ਨਡਾਲ ਸੈਮੀ ਫਾਈਨਲ ’ਚ; ਟੱਕਰ ਫੋਗਨੀਨੀ ਨਾਲ

ਮਿਆਮੀ - ਸਪੇਨ ਦੇ ਰਾਫੇਲ ਨਡਾਲ ਨੇ ਅਮਰੀਕਾ ਦੇ ਜੈਕ ਸਾਕ ਨੂੰ ਲਗਾਤਾਰ ਸੈੱਟਾਂ ਵਿੱਚ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ ਜਦੋਂ ਕਿ ਦੂਜੀ ਸੀਡ ਜਾਪਾਨ ਦਾ ਨਿਸ਼ੀਕੋਰੀ ਉਲਟ ਫੇਰ ਦਾ ਸ਼ਿਕਾਰ ਹੋ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਿਆ ਹੈ। ਨਡਾਲ ਨੇ ਇੱਥੇ ਕਰੈਂਡਨ ਪਾਰਕ ਵਿੱਚ ਪੁਰਸ਼ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿੱਚ ਸਾਕ ਨੂੰ ਲਗਾਤਾਰ ਸੈੱਟਾਂ ਵਿੱਚ ਹਰਾ ਕੇ 6 -2, 6-3 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇੱਕ ਉਲਟਫੇਰ ਦੇ ਵਿੱਚ ਨਿਸ਼ੀਕੋਰੀ ਨੂੰ ਗੈਰ ਦਰਜਾ ਪ੍ਰਾਪਤ ਇਟਲੀ ਦੇ ਫਾਬੀਓ ਫੋਗਨੀਨੀ ਨੇ 6-4, 6- 2 ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ ਹੈ।
ਹਾਲਾਂ ਕਿ ਦੂਜੇ ਸੈੱਟ ਵਿੱਚ ਸਾਕ ਨੇ ਸਪੇਨਿਸ਼ ਖਿਡਾਰੀ ਸਾਹਮਣੇ ਕੁੱਝ ਚੁਣੌਤੀ ਰੱਖੀ। 13ਵਾਂ ਦਰਜਾ ਅਮਰੀਕੀ ਖਿਡਾਰੀ ਨੇ ਇੱਕ ਗੇਮ ਵਿੱਚ 15-40 ਦੀ ਲੀਡ ਵੀ ਲੈ ਲਈ ਸੀ ਅਤੇ ਨਡਾਲ ਨੂੰ ਸੰਘਰਸ਼ ਦੇ ਲਈ ਮਜ਼ਬੂਰ ਕਰ ਦਿੱਤਾ। ਨਡਾਲ ਨੇ ਕਿਹਾ ਕਿ ਉਸ ਲਈ ਇਹ ਕਾਫੀ ਮੁਸ਼਼ਕਿਲ ਪਲ ਸਨ ਅਤੇ ਉਹ ਤੀਜੇ ਸੈੱਟ ਬਾਰੇ ਸੋਚਣ ਲੱਗਾ ਸੀ।ੳਸ ਨੇ ਕਿਹਾ ਕਿ ਇਹ ਚੰਗਾ ਹੋਇਆ ਕਿ ਉਹ ਸੈੱਟ ਬਚਾਅ ਗਿਆ। ਹੁਣ ਜੇ ਨਡਾਲ ਸੈਮੀ ਫਾਈਨਲ ਜਿੱਤ ਜਾਂਦਾ ਹੈ ਤਾਂ ਉਸ ਦੀ ਟੱਕਰ ਰਵਾਇਤੀ ਵਿਰੋਧੀ ਫੈਡਰਰ ਨਾਲ ਹੋ ਸਕਦੀ ਹੈ। ਫੈਡਰਰ ਉਸਨੂੰ ਇੰਡੀਅਨਜ਼ ਵੈੱਲਜ਼ ਟੂਰਨਮੈਂਟ ਵਿੱਚ ਹਰਾ ਚੁੱਕਾ ਹੈ। 14 ਵਾਰ ਦੇ ਗਰੈਂਡ ਸਲੇਮ ਜੇਤੂ ਨਡਾਲ ਅੱਗੇ ਚੁਣੌਤੀ ਇਸ ਸਮੇਂ ਸੈਮੀ ਫਾਈਨਲ ਵਿੱਚ ਫੋਗਨੀਨੀ ਹੈ। ਫੋਗਨੀਨੀ ਵਿਰੁੱਧ ਨਡਾਲ ਦਾ ਰਿਕਾਰਡ 7-3 ਦਾ ਹੈ। ਫੋਗਨੀਨੀ ਪਿਛਲੇ ਦਸ ਸਾਲ ਵਿੱਚ ਪਹਿਲਾ ਗੈਰ ਦਰਜਾ ਖਿਡਾਰੀ ਹੈ ਜੋ ਮਿਆਮੀ ਓਪਨ ਦੇ ਸੈਮੀ ਫਾਈਨਲ ਵਿੱਚ ਪੁੱਜਾ ਹੈ।
ਵੀਨਸ ਅਤੇ ਕੌਂਟਾ ਨੇ ਕੀਤਾ ਉਲਟ ਫੇਰ
ਮਿਆਮੀ: ਵੀਨਸ ਵਿਲੀਅਮਜ਼ ਨੇ ਐਂਜਲੀਕ ਕੇਰਬਰ ਅਤੇ ਕੌਂਟਾ ਨੇ ਹਾਲੇਪ ਨੂੰ ਹਰਾ ਕੇ ਇੱਥੇ ਮਿਆਮੀ ਓਪਨ ਵਿੱਚ ਸਨਸਨੀ ਫੈਲਾਅ ਦਿੱਤੀ। ਗਿਅਰਵਾਂ ਦਰਜਾ ਅਮਰੀਕਾ ਦੀ ਵੀਨਸ ਵਿਲੀਅਮਜ਼ ਨੇ ਵੱਡਾ ਉਲਟਫੇਰ ਕਰਦਿਆਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਅਤੇ ਸਿਖ਼ਰਲਾ ਦਰਜਾ ਜਰਮਨੀ ਦੀ  ਐਂਜਲੀਕ ਕੇਰਬਰ ਨੂੰ ਅਤੇ ਬਰਤਾਨੀਆ ਦੀ ਜੋਹਾਨਾ ਕੌਂਟਾ ਨੇ ਪਛੜਨ ਦੇ ਬਾਵਜੂਦ ਤੀਜਾ ਦਰਜਾ ਰੋਮਾਨੀਆ ਦੀ ਸਿਮੋਨਾ ਹਾਲੈੱਪ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦਿਆਂ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵੀਨਸ ਨੇ ਕੇਰਬਰ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲਜ਼ ਵਿੱਚ ਲਗਾਤਾਰ ਸੈੱਟਾਂ ਵਿੱਚ 7-5 ਅਤੇ 6-3 ਨਾਲ ਹਰਾਇਆ।  ਦੂਜੇ ਪਾਸੇ ਕੌਂਟਾ ਨੇ ਹਾਲੇਪ ਨੂੰ 3-6, 7-6 ਅਤੇ 6-2 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਭਿੜਨਗੀਆਂ।

 

 

fbbg-image

Latest News
Magazine Archive