ਮੁਕਾਬਲੇ ਦੌਰਾਨ ਜਵਾਨਾਂ ’ਤੇ ਪਥਰਾਅ ਕਰਦੇ ਤਿੰਨ ਨੌਜਵਾਨ ਹਲਾਕ

ਬਡਗਾਮ ਘਟਨਾ ’ਚ ਇਕ ਦਹਿਸ਼ਤਗਰਦ ਦੀ ਵੀ ਮੌਤ;
ਵੱਖਵਾਦੀਆਂ ਵੱਲੋਂ ਹੜਤਾਲ ਅੱਜ
ਸ੍ਰੀਨਗਰ - ਕਸ਼ਮੀਰ ਵਾਦੀ ਦੇ ਬਡਗਾਮ ਜ਼ਿਲ੍ਹੇ ਵਿੱਚ ਅੱਜ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਾਲੀ ਥਾਂ ਵਿਰੋਧ ਮੁਜ਼ਾਹਰਾ ਕਰ ਰਹੇ ਲੋਕਾਂ ਖ਼ਿਲਾਫ਼ ਜਵਾਨਾਂ ਵੱਲੋਂ ਕੀਤੀ ਕਾਰਵਾਈ ਕਾਰਨ ਤਿੰਨ ਆਮ ਸ਼ਹਿਰੀ ਮਾਰੇ ਗਏ। ਇਹ ਅਤਿਵਾਦ-ਵਿਰੋਧੀ ਅਪਰੇਸ਼ਨ ਇਕੋ-ਇਕ ਦਹਿਸ਼ਤਗਰਦ ਦੇ ਮਾਰੇ ਜਾਣ ਨਾਲ ਖ਼ਤਮ ਹੋਇਆ। ਵੱਖਵਾਦੀ ਆਗੂਆਂ ਨੇ ਤਿੰਨ ਆਮ ਸ਼ਹਿਰੀਆਂ ਦੀਆਂ ਮੌਤਾਂ ਖ਼ਿਲਾਫ਼ ਬੁੱਧਵਾਰ ਨੂੰ ਆਮ ਹੜਤਾਲ ਦਾ ਸੱਦਾ ਦਿੱਤਾ ਹੈ। ਇਕ ਫ਼ੌਜੀ ਅਫ਼ਸਰ ਨੇ ਦੱਸਿਆ, ‘‘ਮੁਕਾਬਲੇ ਵਿੱਚ ਇਕ ਦਹਿਸ਼ਤਗਰਦ ਮਾਰਿਆ ਗਿਆ ਤੇ ਉਥੋਂ ਇਕ ਹਥਿਆਰ ਬਰਾਮਦ ਹੋਇਆ ਹੈ।’’ ਪੁਲੀਸ ਦੇ ਇਕ ਅਧਿਕਾਰੀ ਦੇ ਦੱਸਿਆ ਕਿ ਅਪਰੇਸ਼ਨ ਖ਼ਤਮ ਹੋ ਗਿਆ ਹੈ ਪਰ ਇਸ ਦੌਰਾਨ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ।   ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ, ਜਿਨ੍ਹਾਂ ਨੇ ਸੁਰੱਖਿਆ ਜਵਾਨਾਂ ਉਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਕਾਰਨ ਸੁਰੱਖਿਆ ਜਵਾਨਾਂ ਵੱਲੋਂ ਕੀਤੀ ਕਾਰਵਾਈ ਕਾਰਨ ਤਿੰਨ ਮੁਜ਼ਾਹਰਾਕਾਰੀ ਨੌਜਵਾਨ ਮਾਰੇ ਗਏ ਜਿਹੜੇ ਆਪਣੀ ਉਮਰ ਦੇ ਵੀਹਵਿਆਂ ਵਿੱਚ ਸਨ। ਅਧਿਕਾਰੀ ਨੇ ਦੋਸ਼ ਲਾਇਆ ਕਿ ਮੁਜ਼ਾਹਰਾਕਾਰੀਆਂ ਵੱਲੋਂ ਪਥਰਾਅ ਰਾਹੀਂ ਦਹਿਸ਼ਤਗਰਦ ਦੀ ਬਚ ਨਿਕਲਣ ਲਈ ਮਦਦ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸਲਾਮਤੀ ਦਸਤਿਆਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਪੱਕੀ ਸੂਹ ਦੇ ਆਧਾਰ ’ਤੇ ਅੱਜ ਤੜਕੇ ਚਾਡੂਰਾ ਦੇ ਦਰਬੁਗ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਥੇ ਲੁਕੇ ਹੋਏ ਅਤਿਵਾਦੀ ਵੱਲੋਂ ਫਾਇਰਿੰਗ ਕੀਤੇ ਜਾਣ ਨਾਲ ਗੋਲੀਬਾਰੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਮਾਰੇ ਗਏ ਨੌਜਵਾਨਾਂ ਦੀ ਪਛਾਣ ਜ਼ਾਹਿਦ ਡਾਰ, ਸਾਕਿਬ ਅਹਿਮਦ ਅਤੇ ਇਸ਼ਫ਼ਾਕ ਅਹਿਮਦ ਵਾਨੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹਨ।
ਇਸੇ ਦੌਰਾਨ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ਦੇ ਮੁਖੀਆਂ- ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਇਜ਼ ਉਮਰ ਫ਼ਾਰੂਕ ਅਤੇ ਜੇਕੇਐਲਐਫ਼ ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੇ ਸੁਰੱਖਿਆ ਜਵਾਨਾਂ ਹੱਥੋਂ ਤਿੰਨ ਨੌਜਵਾਨਾਂ ਦੇ ਮਾਰੇ ਜਾਣ ਖ਼ਿਲਾਫ਼ 29 ਮਾਰਚ ਨੂੰ ਵਾਦੀ ਵਿੱਚ ਆਮ ਹੜਤਾਲ ਦਾ ਸੱਦਾ ਦਿੱਤਾ ਹੈ।
ਮਹਿਬੂਬਾ ਵੱਲੋਂ ਦਹਿਸ਼ਤਗਰਦਾਂ ਨੂੰ ਹਥਿਆਰ ਛੱਡਣ ਦਾ ਸੱਦਾ
ਸ੍ਰੀਨਗਰ: ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਥਾਨਕ ਦਹਿਸ਼ਤਗਰਦਾਂ ਨੂੰ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਪਰਤ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅੱਜ ਚਾਡੂਰਾ ਵਿੱਚ ਮੁਕਾਬਲਾ ਚੱਲ ਰਿਹਾ ਹੈ… ਅਸੀਂ ਦਹਿਸ਼ਦਗਰਦਾ ਨੂੰ ਹਥਿਆਰ ਛੱਡ ਕੇ (ਮੁੱਖ ਧਾਰਾ ਵਿੱਚ) ਪਰਤ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਹਿੰਸਾ ਨਾਲ ਕੋਈ ਹੱਲ ਨਹੀਂ ਨਿਕਲੇਗਾ।’’

 

Latest News
Magazine Archive