ਅਮਰੀਕਾ ਵਿੱਚ ਸਿੱਖਾਂ ਉੱਪਰ ਨਸਲੀ ਹਮਲੇ ਵਧੇ

ਜਿਸਮਾਨੀ ਹਮਲਿਆਂ ਤੋਂ ਇਲਾਵਾ ਧਮਕੀਆਂ ਅਤੇ ਚਿਤਾਵਨੀਆਂ ਦੀਆਂ ਘਟਨਾਵਾਂ ’ਚ ਇਜ਼ਾਫਾ
ਵਾਸ਼ਿੰਗਟਨ - ਅਮਰੀਕਾ ਵਿੱਚ ਭਾਰਤੀ-ਅਮਰੀਕੀਆਂ ਖ਼ਿਲਾਫ਼ ਨਸਲੀ ਅਪਰਾਧਾਂ ਦੀਆਂ ਵਧ ਰਹੀਆਂ ਘਟਨਾਵਾਂ ਤੋਂ ਸਿੱਖ ਵੀ ਵਿਰਵੇ ਨਹੀਂ ਹਨ। ਸਿੱਖ ਭਾਈਚਾਰੇ ਵਿਰੁੱਧ ਹਿੰਸਕ ਧਮਕੀਆਂ ਤੇ ਜਿੱਚ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ।
‘ਏਬੀਸੀ ਟੈਲੀਵਿਜ਼ਨ ਨੈੱਟਵਰਕ’ ਨਾਲ ਸਬੰਧਤ ‘ਦਿਇੰਡੀਚੈਨਲਡੌਟਕਾਮ’ ਮੁਤਾਬਕ ‘ਸਿੱਖਸ ਪੁਲੀਟੀਕਲ ਐਕਸ਼ਨ ਕਮੇਟੀ’ (ਸਿੱਖਸਪੀਏਸੀ) ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਤੱਕ ਇੰਡੀਆਨਾ ਰਾਜ ਵਿੱਚ ਸਿੱਖਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਬੁਰਛਾਗਰਦੀ ਦੀਆਂ ਦੋ-ਦੋ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਰਿਪੋਰਟ ਅਨੁਸਾਰ ਫਿਸ਼ਰਜ਼ ਸਿਟੀ ਦੀ ਇਕ ਘਟਨਾ ਵਿੱਚ ਬੰਦੂਕਧਾਰੀ ਨੇ ਇਕ ਸਿੱਖ ਨੂੰ ਸਿੱਧੀ ਧਮਕੀ ਦਿੱਤੀ ਹੈ।
ਸ੍ਰੀ ਖ਼ਾਲਸਾ ਨੇ ਕਿਹਾ ਕਿ ‘‘ਕਿਸੇ ਨੇ ਇਕ ਸਿੱਖ ਨੂੰ ਬੰਦੂਕ ਦਿਖਾਈ ਅਤੇ ਪੁੱਛਿਆ ਕਿ ਤੂੰ ਕੌਣ ਹੈ? ਕਿਹੜੇ ਮੁਲਕ ਨਾਲ ਸਬੰਧਤ ਹੈ?’’ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਧਮਕਾਉਣ ਦੀਆਂ ਕਈ ਹੋਰ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਸਿੱਖ ਅਮਰੀਕਨ ਫਿਜ਼ੀਸ਼ੀਅਨ ਅਮਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਪਿਛਲੇ ਹਫ਼ਤੇ ਮੋਬਾਈਲ ’ਤੇ ਸਿੱਧੀ ਧਮਕੀ ਵਾਲਾ ਸੰਦੇਸ਼ ਮਿਲਿਆ। ਉਹ ਸਮਝ ਨਹੀਂ ਪਾ ਰਿਹਾ ਕਿ ਅਮਰੀਕਾ ਵਿੱਚ ਸਿੱਖਾਂ ਨਾਲ ਇਹ ਵਰਤਾਰਾ ਕਿਉਂ ਵਾਪਰ ਰਿਹਾ ਹੈ। ਧਮਕੀਆਂ ਮਗਰੋਂ ਉਹ ਆਪਣੇ ਪਰਿਵਾਰ ਤੇ ਮਰੀਜ਼ਾਂ ਦੀ ਸੁਰੱਖਿਆ ਪੱਖੋਂ ਚਿੰਤਤ ਹੈ। ਉਸ ਨੇ ਕਿਹਾ ਕਿ ਖ਼ਾਸ ਤੌਰ ’ਤੇ ਜਦੋਂ ਤੁਹਾਡਾ ਪਰਿਵਾਰ ਤੇ ਬੱਚੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਬਾਰੇ ਡਰ ਦੀ ਭਾਵਨਾ ਮਨ ਵਿੱਚ ਆਉਂਦੀ ਹੈ।
ਅਮਨਦੀਪ ਸਿੰਘ ਨੇ ਕਿਹਾ, ‘‘ਮੈਂ ਇੱਥੇ 14 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਪਹਿਲਾਂ ਕਦੇ ਅਜਿਹਾ ਤਜਰਬਾ ਨਹੀਂ ਹੋਇਆ। ਮੇਰਾ ਕੰਮ ਲੋਕਾਂ ਦੀ ਸੇਵਾ ਹੈ। ਰੋਜ਼ਾਨਾ ਮੈਂ ਲੋਕਾਂ ਦੀ ਸੇਵਾ ਲਈ ਜਾਂਦਾ ਹਾਂ। ਮੇਰੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਫਿਰ ਵੀ ਮੇਰੇ ਬਾਰੇ ਕਿਸੇ ਦੇ ਦਿਮਾਗ ਵਿੱਚ ਅਜਿਹੀ ਗੱਲ ਆਈ।’’ ਸਿੱਖਸਪੀਏਸੀ ਨੇ ਇਸ ਬਾਰੇ ਅਮਰੀਕੀ ਅਟਾਰਨੀ ਜਨਰਲ ਦੇ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਜਥੇਬੰਦੀ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਨ੍ਹਾਂ ਧਮਕੀਆਂ ਬਾਰੇ ਜਾਂਚ ਚੱਲ ਰਹੀ ਹੈ। ਅਮਰੀਕਾ ਦੇ ਪੰਜ ਸੂਬਿਆਂ ਵਿੱਚੋਂ ਸਿਰਫ਼ ਇੰਡੀਆਨਾ ਅਜਿਹਾ ਸੂਬਾ ਹੈ, ਜਿੱਥੇ ਨਸਲੀ ਅਪਰਾਧ ਵਿਰੋਧੀ ਕਾਨੂੰਨ ਨਹੀਂ ਹੈ।
ਸ੍ਰੀ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ‘‘11 ਸਤੰਬਰ ਮਗਰੋਂ ਵੀ ਸਿੱਖ ਭਾਈਚਾਰੇ ਵਿਰੁੱਧ ਹਿੰਸਾ ਅਤੇ ਧਮਕੀਆਂ ਵਿੱਚ ਵਾਧਾ ਹੋਇਆ ਸੀ। ਅਸੀਂ ਇਸ ਮੁਲਕ ਨੂੰ ਪਿਆਰ ਕਰਦੇ ਹਾਂ। ਇਸੇ ਕਾਰਨ ਅਸੀਂ ਇੱਥੇ ਹਾਂ।’’ ਕੈਨਸਾਸ ਤੇ ਦੱਖਣੀ ਕੈਰੋਲੀਨਾ ਵਿੱਚ ਵੀ ਸਿੱਖਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸਿੱਖ ਕਾਰੋਬਾਰੀਆਂ ਨੇ ਆਪਣੇ ਕਾਰੋਬਾਰਾਂ ਵਾਲੀਆਂ ਥਾਵਾਂ ’ਤੇ ਬੁਰਛਾਗਰਦੀ ਅਤੇ ਧਮਕੀਆਂ ਮਿਲਣ ਬਾਰੇ ਦੱਸਿਆ ਹੈ।
ਕੁਝ ਹਫ਼ਤੇ ਪਹਿਲਾਂ ਕੈਨਸਾਸ ਵਿੱਚ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਅਮਰੀਕੀ ਜਲ ਸੈਨਾ ਦੇ ਸਾਬਕਾ ਜਵਾਨ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਸ਼ਿੰਗਟਨ ਰਾਜ ਵਿੱਚ ਡਰਾਈਵਵੇਅ ਉਤੇ ਮਾਰਚ ਮਹੀਨੇ ਦੇ ਸ਼ੁਰੂ ਵਿੱਚ 39 ਸਾਲਾ ਸਿੱਖ ਨੂੰ ਗੋਲੀ ਮਾਰ ਦਿੱਤੀ ਗਈ ਸੀ। ਬੰਦੂਕਧਾਰੀ ਨੇ ਗੋਲੀ ਮਾਰਨ ਤੋਂ ਪਹਿਲਾਂ ਉਸ ਨੂੰ ਚੀਕ ਕੇ ਆਖਿਆ ਸੀ ‘‘ਆਪਣੇ ਮੁਲਕ ਵਾਪਸ ਚਲੇ ਜਾਓ।’’

 

 

fbbg-image

Latest News
Magazine Archive