ਧੂਰੀ ਨੇੜੇ ਕੋਲਡ ਸਟੋਰ ’ਚ ਧਮਾਕਾ, ਚਾਰ ਹਲਾਕ


 

ਧੂਰੀ - ਧੂਰੀ-ਸ਼ੇਰਪੁਰ ਸੜਕ ਉਤੇ ਆਲੂਆਂ ਦੇ ਭਰੇ ਕੋਲਡ ਸਟੋਰ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਪਿਉ-ਪੁੱਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਜ਼ਬਰਦਸਤ ਧਮਾਕੇ ਕਾਰਨ ਕੋਲਡ ਸਟੋਰ ਵਿੱਚ ਪਏ ਮਾਲ ਨੂੰ ਅੱਗ ਲੱਗ ਗਈ ਅਤੇ ਛੱਤਾਂ ਡਿੱਗਣ ਕਾਰਨ ਕੰਮ ਕਰਦੇ ਮਜ਼ਦੂਰ ਅਤੇ ਆਪਣੇ ਆਲੂ ਰੱਖਣ ਆਏ ਕਿਸਾਨ ਲਪੇਟ ਵਿੱਚ ਆ ਗਏ।
ਖ਼ਬਰ ਲਿਖੇ ਜਾਣ ਤੱਕ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਸੀ। ਇਸ ਦੌਰਾਨ ਪਰਮਜੀਤ ਸਿੰਘ ਉਰਫ ਪੱਪੀ ਪੁੱਤਰ ਕਿਸ਼ੋਰੀ ਲਾਲ ਤੇ ਰਾਜਨ (ਦੋਵੇਂ ਪਿਉ-ਪੁੱਤ, ਵਾਸੀ ਖ਼ੁਰਦ), ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੇਖਾ (ਪਾਇਲ) ਤੇ ਪਿੰਟੂ ਪੁੱਤਰ ਅਵਤਾਰ ਸਿੰਘ ਵਾਸੀ ਜਹਾਂਗੀਰ ਨੂੰ ਮ੍ਰਿਤਕ ਹਾਲਤ ’ਚ ਮਲਬੇ ਹੇਠੋਂ ਕੱਢਿਆ ਗਿਆ। ਮਲਬੇ ਹੇਠ ਦੱਬਣ ਅਤੇ ਗੈਸ ਚੜ੍ਹਨ ਕਾਰਨ 15 ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ’ਚੋ ਛੇ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਤੇ ਚਾਰ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ। ਬਾਕੀ ਜ਼ਖਮੀ ਸਿਵਲ ਹਸਪਤਾਲ ਵਿਖੇ ਜ਼ੇਰੇ-ਇਲਾਜ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10.30 ਵਜੇ ਧੂਰੀ-ਸ਼ੇਰਪੁਰ ਰੋਡ ’ਤੇ ਓਵਰਬ੍ਰਿਜ ਨੇੜੇ ਸਥਿਤ ਗੁਰੂ ਨਾਨਕ ਕੋਲਡ ਸਟੋਰ ਵਿਖੇ ਅਚਾਨਕ ਕਿਸੇ ਗੈਸ ਕਾਰਨ ਵੱਡਾ ਧਮਾਕਾ ਹੋਇਆ ਅਤੇ ਦੇਖਦਿਆਂ ਹੀ ਕੋਲਡ ਸਟੋਰ ਦੀ ਛੇ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ ਅਤੇ ਕੋਲਡ ਸਟੋਰ ਅੰਦਰ ਕੰਮ ਕਰਦੇ ਲੋਕ ਮਲਬੇ ਹੇਠ ਦੱਬੇ ਗਏ। ਧਮਾਕਾ ਇੰਨਾ ਭਿਆਨਕ ਸੀ ਕਿ ਕਾਫੀ ਦੂਰ ਤੱਕ ਗੈਸ ਦਾ ਪ੍ਰਭਾਵ ਮਹਿਸੂਸ ਕੀਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਸੰਗਰੂਰ ਅਮਰ ਪ੍ਰਤਾਪ ਸਿੰਘ, ਐਸਐਸਪੀ ਇੰਦਰਬੀਰ ਸਿੰਘ, ਐਸਡੀਐਮ ਧੂਰੀ ਅਮਰਿੰਦਰ ਸਿੰਘ ਟਿਵਾਣਾ ਤੇ ਡੀਐਸਪੀ ਧੂਰੀ ਕਰਨਸ਼ੇਰ ਸਿੰਘ, ਐਸਐਚਓ ਸਿਟੀ ਹਰਜਿੰਦਰ ਸਿੰਘ, ਕਾਰਜਸਾਧਕ ਅਫ਼ਸਰ ਅਮਰੀਕ ਸਿੰਘ ਕਲੇਰ ਭਾਰੀ ਪੁਲੀਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਮੌਕੇ ’ਤੇ ਪੁੱਜੇ।
ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨਾਂ, ਫਾਇਰ ਬ੍ਰਿਗੇਡ, ਐਂਬੂਲੈਂਸਾਂ ਆਦਿ ਮੰਗਵਾਈਆਂ ਗਈਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਲਬਾ ਹਟਾ ਕੇ ਲੋਕਾਂ ਨੂੰ ਕੱਢਣ ਲਈ ਯਤਨ ਆਰੰਭੇ ਗਏ।
ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ‘ਆਪ’ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਨਗਰ ਕੌਂਸਲ ਪ੍ਰਧਾਨ ਪ੍ਰਸ਼ੋਤਮ ਕਾਂਸਲ ਅਤੇ ਅਮਰੀਕ ਕਾਲਾ, ਸੁਰਿੰਦਰ ਗੋਇਲ ਬਾਂਗਰੂ ਤੇ ਸੰਜੇ ਜਿੰਦਲ (ਤਿੰਨੋਂ ਕੌਂਸਲਰ) ਵੀ ਮੌਕੇ ’ਤੇ ਪੁੱਜੇ। ਸਿਵਲ ਹਸਪਤਾਲ ’ਚ ਸਿਵਲ ਸਰਜਨ ਸੁਬੋਧ ਗੁਪਤਾ ਨੇ ਵੀ ਮੌਕਾ ਦਾ ਜਾਇਜ਼ਾ ਲਿਆ। ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।
ਡੀਸੀ ਵੱਲੋਂ ਐਸਡੀਐਮ ਨੂੰ ਜਾਂਚ ਦੇ ਹੁਕਮ
ਸੰਗਰੂਰ - ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਐਸਡੀਐਮ ਧੂਰੀ ਨੂੰ ਅੱਜ ਧੂਰੀ ਵਿਖੇ ਆਲੂਆਂ ਦੇ ਕੋਲਡ ਸਟੋਰ ਵਿੱਚ ਹੋਏ ਧਮਾਕੇ ਦੇ ਕਾਰਨਾਂ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਹਨ। ਡੀਸੀ ਨੇ ਦੱਸਿਆ ਕਿ ਇਸ ਦੁਖਾਂਤਕ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪੀੜਤਾਂ ਦੀ ਮਦਦ ਲਈ ਫੌਰੀ ਵੱਖ-ਵੱਖ ਰਾਹਤ ਟੀਮਾਂ ਮੌਕੇ ’ਤੇ ਪੁੱਜ ਗਈਆਂ। ਮਲਬੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਐਨਡੀਆਰਐਫ਼, ਐਸਡੀਆਰਐਫ਼ ਸਮੇਤ ਹੋਰ ਰਾਹਤ ਟੀਮਾਂ, ਕਰੇਨਾਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਗਈ। ਉਨ੍ਹਾਂ ਦੱਸਿਆ ਕਿ ਐਸਡੀਐਮ ਧੂਰੀ ਅਮਰਿੰਦਰ ਸਿੰਘ ਨੂੰ ਆਪਣੀ ਜਾਂਚ ਰਿਪੋਰਟ ਛੇਤੀ ਸੌਂਪਣ ਦੀ ਹਦਾਇਤ ਕੀਤੀ ਗਈ ਹੈ। ਜੋ ਵੀ ਇਸ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਇਲਾਜ ਕੀਤਾ ਜਾਵੇਗਾ।
ਕੋਲਡ ਸਟੋਰ ਨੇੜਲਾ ਘਰ ਵੀ ਡਿੱਗਾ
ਧੂਰੀ:- ਧਮਾਕੇ ਕਾਰਨ ਕੋਲਡ ਸਟੋਰ ਨੇੜਲਾ ਇਕ ਘਰ ਵੀ ਢਹਿ ਗਿਆ ਅਤੇ ਘਰ ਦੀ ਮਾਲਕਣ ਅਮਰਜੀਤ ਕੌਰ ਪਤਨੀ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਈ, ਜੋ ਸਰਕਾਰੀ ਹਸਪਤਾਲ ਵਿਖੇ ਦਾਖਲ ਹੈ। ਉਸ ਨੇ ਹਸਪਤਾਲ ’ਚ ਦੱਸਿਆ ਕਿ ਧਮਾਕੇ ਕਾਰਨ ਉਸ ਦਾ ਘਰ ਢਹਿ ਗਿਆ ਅਤੇ ਉਹ ਮਲਬੇ ਹੇਠ ਦੱਬ ਗਈ। ਉਸ ਨੂੰ ਉਸ ਦੇ ਪਤੀ ਅਤੇ ਹੋਰ ਲੋਕਾਂ ਨੇ ਕੱਢ ਕੇ ਹਸਪਤਾਲ ਦਾਖਲ ਕਰਾਇਆ। ਉਸ ਦਾ ਭਤੀਜਾ ਗੁਰਬਿੰਦਰ ਸਿੰਘ ਧਮਾਕੇ ਕਾਰਨ ਬੇਹੋਸ਼ ਹੋ ਗਿਆ ਸੀ। ਉਸ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮਿ੍ਤਕਾਂ ਦੇ ਵਾਰਸਾਂ ਲਈ ਇੱਕ ਇੱਕ ਲੱਖ ਦੀ ਮਾਲੀ ਮਦਦ ਦਾ ਐਲਾਨ
ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਿੱਚ ਇਕ ਕੋਲਡ ਸਟੋਰ ਵਿੱਚ ਧਮਾਕੇ ਨਾਲ ਚਾਰ ਵਿਅਕਤੀਆਂ ਦੀ ਮੌਤ ਅਤੇ 15 ਦੇ ਜ਼ਖ਼ਮੀ ਹੋ ਜਾਣ ’ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਚਾਅ ਤੇ ਰਾਹਤ ਕਾਰਜਾਂ ਲਈ ਤੁਰੰਤ ਕਦਮ ਚੁੱਕਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਕਹੇਰੂ ਪਿੰਡ ਦੇ ਹਰਜਿੰਦਰ ਸਿੰਘ ਦੀ ਮਾਲਕੀ ਵਾਲੇ ਗੁਰੂ ਨਾਨਕ ਕੋਲਡ ਸਟੋਰ ਵਿੱਚ ਧਮਾਕਾ ਅਮੋਨੀਆ ਗੈਸ ਦਾ ਅਚਾਨਕ ਬਹੁਤ ਜ਼ਿਆਦਾ ਰਿਸਾਅ ਹੋਣ ਕਾਰਨ ਹੋਇਆ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਂਚ ਕਰ ਕੇ ਜ਼ਿੰਮੇਵਾਰੀ ਤੈਅ ਕਰਨ ਦੇ ਹੁਕਮ ਵੀ ਦਿੱਤੇ।

 

 

fbbg-image

Latest News
Magazine Archive