ਭਾਰਤ ਨੇ ਜਿੱਤੀ ਟੈਸਟ ਲੜੀ; ਬੌਰਡਰ-ਗਾਵਸਕਰ ਟਰਾਫ਼ੀ ’ਤੇ ਕਬਜ਼ਾ ਬਰਕਰਾਰ


ਧਰਮਸ਼ਾਲਾ - ਠੋਸ ਰਣਨੀਤੀ ਨਾਲ ਲੈਸ ਭਾਰਤੀ ਟੀਮ ਨੇ ਇੱਥੇ ਆਸਟਰੇਲੀਆ ਨੂੰ ਫੈ਼ਸਲਾਕੁੰਨ ਤੇ ਚੌਥੇ ਟੈਸਟ ਮੈਚ ’ਚ ਅੱਠ ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਬੌਰਡਰ-ਗਾਵਸਕਰ ਟਰਾਫ਼ੀ ਤੇ ਫਿਰ ਤੋਂ ਕਬਜ਼ਾ ਕਰ ਲਿਆ। ਪੂਰੀ ਸੀਰੀਜ਼ ਦੌਰਾਨ ਭਾਰਤੀ ਤੇ ਆਸਟਰੇਲੀਅਨ ਟੀਮਾਂ ਦਰਮਿਆਨ ਫ਼ਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਤੇ ਇਸ ਦੌਰਾਨ ਦੋਵੇਂ ਧਿਰਾਂ ਦੇ ਖਿਡਾਰੀਆਂ ’ਚ ਤਲਖ਼ੀ ਵੀ ਉੱਭਰ ਕੇ ਸਾਹਮਣੇ ਆਈ।
ਭਾਰਤੀ ਟੀਮ ਦੀ 2015 ਤੋਂ ਇਹ ਲਗਾਤਾਰ ਸੱਤਵੀਂ ਟੈਸਟ ਜਿੱਤ ਹੈ। ਮੈਚ ਦੇ ਚੌਥੇ ਦਿਨ ਬਾਕੀ ਰਹਿੰਦੀਆਂ 87 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ ਲੋਕੇਸ਼ ਰਾਹੁਲ ਵੱਲੋਂ ਬਣਾਏ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਆਸਾਨੀ ਨਾਲ 106 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਹੀ ਭਾਰਤ ਨੇ ਇਹ ਸੀਰੀਜ਼ 2-1 ਦੇ ਫ਼ਰਕ ਨਾਲ ਆਪਣੇ ਨਾਂ ਕਰ ਲਈ।
ਹਾਲਾਂਕਿ ਚੌਥੇ ਦਿਨ ਦੇ ਪਹਿਲੇ ਸੈਸ਼ਨ ’ਚ ਮੁਰਲੀ ਵਿਜੇ (8) ਤੇ ਚੇਤੇਸ਼ਵਰ ਪੁਜਾਰਾ (0) ਦੇ ਰੂਪ ’ਚ ਭਾਰਤੀ ਟੀਮ ਨੂੰ ਝਟਕੇ ਵੀ ਲੱਗੇ। ਇਕ ਸਮੇਂ ਭਾਰਤ ਦਾ ਸਕੋਰ 2 ਵਿਕਟਾਂ ’ਤੇ 46 ਰਨ ਸੀ ਪਰ ਮਗਰੋਂ ਕਰੀਜ਼ ਤੇ ਆਏ ਬਦਲਵੇਂ ਕਪਤਾਨ ਅਜਿੰਕਿਆ ਰਹਾਨੇ ਨੇ 27 ਗੇਂਦਾਂ ਵਿੱਚ ਤੇਜ਼ ਰਫ਼ਤਾਰ 38 ਰਨ ਬਣਾ ਕੇ ਮੈਚ ਮੈਚ ਭਾਰਤ ਦੀ ਝੋਲੀ ਪਾ ਦਿੱਤਾ। ਰਾਹੁਲ ਤੇ ਰਹਾਨੇ ਵਿਚਕਾਰ ਤੀਜੇ ਵਿਕਟ ਲਈ 60 ਰਨ ਦੀ ਸਾਂਝੇਦਾਰੀ ਹੋਈ ਤੇ ਭਾਰਤ ਨੇ 23.5 ਓਵਰਾਂ ’ਚ ਹੀ ਮੈਚ ਜਿੱਤ ਲਿਆ। ਹਾਲਾਂਕਿ ਜਿੱਤ ਹਾਸਲ ਕਰਨ ਮਗਰੋਂ ਰਾਹੁਲ ਨੇ ਆਸਟਰੇਲੀਅਨ ਡਰੈਸਿੰਗ ਰੂਮ ਮੂਹਰੇ ਜਾ ਕੇ ਇਕ ਜ਼ੋਰਦਾਰ ਬੜ੍ਹਕ ਮਾਰੀ ਪਰ ਵਿਰੋਧੀ ਟੀਮ ਦੇ ਕਪਤਾਨ ਸਟੀਵ ਸਮਿੱਥ ਤੇ ਹੋਰਨਾਂ ਖਿਡਾਰੀਆਂ ਨੇ ਜੇਤੂ ਟੀਮ ਨੂੰ ਹੱਥ ਮਿਲਾ ਕੇ ਵਧਾਈ ਦਿੱਤੀ।
ਰਾਹੁਲ ਨੇ ਆਪਣੀ ਪਾਰੀ ਦੌਰਾਨ 9 ਤੇ ਰਹਾਨੇ ਨੇ ਚਾਰ ਚੌਕੇ ਤੇ ਦੋ ਵੱਡੇ ਛੱਕੇ ਲਾਏ। ਇਹ ਜਿੱਤ ਕਪਤਾਨ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਪੱਖੋਂ ਵੀ ਮਹੱਤਵਪੂਰਨ ਰਹੀ ਤੇ ਟੀਮ ਨੇ ਉਸ ਦੇ ਬਿਨਾਂ ਵੀ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਵੱਡੀ ਜਿੱਤ ਸੰਭਵ ਬਣਾਈ।   
ਟੈਸਟ ਦਰਜਾਬੰਦੀ ਵਿੱਚ ਭਾਰਤ ਦੀ ਸਰਦਾਰੀ ਬਰਕਰਾਰ
ਭਾਰਤ ਨੇ ਆਈਸੀਸੀ ਟੈਸਟ ਦਰਜਾਬੰਦੀ ’ਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਆਸਟਰੇਲੀਆ ਖ਼ਿਲਾਫ਼ ਮਿਲੀ ਸੀਰੀਜ਼ ਦੀ ਜਿੱਤ ਤੋਂ ਬਾਅਦ ਭਾਰਤ 1 ਅਪਰੈਲ ਨੂੰ ਐਲਾਨੀ ਜਾਣ ਵਾਲੀ ਦਰਜਾਬੰਦੀ ’ਚ ਪਹਿਲੇ ਸਥਾਨ ’ਤੇ ਹੈ। ਇਸ ਪ੍ਰਾਪਤੀ ਬਦਲੇ ਭਾਰਤੀ ਟੀਮ ਨੂੰ 1 ਮਿਲੀਅਨ ਅਮਰੀਕੀ ਡਾਲਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਪਟਨ ਵਿਰਾਟ ਕੋਹਲੀ ਨੇ ਆਖ਼ਰੀ ਟੈਸਟ ਦੀ ਸਮਾਪਤੀ ਮਗਰੋਂ ਸੁਨੀਲ ਗਵਾਸਕਰ ਕੋਲੋਂ ਸਨਮਾਨ ਚਿੰਨ੍ਹ ਤੇ ਨਗਦ ਇਨਾਮ ਪ੍ਰਾਪਤ ਕੀਤਾ। ਭਾਰਤ ਨੂੰ ਟੈਸਟ ਦਰਜਾਬੰਦੀ ’ਚ ਨੰਬਰ ਇਕ ’ਤੇ ਬਣੇ ਰਹਿਣ ਲਈ ਆਸਟਰੇਲੀਆ ਖ਼ਿਲਾਫ਼ ਲੜੀ ਤੋਂ ਪਹਿਲਾਂ ਤੱਕ ਸਿਰਫ਼ ਇਕ ਜਿੱਤ ਲੋੜੀਂਦੀ ਸੀ ਜੋ ਭਾਰਤ ਨੇ ਸੀਰੀਜ਼ ਜਿੱਤ ਕੇ ਪੂਰੀ ਕਰ ਦਿੱਤੀ।

 

 

fbbg-image

Latest News
Magazine Archive