ਜੀਐਸਟੀ ਬਿੱਲਾਂ ਨੂੰ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ ਸਰਕਾਰ: ਜੇਤਲੀ


* ਕਾਂਗਰਸ ਨੂੰ ਜੀਐਸਟੀ ਬਿਲ ਦਾ ਮੌਜੂਦਾ ਰੂਪ ਪ੍ਰਵਾਨ ਨਹੀਂ
ਨਵੀਂ ਦਿੱਲੀ - ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਜੀਐਸਟੀ ਬਿੱਲ ‘ਸਾਂਝੀ ਪ੍ਰਭੂਸੱਤਾ’ ਦੇ ਸਿਧਾਂਤ ’ਤੇ ਅਧਾਰਤ ਹੈ ਤੇ ਸਰਕਾਰ ਮੀਲਪੱਥਰ ਮੰਨੇ ਜਾਂਦੇ ਇਨ੍ਹਾਂ ਟੈਕਸ ਸੁਧਾਰਾਂ ਨੂੰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਪਾਸ ਕਰਾਉਣਾ ਚਾਹੁੰਦੀ ਹੈ। ਸ੍ਰੀ ਜੇਤਲੀ ਇਥੇ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਸੰਸਦ ਮੈਂਬਰਾਂ ਨੂੰ ਜੀਐਸਟੀ ਬਾਰੇ ਦੱਸ ਰਹੇ ਸਨ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਵੀ ਮੌਜੂਦ ਸਨ।  ਸ੍ਰੀ ਅਨੰਤ ਕੁਮਾਰ ਨੇ ਕਿਹਾ ਕਿ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿੱਚ ਪੇਸ਼ ਵਸਤਾਂ ਤੇ ਸੇਵਾਵਾਂ ਕਰ ਦੇ ਚਾਰ ਬਿਲਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਿਲਾਂ ਦਾ ਖਰੜਾ ਜੀਐਸਟੀ ਕੌਂਸਲ ਵਿੱਚ ਹੋਈ ਵਿਸਥਾਰਤ ਵਿਚਾਰ ਚਰਚਾ ਤੋਂ ਬਾਅਦ ਹੀ ਲੋਕ ਸਭਾ ਵਿੱਚ ਰੱਖਿਆ ਗਿਆ ਹੈ।  ਕੁਮਾਰ ਨੇ ਕਿਹਾ ਕਿ ਆਪਣੀ ਤਕਰੀਰ ਦੌਰਾਨ ਸ੍ਰੀ ਜੇਤਲੀ ਨੇ ਬਿਲ ਨੂੰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਪਾਸ ਕਰਾਏ ਜਾਣ ਦੀ ਇੱਛਾ ਜਤਾਈ ਹੈ।  ਉਧਰ ਕਾਂਗਰਸ ਨੇ ਅੱਜ ਸਾਫ਼ ਕਰ ਦਿੱਤਾ ਹੈ ਕਿ ਉਸ ਨੂੰ ਸਰਕਾਰ ਵੱਲੋਂ ਪੇਸ਼ ਜੀਐਸਟੀ ਬਿਲਾਂ ਦਾ ਮੌਜੂਦਾ ਖਰੜਾ ਸਵੀਕਾਰ ਨਹੀਂ ਹੈ, ਹਾਲਾਂਕਿ ਪਾਰਟੀ ਟੈਕਸ ਸੁਧਾਰਾਂ ਬਾਰੇ ਇਸ ਵੱਡੇ ਉਪਰਾਲੇ ਨੂੰ ਲੈ ਕੇ ਫੂਕ ਫੂਕ ਕੇ ਕਦਮ ਰੱਖਣਾ ਚਾਹੁੰਦੀ ਹੈ। ਲੋਕ ਸਭਾ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਈ ਪਾਰਟੀ ਸੰਸਦ ਮੈਂਬਰਾਂ ਦੀ ਰਣਨੀਤਕ ਮੀਟਿੰਗ ਦੌਰਾਨ ਜੀਐਸਟੀ ਬਿਲਾਂ ਨੂੰ ਲੈ ਕੇ ਲੋਕਾਂ ਦੇ ਖ਼ਦਸ਼ਿਆਂ ਤੇ ਲੋੜੀਂਦੀਆਂ ਤਰਮੀਮਾਂ ਲਈ ਆਵਾਜ਼ ਉਠਾਉਣ ਦਾ ਫ਼ੈਸਲਾ ਕੀਤਾ ਗਿਆ।

 

Latest News
Magazine Archive