ਜੰਮੂ ਕਸ਼ਮੀਰ ਵਿੱਚ ਪੁਲੀਸ ਜਵਾਨਾਂ ’ਤੇ ਦੋ ਹਮਲੇ


ਸ੍ਰੀਨਗਰ 26 ਮਾਰਚ- ਜੰਮੂ ਕਸ਼ਮੀਰ ਵਿੱਚ ਅਤਿਵਾਦੀ ਇੱਕ ਸਬ ਇੰਸਪੈਕਟਰ ਦੇ ਘਰ ਜਬਰੀ ਦਾਖ਼ਲ ਹੋ ਗਏ ਤੇ ਕਾਰ ਨੂੰ ਅੱਗ ਲਾ ਦਿੱਤੀ, ਜਦੋਂਕਿ ਇੱਕ ਹੋਰ ਜਗ੍ਹਾ ਤਿੰਨ ਲੜਕੇ ਸੁਰੱਖਿਆ ਕਰਮੀ ਨੂੰ ਜ਼ਖ਼ਮੀ ਕਰਕੇ ਉਸ ਦੀ ਏਕੇ-47 ਰਾਈਫਲ ਲੈ ਗਏ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਹਿਲੀ ਘਟਨਾ ਬਡਗਾਮ ਜ਼ਿਲ੍ਹੇ ਵਿੱਚ ਵਾਪਰੀ ਹੈ। ਅਤਿਵਾਦੀ ਸਬ ਇੰਸਪੈਕਟਰ ਦੇ ਘਰ ਵੜ ਗਏ ਅਤੇ ਉਸ ਦੇ ਪੁੱਤਰ ਤੇ ਭਤੀਜੇ ਨੂੰ ਬੰਦੀ ਬਣਾ ਲਿਆ। ਇਸ ਮਗਰੋਂ ਅਤਿਵਾਦੀ ਦੋਵਾਂ ਲੜਕਿਆਂ ਨੂੰ ਘਰ ਦੀ ਕਾਰ ਵਿੱਚ ਲੈ ਗਏ ਤੇ ਮਗਰੋਂ ਦੋਵਾਂ ਨੂੰ ਛੱਡ ਦਿੱਤਾ ਪਰ ਕਾਰ ਨੂੰ ਅੱਗ ਲਾ ਦਿੱਤੀ। ਇਹ ਘਰ ਸਬ ਇੰਸਪੈਕਟਰ ਐਮ ਸੁਭਾਨ ਭੱਟ ਦਾ ਦੱਸਿਆ ਜਾਂਦਾ ਹੈ, ਜੋ ਘਰ ਵਿੱਚ ਨਹੀਂ ਸੀ। ਪੁਲੀਸ ਅਨੁਸਾਰ ਅਤਿਵਾਦੀ ਪੁਲੀਸ ਅਫ਼ਸਰ ਨੂੰ ਮਾਰਨਾ ਚਾਹੁੰਦੇ ਸਨ ਜੋ ਇਸ ਵੇਲੇ ਬਾਰਾਮੁੱਲ੍ਹਾ ਜ਼ਿਲ੍ਹਾ ਜੇਲ੍ਹ ਵਿੱਚ ਤਾਇਨਾਤ ਹੈ। ਇਸੇ ਜੇਲ੍ਹ ਵਿੱਚ ਅਤਿਵਾਦੀ ਤੋਂ ਨੇਤਾ ਬਣਿਆ ਮਸੱਰਤ ਆਲਮ ਬੰਦ ਹੈ।  ਡੀਜੀਪੀ ਐਸ ਪੀ ਵੈਦ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀਜੀਪੀ (ਜੇਲ੍ਹਾਂ) ਐਸ ਕੇ ਮਿਸ਼ਰ ਨੂੰ ਕਿਹਾ ਕਿ ਉਹ ਜੇਲ੍ਹ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਭਲਕੇ ਮੀਟਿੰਗ ਕਰਨਗੇ।
ਜੰਮੂ ਵਿੱਚ ਵਾਪਰੀ ਘਟਨਾ ਵਿੱਚ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ਨੇ ਅੰਜੂਮਨ ਮਿਨਹਾਜ-ਏ-ਰਸੂਦ ਜਥੇਬੰਦੀ ਦੇ ਚੇਅਰਮੈਨ ਮੌਲਾਨਾ ਦੇਹਲਵੀ ਦੇ ਸੁਰੱਖਿਆ ਕਰਮੀ ਮੋਹਦ ਹਨੀਫ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ ਤੇ ਉਸ ਨੂੰ ਜ਼ਖ਼ਮੀ ਕਰ ਕੇ ਏਕੇ-47 ਰਾਈਫਲ ਲੈ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਮਸ਼ਕੂੁਕਾਂ ਮਸੂਦ ਅਤੇ ਸ਼ਾਹਿਦ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਤੀਜੇ ਸ਼ੱਕੀ ਆਸਿਫ ਦੀ ਭਾਲ ਜਾਰੀ ਹੈ। ਜ਼ਖ਼ਮੀ ਕਾਂਸਟੇਬਲ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਹੈ।  ਪੁਲੀਸ ਵੱਲੋਂ ਇਨ੍ਹਾਂ ਘਟਨਾਵਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2 ਅਪਰੈਲ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਮਜ਼ਬੁੂਤ ਕਰ ਦਿੱਤੀ ਗਈ ਹੈ।

 

 

fbbg-image

Latest News
Magazine Archive