ਅਲਵਰ ਘਟਨਾ: ਕੁਰੀਅਨ ਵੱਲੋਂ ਸਰਕਾਰ ਤੋਂ ਜਾਂਚ ਰਿਪੋਰਟ ਤਲਬ

ਅਜਿਹੀ ਕੋਈ ਘਟਨਾ ਨਹੀਂ ਹੋਈ: ਨਕਵੀ
ਨਵੀਂ ਦਿੱਲੀ - ਰਾਜ ਸਭਾ ਵਿੱਚ ਅੱਜ ਮੈਂਬਰਾਂ ਨੇ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿੱਚ ਗਊ ਰੱਖਿਅਕਾਂ ਵੱਲੋਂ ਇਕ ਵਿਅਕਤੀ ਦੀ ਹੱਤਿਆ ਕੀਤੇ ਜਾਣ ’ਤੇ ਚਿੰਤਾ ਜ਼ਾਹਿਰ ਕੀਤੀ। ਇਸ ’ਤੇ ਉਪ ਸਭਾਪਤੀ ਪੀ ਜੇ ਕੁਰੀਅਨ ਨੇ ਸਰਕਾਰ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਤੇ ਸਦਨ ਨੂੰ ਤੱਥਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਸਿਫਰ ਕਾਲ ਦੌਰਾਨ ਕਾਂਗਰਸੀ ਮੈਂਬਰ ਮਧੂਸੂਦਨ ਮਿਸਤਰੀ ਨੇ ਕਿਹਾ, ‘ਰਾਜਸਥਾਨ ਵਿੱਚ ਮੁਕੰਮਲ ਤੌਰ ’ਤੇ ਕਾਨੂੰਨ ਦੀ ਹਾਲਤ ਨਿੱਘਰ ਗਈ ਹੈ ਅਤੇ ਗਊ ਰੱਖਿਅਕਾਂ ਦੇ ਗੈਂਗ ਨੇ ਪਸ਼ੂਆਂ ਵਾਲੇ ਇਕ ਟਰੱਕ ਨੂੰ ਰੋਕ ਲਿਆ ਅਤੇ ‘ਹਿੰਦੂ’ ਟਰੱਕ ਚਾਲਕ ਨੂੰ ਛੱਡਣ ਬਾਅਦ ਚਾਰ ਜਣਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਨ੍ਹਾਂ ਵਿੱਚੋਂ ਇਕ ਵਿਅਕਤੀ ਬਾਅਦ ’ਚ ਦਮ ਤੋੜ ਗਿਆ।’
ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ ਪਰ ‘ਅਜਿਹੀ ਕੋਈ ਘਟਨਾ ਨਹੀਂ ਹੋਈ, ਜਿਸ ਤਰ੍ਹਾਂ ਇਥੇ ਪੇਸ਼ ਕੀਤੀ ਜਾ ਰਹੀ ਹੈ। ਇਹ ਸੰਦੇਸ਼ ਨਹੀਂ ਦੇਣਾ ਚਾਹੀਦਾ ਕਿ ਸਦਨ ਵੱਲੋਂ ਗਊ ਹੱਤਿਆ ਦਾ ਸਮਰਥਨ ਕੀਤਾ ਜਾਂਦਾ ਹੈ। ਸੂਬਾਈ ਸਰਕਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।’ ਇਸ ’ਤੇ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ, ‘ਮੈਨੂੰ ਬਹੁਤ ਅਫਸੋਸ ਹੈ ਕਿ ਮੰਤਰੀ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਇਥੋਂ ਤਕ ਕਿ ‘ਨਿਊਯਾਰਕ ਟਾਈਮਜ਼’ ਨੇ ਇਸ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਅਤੇ ਮੰਤਰੀ ਨੂੰ ਪਤਾ ਹੀ ਨਹੀਂ।’ ਉਪ ਸਭਾਪਤੀ ਨੇ ਕਿਹਾ, ‘ਮੈਂ ਇਸ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਜਾਂਚ ਲਈ ਕਹਿਣ ਅਤੇ ਸਦਨ ਨੂੰ ਰਿਪੋਰਟ ਦੇਣ ਲਈ ਕਹਿੰਦਾ ਹਾਂ। ਮੈਂ ਇਸ ਬਾਰੇ ਸੱਚ ਜਾਣਨਾ ਚਾਹੁੰਦਾ ਹਾਂ।’ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਉਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਅਸਹਿਮਤ ਹੋਣ ਵਾਲਿਆਂ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਹੈ ਅਤੇ ਵੱਡੇ ਪੱਧਰ ’ਤੇ ਅਜਿਹੀਆਂ ਘਟਨਾਵਾਂ ਉਦੋਂ ਹੁੰਦੀਆਂ ਹਨ ਜਦੋਂ ਸਰਕਾਰ ਦੀ ਗੁੱਪ-ਚੁੱਪ ਸਹਿਮਤੀ ਹੁੰਦੀ ਹੈ।

 

 

fbbg-image

Latest News
Magazine Archive