ਜੇਲ੍ਹ ਕਾਂਡ: ਕੈਦੀਆਂ ’ਤੇ ਕਾਬੂ ਪਾਉਣ ਲਈ ਰਾਤ ਭਰ ਜੂਝਦੀ ਰਹੀ ਪੁਲੀਸ

ਗੁਰਦਾਸਪੁਰ - ਅਧਿਕਾਰੀਆਂ ਵੱਲੋਂ ਹਾਲੀਆ ਸਮਿਆਂ ਵਿੱਚ ਜੇਲ੍ਹ ਤੋੜਨ ਦੀਆਂ ਸਭ ਤੋਂ ਵੱਡੀਆਂ ਕੋਸ਼ਿਸ਼ਾਂ ਵਿੱਚੋਂ ਇਕ ਮੰਨੀ ਗਈ ਗੁਰਦਾਸਪੁਰ ਦੀ ਘਟਨਾ ਵਿੱਚ 100 ਦੇ ਕਰੀਬ ਕੈਦੀਆਂ ਨੇ ਜੇਲ੍ਹ ਦੀ ਬਾਹਰੀ ਕੰਧ ਵਿੱਚ ਕਾਫ਼ੀ ਹੱਦ ਤੱਕ ਸੰਨ੍ਹ ਲਾ ਲਈ ਸੀ। ਸਥਿਤੀ ਨੂੰ ਆਮ ਵਾਂਗ ਕਰਨ ਲਈ ਅਧਿਕਾਰੀਆਂ ਨੂੰ ਉਥੇ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕਰਨੇ ਪਏ ਅਤੇ ਅੱਥਰੂ ਗੈਸ ਦੇ 70 ਗੋਲੇ ਚਲਾਉਣੇ ਪਏ।
ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ, ਏਡੀਜੀਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਅਤੇ ਆਈਜੀ (ਬਾਰਡਰ) ਨੌਨਿਹਾਲ ਸਿੰਘ ਵਰਗੇ ਸੀਨੀਅਰ ਅਧਿਕਾਰੀ ਸਾਰੀ ਰਾਤ ਜੇਲ੍ਹ ਦੇ ਅਹਾਤੇ ਵਿੱਚ ਹੀ ਰਹੇ। ਸ੍ਰੀ ਚੌਧਰੀ ਨੇ ਸ਼ਹਿਰ ਵਿੱਚ ਆਪਣੀ ਠਹਿਰ ਦੋ ਦਿਨ ਹੋਰ ਵਧਾ ਦਿੱਤੀ ਹੈ।      ਜ਼ਿਕਰਯੋਗ ਹੈ ਕਿ ਜੇਲ੍ਹ ਸੁਪਰਡੈਂਟ ਦਿਲਬਾਗ ਸਿੰਘ ਦੀ ਕਥਿਤ ਸਖ਼ਤੀ ਤੋਂ ਖਿਝ ਕੇ ਕੈਦੀਆਂ ਨੇ ਜੇਲ੍ਹ ਸਟਾਫ਼ ਵੱਲੋਂ ਬਾਗ਼ਬਾਨੀ ਦਾ ਸਾਮਾਨ ਰੱਖਣ ਲਈ ਵਰਤੇ ਜਾਂਦੇ ਕਮਰੇ ਵਿੱਚੋਂ ਸਾਮਾਨ ਕੱਢ ਲਿਆ ਅਤੇ ਅਹਾਤੇ ਦੇ ਪੱਛਮੀ ਹਿੱਸੇ ਦੀ ਬਾਹਰੀ ਕੰਧ ਤੱਕ ਪੁੱਜਣ ਵਿੱਚ ਕਾਮਯਾਬ ਹੋ ਗਏ। ਇਸ ਸਾਮਾਨ ਨਾਲ ਉਨ੍ਹਾਂ 13 ਇੰਚ ਮੋਟੀ ਕੰਧ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਪਰ ਭੱਜਣ ਤੋਂ ਪਹਿਲਾਂ ਹੀ ਉਨ੍ਹਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗ਼ ਦਿੱਤੇ ਗਏ। ਇਨ੍ਹਾਂ ਗੋਲਿਆਂ ਦੀਆਂ ਆਵਾਜ਼ਾਂ ਨਾਲ ਨੇੜਲੀਆਂ ਕਲੋਨੀਆਂ ਦੇ ਲੋਕ ਡਰ ਗਏ ਅਤੇ ਇਨ੍ਹਾਂ ਵਿੱਚੋਂ ਕਈ ਤਾਂ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ। ਪਲਟ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੇ ਟਾਕਰੇ ਲਈ ਕੈਦੀਆਂ ਨੇ ਇੰਟਰਨੈੱਟ ਦੀ ਧਮਕੀ ਦਾ ਸਹਾਰਾ ਲਿਆ। ਜਦੋਂ ਵੀ ਪੁਲੀਸ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ਨੇ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਮੋਬਾਈਲ ’ਤੇ ਵੀਡੀਓ ਬਣਾ ਕੇ ਇੰਟਰਨੈੱਟ ਉਤੇ ਅਪਲੋਡ ਕੀਤੀ ਜਾਵੇਗੀ। ਇਨ੍ਹਾਂ ਧਮਕੀਆਂ ਕਾਰਨ ਪੁਲੀਸ ਵਾਲਿਆਂ ਨੂੰ ਕਈ ਵਾਰ ਆਪਣੇ ਕਦਮ ਪਿੱਛੇ ਹਟਾਉਣੇ ਪਏ। ਇਸ      ਦੌਰਾਨ ਇਕ ਕੈਦੀ ਵੱਲੋਂ ਆਪਣੇ ਸਾਥੀਆਂ ਦੇ ਭੜਕਣ ਦੇ ਕਾਰਨਾਂ ਬਾਰੇ ਤਿਆਰ ਕੀਤੀ ਆਡੀਓ ਕਲਿੱਪ ਕਾਰਨ ਅਧਿਕਾਰੀਆਂ ਨੂੰ ਨਮੋਸ਼ੀ ਝਾਗਣੀ ਪਈ।
ਸੀਨੀਅਰ ਅਧਿਕਾਰੀਆਂ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਕੈਦੀਆਂ ਕੋਲ ਮੋਬਾਈਲ ਫੋਨ ਕਿਵੇਂ ਪੁੱਜੇ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਰੋਹਿਤ ਚੌਧਰੀ ਨੂੰ ਬਾਰਡਰ ਰੇਂਜ ਦੇ ਚਾਰ ਪੁਲੀਸ ਜ਼ਿਲ੍ਹਿਆਂ ਤਰਨ ਤਾਰਨ, ਬਟਾਲਾ, ਅੰਮ੍ਰਿਤਸਰ ਤੇ ਪਠਾਨਕੋਟ ਤੋਂ ਫੋਰਸ ਮੰਗਵਾਉਣੀ ਪਈ ਅਤੇ ਆਖ਼ਰਕਾਰ ਸਵੇਰੇ 5:30 ਵਜੇ ਸਥਿਤੀ ’ਤੇ ਕਾਬੂ ਪਾਇਆ ਗਿਆ।
ਇਸ ਦੌਰਾਨ ਪੁਲੀਸ ਨੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੰਦ 15 ਹੋਰ ਕੈਦੀਆਂ ਨੂੰ ਅੱਜ ਕਪੂਰਥਲਾ, ਲੁਧਿਆਣਾ, ਬਠਿੰਡਾ ਅਤੇ ਫ਼ਿਰੋਜ਼ਪੁਰ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਅਤੇ ਜੇਲ੍ਹ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਜੇਲ੍ਹ ਵਿੱਚ ਵਾਪਰੇ ਘਟਨਾਕ੍ਰਮ ਦੇ ਸਬੰਧ ਵਿੱਚ ਥਾਣਾ ਸਿਟੀ ਵਿੱਚ 30 ਕੈਦੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 364, 307, 353, 427, 186, 148 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬਠਿੰਡਾ ਤੋਂ ਟ੍ਰਿਬਿਊਨ ਨਿਊਜ਼ ਸਰਵਿਸ ਅਨੁਸਾਰ: ਗੁਰਦਾਸਪੁਰ ਕੇਂਦਰੀ ਜੇਲ੍ਹ ਤੋਂ ਪੰਜ ਕੈਦੀ ਬਠਿੰਡਾ ਜੇਲ੍ਹ ਲਿਆਂਦੇ ਗਏ। ਪਤਾ ਚੱਲਿਆ ਹੈ ਕਿ ਇਨ੍ਹਾਂ ਦੀ ਵੱਖਰੇ ਸੈੱਲ ਵਿੱਚ ਪੁਲੀਸ ਨੇ ਕੁੱਟਮਾਰ ਕੀਤੀ ਪਰ ਜੇਲ੍ਹ ਸੁਪਰਡੈਂਟ ਜੋਗਾ ਸਿੰਘ ਤੋਂ ਜਦੋਂ ਪੁੱਛਿਆ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਸਿਰਫ਼ ਸਮਝਾਇਆ ਗਿਆ।
ਕੈਦੀਆਂ ਨੇ ਸਿਲੰਡਰ ਨਾਲ ਧਮਾਕੇ ਕਰਨ ਦੀ ਦਿੱਤੀ ਧਮਕੀ
ਬੌਲੀਵੁੱਡ ਫਿਲਮਾਂ ਵਾਂਗ 20 ਗੈਂਗਸਟਰਾਂ ਨੇ ਰਸੋਈ ਗੈਸ ਵਾਲੇ ਸਿਲੰਡਰ ਨਾਲ ਵਿਸਫੋਟ ਕਰਨ ਦੀਆਂ ਧਮਕੀਆਂ ਦੇ ਕੇ ਜੇਲ੍ਹ ਦੀ ਕੰਧ ਵਿੱਚ ਲਾਂਘਾ ਬਣਾ ਰਹੇ ਆਪਣੇ ਸਾਥੀਆਂ ਤੋਂ ਅਧਿਕਾਰੀਆਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਸੂਤਰਾਂ ਮੁਤਾਬਕ ਅੱਧੀ ਰਾਤ ਨੂੰ ਕੁੱਝ ਅਪਰਾਧੀਆਂ ਨੇ ਗੈਸ ਸਿਲੰਡਰ ਕਬਜ਼ੇ ਵਿੱਚ ਲੈ ਲਿਆ। ਇਸ ਬਾਅਦ ਗੈਂਗਸਟਰਾਂ ਨੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਕਿ ਉਹ ਇਸ ਨਾਲ ਧਮਾਕਾ ਕਰ ਦੇਣਗੇ। ਅਧਿਕਾਰੀਆਂ ਨੂੰ ਗੈਂਗਸਟਰਾਂ ਦੀ ਚਾਲ ਸਮਝ ਆਉਣ ਤਕ ਕੁੱਝ ਸਮਾਂ ਇਹ ਡਰਾਮਾ ਜਾਰੀ ਰਿਹਾ।

 

 

fbbg-image

Latest News
Magazine Archive