ਕਾਰ ਤੇ ਔਰਬਿਟ ਬੱਸ ਦੀ ਟੱਕਰ; ਚਾਰ ਜਣੇ ਹਲਾਕ

ਤਪਾ ਮੰਡੀ - ਬਰਨਾਲਾ-ਬਠਿੰਡਾ ਸ਼ਾਹਰਾਹ ’ਤੇ ਤਪਾ ਨੇੜੇ  ਅੱਜ ਸਵੇਰੇ 10 ਵਜੇ ਕਾਰ ਤੇ ਔਰਬਿਟ ਬੱਸ ਦੀ ਟੱਕਰ ਵਿੱਚ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਘੁੰਨਸ ਦੇ ਪੰਜ ਵਿਅਕਤੀ ਸੈਂਟਰੋ ਕਾਰ (ਪੀਬੀ 50-3320) ਵਿੱਚ ਰਾਮਪੂਰਾ ਫੂਲ ਵਿਖੇ ਕਿਸੇ ਸਮਾਗਮ ’ਚ ਜਾ ਰਹੇ ਸਨ। ਉਹ ਪਿੰਡ ਘੁੰਨਸ ਤੋਂ ਮੁੱਖ ਸੜਕ, ਜੋ ਨਿਰਮਾਣ ਅਧੀਨ ਹੈ, ਉਤੇ ਚੜ੍ਹਨ ਲੱਗੇ ਤਾਂ ਇਸ ਸੜਕ ਦੇ ਖੱਬੇ ਪਾਸੇ ਜਾਣ ਲਈ ਤਪਾ ਤੱਕ ਕੋਈ ਕੱਟ ਨਾ ਛੱਡਿਆ ਹੋਣ ਕਾਰਨ ਚਾਲਕ ਨੇ  ਕਾਰ ਸੱਜੇ ਪਾਸੇ (ਗਲਤ ਸਾਈਡ) ਮੋੜ ਲਈ। ਜਦੋਂ ਕਾਰ ਘੁੰਨਸ ਦੇ ਪੈਟਰੋਲ ਪੰਪ ਕੋਲ ਪਹੁੰਚੀ ਤਾਂ ਬਠਿੰਡਾ ਵਾਲੇ ਪਾਸਿਓਂ ਆ ਰਹੀ ਬਾਦਲਾਂ ਦੀ ਔਰਬਿਟ ਕੰਪਨੀ ਦੀ ਬੱਸ (ਪੀਬੀ 03 ਏਜੇ-7536) ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ’ਚ ਜੱਗਾ ਸਿੰਘ ਪੰਚਾਇਤ ਮੈਂਬਰ, ਨੰਬਰਦਾਰ ਸੁਖਜੀਤ ਸਿੰਘ, ਪੰਚਾਇਤ ਮੈਂਬਰ ਹਰਦੇਵ ਸਿੰਘ ਅਤੇ ਨੰਬਰਦਾਰ ਬਹਾਦਰ ਸਿੰਘ ਦੀ ਮੌਤ ਹੋ ਗਈ। ਕਾਰ ਚਾਲਕ ਜਗਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਬੱਸ ਚਾਲਕ ਤੇ ਕੰਡਕਟਰ ਫਰਾਰ ਹੋ ਗਏ। ਪੁਲੀਸ ਨੇ ਔਰਬਿਟ ਬੱਸ ਨੂੰ ਲੋਕਾਂ ਤੋਂ ਬਚਾਉਣ ਲਈ ਥਾਣੇ ਡੱਕ ਦਿੱਤਾ।
ਮੁੱਲਾਂਪੁਰ ਦਾਖਾ (ਪਰਵਾਨਾ ਪੁੜੈਣ)-ਕੱਲ੍ਹ ਦੇਰ ਸ਼ਾਮ ਪਿੰਡ ਮੋਹੀ-ਜਾਂਗਪੁਰ ਰੋਡ ’ਤੇ ਆਲੂਆਂ ਨਾਲ ਲੱਦੀ ਟਰੈਕਟਰ-ਟਰਾਲੀ ਵਿੱਚ ਆਲਟੋ ਕਾਰ (ਪੀਬੀ 10 ਐਫਐਸ 5972) ਵੱਜਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ ਤੇ ਇਨ੍ਹਾਂ ਦੇ ਪਿਉ ਤੇ ਮਾਂ ਗੰਭੀਰ ਜ਼ਖ਼ਮੀ ਹੋ ਗਏ, ਜੋ ਲੁਧਿਆਣਾ ਦੇ ਇਕ ਹਸਪਤਾਲ ਵਿੱਚ ਇਲਾਜ ਅਧੀਨ ਹਨ। ਹਾਦਸੇ ਬਾਅਦ ਟਰੈਕਟਰ ਚਾਲਕ ਫਰਾਰ ਹੋ ਗਿਆ। ਥਾਣਾ ਜੋਧਾਂ ਦੀ ਪੁਲੀਸ ਨੇ ਕਾਰ ਚਾਲਕ ਰੁਪਿੰਦਰਜੀਤ ਸਿੰਘ ਵਾਸੀ ਜਾਂਗਪੁਰ ਦੇ ਬਿਆਨਾਂ ‘ਤੇ ਸਵਰਾਜ ਟਰੈਕਟਰ (ਪੀਬੀ 26 3605) ਦੇ ਅਣਪਛਾਤੇ ਚਾਲਕ ਖ਼ਿਲਾਫ਼ ਧਾਰਾ 337, 338, 427, 304 ਏ ਤਹਿਤ ਕੇਸ ਦਰਜ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ, ਬੇਟੇ ਗੁਰਮਨ ਸਿੰਘ (5) ਤੇ ਧੀ ਮਨਰੀਤ ਕੌਰ (ਢਾਈ ਸਾਲ) ਨਾਲ ਰਾਏਕੋਟ ਤੋਂ ਦਵਾਈ ਲੈ ਕੇ ਪਿੰਡ ਆ ਰਿਹਾ ਸੀ ਅਤੇ ਪਿੰਡ ਮੋਹੀ ਤੋਂ ਥੋੜ੍ਹਾ ਅੱਗੇ ਸੜਕ ਕੰਢੇ ਬਿਨਾਂ ਰਿਫਲੈਕਟਰਾਂ ਦੇ ਆਲੂਆਂ ਨਾਲ ਲੱਦੀ ਟਰਾਲੀ ਖੜ੍ਹੀ ਸੀ, ਜਿਸ ਨਾਲ ਕਾਰ ਟਕਰਾ ਗਈ।

 

 

fbbg-image

Latest News
Magazine Archive