਾਲ ਦੇ ਨੌਜਵਾਨ ਵਿਕਰਮ ਦੀ ਅਮਰੀਕਾ ਵਿੱਚ ਹੱਤਿਆ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ। ਪੁੱਤਰ ਦੀ ਮੌਤ ਬਾਰੇ ਸੁਣ ਕੇ ਮਾਤਾ ਪੂਨਮ ਤੇ ਪਿਤਾ ਪ੍ਰਸ਼ੋਤਮ ਜਰਿਆਲ ਦਾ ਬੁਰਾ ਹਾਲ ਸੀ। ਵਿਕਰਮ ਦੇ ਵੱਡੇ ਭਰਾ ਲਵਲੀ ਨੇ ਦੱਸਿਆ ਕਿ ਉਸ ਦਾ ਭਰਾ ਸਿੰਗਾਪੁਰ ਦੀ ਐਮਈਆਰਐਸਕੇ ਨਾਮੀਂ ਕੰਪਨੀ ’ਚ ਮਰਚੈਂਟ ਨੇਵੀ ’ਚ ਕੰਮ ਕਰਦਾ ਸੀ ਅਤੇ 14 ਮਾਰਚ 2017 ਨੂੰ ਇੰਟਰਵਿਊ ਪਾਸ ਕਰਕੇ ਅਮਰੀਕਾ ਗਿਆ ਸੀ, ਜਿਥੇ ਉਹ ਲੁਧਿਆਣਾ ਦੇ ਕਾਰੋਬਾਰੀਆਂ ਦੇ ਇੱਕ ਸਟੋਰ ’ਚ ਨੌਕਰੀ ਕਰਦਾ ਸੀ। ਕੱਲ੍ਹ ਰਾਤ ਤਕਰੀਬਨ 9 ਵਜੇ ਨਕਾਬਪੋਸ਼ ਲੁਟੇਰਿਆਂ ਨੇ ਨਕਦੀ ਲੁੱਟਣ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ। ਇਸ ਸਬੰਧੀ ਉਨ੍ਹਾਂ ਜਾਣਕਾਰੀ ਵਿਕਰਮ ਦੇ ਦੋਸਤਾਂ ਨੇ ਫੋਨ ’ਤੇ ਦਿੱਤੀ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਮਰੀਕਾ ’ਚ ਭਾਰਤੀਆਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਅਮਰੀਕਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।

 

 

fbbg-image

Latest News
Magazine Archive