ਲੋਕ ਸਭਾ ਵੱਲੋਂ ਵਿੱਤ ਬਿੱਲ 2017 ਮਨਜ਼ੂਰ

ਰਾਜ ਸਭਾ ਵੱਲੋਂ ਸੁਝਾਈਆਂ ਪੰਜ ਸੋਧਾਂ ਨੂੰ ਕੀਤਾ ਰੱਦ; ਜੇਤਲੀ ਨੇ ਕਾਂਗਰਸ ਨੂੰ ਲਾਏ ਰਗੜੇ
ਨਵੀਂ ਦਿੱਲੀ - ਰਾਜ ਸਭਾ ਵੱਲੋਂ ਪੇਸ਼ ਪੰਜ ਸੋਧਾਂ ਨੂੰ ਰੱਦ ਕਰਨ ਮਗਰੋਂ ਲੋਕ ਸਭਾ ਨੇ ਅੱਜ ਵਿੱਤ ਬਿੱਲ 2017 ਨੂੰ ਮਨਜ਼ੂਰ ਕਰ ਲਿਆ। ਸੰਸਦ ਦੇ ਉੱਪਰਲੇ ਸਦਨ ਨੇ ਸਿਆਸੀ ਪਾਰਟੀਆਂ ਨੂੰ ਕੰਪਨੀਆਂ ਤੋਂ ਦਾਨ ਲੈਣ ਦੀ ਹੱਦ ਤੈਅ ਕਰਨ ਅਤੇ ਕਰਦਾਤਾਵਾਂ ਨੂੰ ਹੋਰ ਤਾਕਤਾਂ ਦੇਣ ਤੋਂ ਰੋਕਣ ਸਬੰਧੀ ਤਜਵੀਜ਼ਾਂ ਪੇਸ਼ ਕੀਤੀਆਂ ਸਨ।
ਰਾਜ ਸਭਾ ਵੱਲੋਂ ਪਾਸ ਸੋਧਾਂ ਬਾਰੇ ਬਹਿਸ ਸਮੇਟਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਨ੍ਹਾਂ ਨੂੰ ਸਰਕਾਰ ਮਨਜ਼ੂਰ ਨਹੀਂ ਕਰ ਸਕਦੀ ਪਰ ਚੋਣ ਫੰਡਿੰਗ ਨੂੰ ਵੱਧ ਸਾਫ਼ ਸੁਥਰਾ ਤੇ ਪਾਰਦਰਸ਼ੀ ਬਣਾਉਣ ਲਈ ਕਾਂਗਰਸ ਤੇ ਬੀਜੇਡੀ ਸਣੇ ਸਿਆਸੀ ਪਾਰਟੀਆਂ ਤੋਂ ਸੁਝਾਵਾਂ ਦਾ ਸਵਾਗਤ ਹੈ। ਲੋਕ ਸਭਾ ਨੇ ਬਾਅਦ ਵਿੱਚ ਰਾਜ ਸਭਾ ਦੀਆਂ ਸੋਧਾਂ ਨੂੰ ਜ਼ੁਬਾਨੀ ਵੋਟ ਨਾਲ ਰੱਦ ਕਰ ਦਿੱਤਾ। ਇਸ ਤਰ੍ਹਾਂ ਵਿੱਤ ਬਿੱਲ 2017 ਪਾਸ ਹੋ ਗਿਆ ਅਤੇ ਸਾਲ 2017-18 ਲਈ ਬਜਟ ਕਵਾਇਦ ਵੀ ਮੁਕੰਮਲ ਹੋ ਗਈ।
ਸ੍ਰੀ ਜੇਤਲੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਮਿਲਦੇ ਦਾਨ ਦੀ ਜ਼ਿਆਦਾ ਰਕਮ ਕਾਲਾ ਧਨ ਹੁੰਦਾ ਹੈ ਅਤੇ ਇਸ ਖੇਤਰ ਵਿੱਚ ਪਾਰਦਰਸ਼ੀ ਪਹੁੰਚ ਦੀ ਮੁਕੰਮਲ ਘਾਟ ਹੈ। ਬਜਟ ਤਜਵੀਜ਼ ਦਾ ਪੱਖ ਪੂਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਲਈ ਇਹ ਸੋਧ ਮਨਜ਼ੂਰ ਕਰਨਾ ਸੰਭਵ ਨਹੀਂ ਕਿਉਂਕਿ ਇਹ ਸਿਆਸੀ ਪਾਰਟੀਆਂ ਦੇ ਦਾਨੀਆਂ ਦੀ ਗਿਣਤੀ ਸੀਮਤ ਕਰੇਗੀ। ਉਨ੍ਹਾਂ ਕਿਹਾ ਕਿ ‘‘ਇਹ ਕੁਰੱਖ਼ਤ ਹਕੀਕਤ ਹੈ ਕਿ ਅਸੀਂ ਅਣਐਲਾਨੇ ਪੈਸੇ ਦੇ ਆਧਾਰ ਉਤੇ ਸਿਆਸਤ ਜਾਰੀ ਰੱਖਣੀ ਚਾਹੁੰਦੇ ਹਾਂ ਕਿਉਂਕਿ ਜੇ ਅਸੀਂ ਐਲਾਨੇ ਪੈਸੇ ਦੇ ਆਧਾਰ ਉਤੇ ਸਿਆਸਤ ਕਰਦੇ ਹਾਂ ਤਾਂ ਕੋਈ ਵੀ ਸੰਪਾਦਕੀ ਲਿਖ ਸਕਦਾ ਹੈ। ਅਸੀਂ ਜੋ ਵੀ ਹੱਲ ਪੇਸ਼ ਕਰਾਂਗੇ, ਉਸ ਨਾਲ ਸਮੱਸਿਆ ਜ਼ਰੂਰ ਹੋਵੇਗੀ।’’
ਵਿੱਤ ਮੰਤਰੀ ਨੇ ਕਿਹਾ ਕਿ ‘‘ਅੱਜ ਅਸੀਂ ਚੈੱਕ ਰਾਹੀਂ ਦਾਨ ਪ੍ਰਾਪਤ ਕਰਨ ਦਾ ਬਦਲ ਦਿੱਤਾ ਹੈ। ਇਹ ਮੁਕੰਮਲ ਤੌਰ ’ਤੇ ਪਾਰਦਰਸ਼ੀ ਹੈ। ਦੋ ਹਜ਼ਾਰ ਤੋਂ ਘੱਟ ਦਾਨ ਨਕਦ ਲਿਆ ਜਾ ਸਕਦਾ ਹੈ। ਤੁਸੀਂ ਆਨਲਾਈਨ ਵੀ ਦਾਨ ਹਾਸਲ ਕਰ ਸਕਦੇ ਹੋ। ਬਾਂਡ ਦੀ ਸ਼ਕਲ ਵਿੱਚ ਵੀ ਦਾਨ ਲਿਆ ਜਾ ਸਕਦਾ ਹੈ, ਜੋ ਸਫੈਦ ਧਨ ਹੈ।’’ ਰਾਜ ਸਭਾ ਵੱਲੋਂ ਕਰਦਾਤਾਵਾਂ ਬਾਰੇ ਤਜਵੀਜ਼ ਕੀਤੀਆਂ ਸੋਧਾਂ ਸਬੰਧੀ ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਜਾਰੀ ਰਹੇਗੀ ਅਤੇ ਵਿਸਲ ਬਲੋਅਰ ਦੀ ਰੱਖਿਆ ਲਈ ਸਰਕਾਰ ਨੇ ਇਸ ਬਿੱਲ ਵਿੱਚ ਸਪੱਸ਼ਟ ਕੀਤਾ ਹੈ ਕਿ ਜਾਂਚ ਦੇ ਨਿਸ਼ਾਨੇ ਵਾਲੇ ਵਿਅਕਤੀ ਨੂੰ ‘ਸੰਤੁਸ਼ਟੀ ਨੋਟ’ ਨਹੀਂ ਦਿੱਤਾ ਜਾਵੇਗਾ। ਸ੍ਰੀ ਜੇਤਲੀ ਨੇ ਕਿਹਾ ਕਿ 1961 ਦੇ ਬਾਅਦ ਤੋਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਜਾਂਚ ਦੇ ਨਿਸ਼ਾਨੇ ’ਤੇ ਆਏ ਵਿਅਕਤੀ ਕੋਲ ਟੈਕਸ ਚੋਰੀ ਸਬੰਧੀ ਜਾਂਚ ਦੇ ਆਧਾਰ ਉਤੇ ਤਿਆਰ ‘ਸੰਤੁਸ਼ਟੀ ਨੋਟ’ ਬਾਰੇ ਖੁਲਾਸਾ ਕੀਤਾ ਗਿਆ ਹੋਵੇ। ਇਹ ਕੇਸ ਲਈ ਮਾਰੂ ਹੋਵੇਗਾ। ਅਜਿਹੀ ਜਾਣਕਾਰੀ ਸਿਰਫ਼ ਅਦਾਲਤਾਂ ਨੂੰ ਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਚੋਣ ਬਾਂਡਾਂ ਬਾਰੇ ਉਨ੍ਹਾਂ ਨੂੰ ਕੋਈ ਸਮੱਸਿਆ ਸੀ ਤਾਂ ਉਹ ਚੈੱਕਾਂ ਰਾਹੀਂ ਦਾਨ ਸਵੀਕਾਰ ਕਰਨਾ ਜਾਰੀ ਰੱਖ ਸਕਦੇ ਹਨ। ਇਸ ਨਾਲ ਪਤਾ ਚੱਲੇਗਾ ਕਿ ਕਿੰਨੇ ਲੋਕ ਉਨ੍ਹਾਂ ਨੂੰ ਦਾਨ ਦਿੰਦੇ ਹਨ। ਸਰਕਾਰ ਨੂੰ ਕੱਲ੍ਹ ਰਾਜ ਸਭਾ ਵਿੱਚ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਵਿੱਤ ਬਿੱਲ ਬਾਰੇ ਕਾਂਗਰਸ ਤੇ ਸੀਪੀਐਮ ਵੱਲੋਂ ਪੇਸ਼ ਪੰਜ ਸੋਧਾਂ ਨੂੰ ਸਦਨ ਦੀ ਮਨਜ਼ੂਰੀ ਮਿਲ ਗਈ ਸੀ।

 

 

fbbg-image

Latest News
Magazine Archive