ਭਾਰਤ ਨੇ ਵਾਹਣੀ ਪਾਏ ‘ਕੰਗਾਰੂ’

ਆਸਟਰੇਲੀਅਨ ਟੀਮ 300 ਦੌੜਾਂ ’ਤੇ ਹੋਈ ਢੇਰ
ਧਰਮਸ਼ਾਲਾ - ਆਪਣਾ ਪਹਿਲਾ ਟੈੱਸਟ ਖੇਡ ਰਹੇ ਗੇਂਦਬਾਜ਼ ਕੁਲਦੀਪ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਚੌਥੇ ਟੈੱਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਇੱਥੇ ਬਿਹਤਰੀਨ ਵਾਪਸੀ ਕਰਦਿਆਂ ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 300 ਦੌੜਾਂ ’ਤੇ ਸਮੇਟ ਦਿੱਤਾ। ਸਪਿੰਨਰ ਕੁਲਦੀਪ ਨੇ ਲੰਚ ਤੋਂ ਬਾਅਦ ਆਸਟਰੇਲੀਆ ਨੂੰ ਪੈਰੋਂ ਕੱਢਿਆ, ਜਿਹੜਾ ਕਪਤਾਨ ਸਟੀਵ ਸਮਿੱਥ (111 ਦੌੜਾਂ) ਅਤੇ ਡੇਵਿਡ ਵਾਰਨਰ (56 ਦੌੜਾਂ) ਦੀ ਸੈਂਕੜੇ ਦੀ ਭਾਈਵਾਲੀ ਸਦਕਾ ਇੱਕ ਵੇਲੇ 144 ਦੌੜਾਂ ਬਣਾ ਚੰਗੀ ਸਥਿਤੀ ਵਿੱਚ ਸੀ।
ਕੁਲਦੀਪ ਨੇ ਵਾਰਨਰ ਦੇ ਰੂਪ ਵਿੱਚ ਆਪਣੀ ਪਹਿਲੀ ਟੈੱਸਟ ਵਿਕਟ ਲਈ ਅਤੇ ਬਾਅਦ ਵਿੱਚ ਪੀਟਰ ਹੈਂਡਰਸਕੌਂਬ (8 ਦੌੜਾਂ), ਗਲੈਨ ਮੈੱਕਸਵੈੱਲ (8 ਦੌੜਾਂ) ਅਤੇ ਪੈੱਟ ਕਮਿਨਸ (21 ਦੌੜਾਂ) ਨੂੰ ਆਊੁਟ ਕੀਤਾ। ਵਿਕਟਕੀਪਰ ਮੈਥਿਊ ਵੇਡ (57 ਦੌੜਾਂ) ਨੇ ਅਰਧ ਸੈਂਕੜਾ ਜੜ ਕੇ ਆਸਟਰੇਲੀਆ ਦਾ ਸਕੋਰ 300 ਦੌੜਾਂ ਤੱਕ ਪੁਚਾਇਆ। ਭਾਰਤ ਨੂੰ ਦਿਨ ਦੇ ਅਖ਼ੀਰ ਵਿੱਚ ਸਿਰਫ਼ ਇੱਕ ਓਵਰ ਖੇਡਣ ਨੂੰ ਮਿਲਿਆ। ਜੋਸ਼ ਹੇਜ਼ਲਵੁੱਡ ਦੇ ਇਸ ਓਵਰ ਵਿੱਚ ਕੇ ਐਲ ਰਾਹੁਲ ਨੇ ਵਿਕਟ ਬਚਾਅ ਕੇ ਰੱਖਣ ਨੂੰ ਤਵੱਜੋ ਦਿੱਤੀ ਤੇ ਕੋਈ ਦੌੜ ਨਹੀਂ ਬਣਾਈ। ਸਵੇਰੇ ਮੁਰਲੀ ਵਿਜੈ ਉਸ ਨਾਲ ਪਾਰੀ ਸਾਂਭੇਗਾ। ਸੱਟ ਕਾਰਨ ਵਿਰਾਟ ਕੋਹਲੀ ਦੇ ਮੈਚ ਤੋਂ ਬਾਹਰ ਹੋਣ ਕਾਰਨ ਇਨ੍ਹਾਂ ਦੋਹਾਂ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਅਜਿੰਕਿਆ ਰਹਾਣੇ ’ਤੇ ਹੀ ਭਾਰਤੀ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਹੋਵੇਗੀ।
ਸਵੇਰੇ ਟਾਸ ਜਿੱਤ ਕੇ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਬੱਲੇਬਾਜ਼ ਮੈੱਟ ਰੈਨਸ਼ਾਅ ਇੱਕ ਦੌੜ ਬਣਾ ਕੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਸਮਿੱਥ ਅਤੇ ਵਾਰਨਰ ਨੇ ਦੂਜੀ ਵਿਕਟ ਲਈ 134 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ 22 ਸਾਲਾ ਕੁਲਦੀਪ ਦਾ ਜਾਦੂ ਚੱਲਿਆ ਤੇ ਉਸ ਨੇ 68 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਮੇਸ਼ ਯਾਦਵ (69 ਦੌੜਾਂ ਦੇ ਕੇ ਦੋ ਵਿਕਟ) ਨੇ ਮੁੜ ਅਹਿਮ ਭੂਮਿਕਾ ਨਿਭਾਈ, ਜਦਕਿ ਰਵੀਚੰਦਰਨ ਅਸ਼ਵਿਨ (54 ਦੌੜਾਂ ਦੇ ਕੇ ਇੱਕ ਵਿਕਟ) ਨੇ ਸਮਿੱਥ ਨੂੰ ਆਊਟ ਕੀਤਾ। ਰਵਿੰਦਰ ਜਡੇਜਾ (57 ਦੌੜਾਂ ਦੇ ਕੇ ਇੱਕ ਵਿਕਟ) ਨੇ ਵੇਡ ਦੇ ਸੰਘਰਸ਼ ਨੂੰ ਖ਼ਤਮ ਕੀਤਾ ਤੇ ਭੁਵਨੇਸ਼ਵਰ ਕੁਮਾਰ (41 ਦੌੜਾਂ ਦੇ ਕੇ ਇੱਕ ਵਿਕਟ) ਨੇ ਆਸਟਰੇਲੀਅਨ ਪਾਰੀ ਦਾ ਅੰਤ ਕੀਤਾ। ਆਸਟਰੇਲੀਅਨ ਕਪਤਾਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਲੜੀ ਵਿੱਚ ਤੀਜਾ ਸੈਂਕੜਾ ਜੜਿਆ, ਪਰ ਚਾਹ ਲਈ ਬਰੇਕ ਤੋਂ ਪਹਿਲਾਂ ਅਸ਼ਵਿਨ ਦੀ ਗੇਂਦ ਬੱਲੇ ਦੇ ਕਿਨਾਰੇ ਨਾਲ ਲੱਗ ਸਲਿਪ ’ਤੇ ਗਈ, ਜਿਥੇ ਰਹਾਣੇ ਨੇ ਉਸ ਨੂੰ ਕੈਚ ਕੀਤਾ।
ਦੁਜਾ ਸੈਸ਼ਨ ਕਾਨਪੁਰ ਦੇ 22 ਸਾਲਾ ਸਪਿੰਨਰ ਕੁਲਦੀਪ ਦੇ ਨਾਮ ਰਿਹਾ, ਉਸ ਨੂੰ ਕੋਹਲੀ ਦੀ ਥਾਂ ਟੀਮ ਵਿੱਚ ਲਿਆਂਦਾ ਗਿਆ ਸੀ ਤੇ ਉਹ ਆਪਣੀ ਖ਼ਾਸ ਤਰ੍ਹਾਂ ਦੀ ਗੇਂਦਬਾਜ਼ੀ ਨਾਲ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਝਕਾਨੀ ਦੇਣ ਵਿੱਚ ਸਫ਼ਲ ਰਿਹਾ। ਵਾਰਨਰ ਨੇ ਉਸ ਦੀ ਗੇਂਦ ’ਤੇ ਕੱਟ ਦਾ ਯਤਨ ਕੀਤਾ, ਪਰ ਗੇਂਦ ਵੱਧ ਉੱਛਲ ਕੇ ਬੱਲੇ ਦਾ ਕਿਨਾਰਾ ਲੈਂਦਿਆਂ ਸਲਿਪ ’ਤੇ ਖੜ੍ਹੇ ਰਹਾਣੇ ਕੋਲ ਚਲੀ ਗਈ। ਟੈੱਸਟ ਕ੍ਰਿਕਟ ਵਿੱਚ ਆਪਣੀ ਪਹਿਲੀ ਵਿਕਟ ਲੈਣ ਤੋਂ ਬਾਅਦ ਕੁਲਦੀਪ ਭਾਵੁਕ ਹੋ ਗਿਆ ਤੇ ਖੁਸ਼ੀ ਵਿੱਚ ਉਸ ਦੇ ਹੰਝੂ ਵਗ ਤੁਰੇ। ਓਵਰ ਪੂਰਾ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਮੈਦਾਨ ਦੀ ਹੱਦ ’ਤੇ ਇਸ ਖਿਡਾਰੀ ਨਾਲ ਗੱਲਬਾਤ ਕੀਤੀ।
ਆਸਟਰੇਲੀਆ ਨੂੰ ਰਾਂਚੀ ਵਿੱਚ ਹਾਰ ਤੋਂ ਬਚਾਉਣ ਵਾਲੇ ਹੈਂਡਸਕੌਂਬ ਨੇ ਫੁੱਲ ਲੈਂਥ ਗੇਂਦ ’ਤੇ ਕਵਰ ਡਰਾਈਵ ਦਾ ਯਤਨ ਕੀਤਾ, ਪਰ ਉਸ ਦੀ ਸਟੰਪ ਉੱਡ ਗਈ। ਮੈੱਕਸਵੈੱਲ ਤਾਂ ਲੈੱਗ ਸਪਿੰਨਰ ਦੀ ਗੁਗਲੀ ਨੂੰ ਬਿਲਕੁਲ ਹੀ ਸਮਝ ਨਹੀਂ ਸਕਿਆ ਤੇ ਬੋਲਡ ਹੋ ਗਿਆ। ਜਦੋਂ ਵੀ ਕੁਲਦੀਪ ਨੇ ਵਿਕਟ ਝਟਕਾਈ ਤਾਂ ਕੋਚ ਅਨਿਲ ਕੁੰਬਲੇ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਪਹਿਲਾ ਸੈਸ਼ਨ ਆਸਟਰੇਲੀਆ ਦੇ ਨਾਮ ਰਿਹਾ, ਸਮਿੱਥ ਤੇ ਵਾਰਨਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਲੰਚ ਤੱਕ ਟੀਮ ਦਾ ਸਕੋਰ ਇੱਕ ਵਿਕਟ ’ਤੇ 131 ਤੱਕ ਪੁਚਾਇਆ। ਪਰ ਉਸ ਤੋਂ ਬਾਅਦ ਮਹਿਮਾਨ ਟੀਮ ਦੀ ਗੱਡੀ ਲੀਹ ਤੋਂ ਉੱਤਰ ਗਈ। ਸੀਨੀਅਰ ਬੱਲੇਬਾਜ਼ ਸ਼ੌਨ ਮਾਰਸ਼ (ਚਾਰ ਦੌੜਾਂ) ਵੀ ਆਸਟਰੇਲੀਆ ਦੀ ਪਾਰੀ ਨਹੀਂ ਸਾਂਭ ਸਕਿਆ ਤੇ ਉਹ ਵਿਕਟਕੀਪਰ ਸਾਹਾ ਹੱਥੋਂ ਕੈਚ ਆਊਟ ਹੋਇਆ।
ਤੇਂਦੁਲਕਰ ਵੱਲੋਂ ਕੁਲਦੀਪ ਦੀ ਸ਼ਲਾਘਾ
ਧਰਮਸ਼ਾਲਾ: ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰ ਕੇ ਕੁਲਦੀਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਸ ਨੌਜਵਾਨ ਦੀ ਸ਼ਾਨਦਾਰ ਸ਼ੁਰੂਆਤ ਨਾਲ ਪ੍ਰਭਾਵਿਤ ਹੋਇਆ ਹੈ। ਉਸ ਨੇ ਆਸ ਪ੍ਰਗਟਾਈ ਕਿ ਕੁਲਦੀਪ ਅੱਗੇ ਵੀ ਅਜਿਹਾ ਪ੍ਰਦਰਸ਼ਨ ਕਰੇਗਾ। ਰੋਹਿਤ ਸ਼ਰਮਾ ਨੇ ਵੀ ਟਵੀਟ ਕਰ ਕੇ ਇਸ ਗੇਂਦਬਾਜ਼ ਦੀ ਸ਼ਲਾਘਾ ਕੀਤੀ।
ਵਾਰਨ ਨੇ ਸਿਖਾਈ ਗੇਂਦਬਾਜ਼ੀ: ਕੁਲਦੀਪ
ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਮਹਾਨ ਗੇਂਦਬਾਜ਼ ਸ਼ੇਨ ਵਾਰਨ ਨੇ ਉਸ ਨੂੰ ਫਲਿਪਰ ਗੇਂਦਬਾਜ਼ੀ ਸਿਖਾਈ ਸੀ ਤੇ ਉਸ ਦੀ ਵਰਤੋਂ ਉਸ ਨੇ ਡੇਵਿਡ ਵਾਰਨ ਦੇ ਰੂਪ ਵਿੱਚ ਆਪਣੀ ਪਹਿਲੀ ਵਿਕਟ ਲੈਣ ਲਈ ਕੀਤੀ। ਪੁਣੇ ਵਿੱਚ ਟੈੱਸਟ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਕੋਚ ਅਨਿਲ ਕੁੰਬਲੇ ਇੱਕ ਸੈਸ਼ਨ ਲਈ ਕੁਲਦੀਪ ਨੂੰ ਵਾਰਨ ਕੋਲ ਲੈ ਗਏ ਅਤੇ ਉਸ ਦਾ ਫ਼ਲ ਉਨ੍ਹਾਂ ਨੂੰ ਹੁਣ ਮਿਲਿਆ ਹੈ।
ਕੁਲਦੀਪ ਦੇ ਘਰ ਜ਼ਸਨਾਂ ਵਾਲਾ ਮਾਹੌਲ
ਕਾਨਪੁਰ - ਭਾਰਤ ਵੱਲੋਂ ਪਹਿਲਾ ਟੈੱਸਟ ਕ੍ਰਿਕਟ ਮੈਚ ਖੇਡਣ ਵਾਲੇ ਗੇਂਦਬਾਜ਼ ਕੁਲਦੀਪ ਯਦਾਵ ਨੇ ਆਸਟਰੇਲੀਆ ਖ਼ਿਲਾਫ਼ ਧਰਮਸ਼ਾਲਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਉਸ ਦੇ ਜਾਜਮਊ (ਯੂਪੀ) ਸਥਿਤ ਘਰ ਵਿੱਚ ਜਸ਼ਨ ਦਾ ਮਾਹੌਲ ਹੈ ਤੇ ਵੱਡੀ ਗਿਣਤੀ ਲੋਕ ਵਧਾਈ ਦੇਣ ਪੁੱਜ ਰਹੇ ਹਨ। ਕੁਲਦੀਪ ਆਸਟਰੇਲੀਆ ਖ਼ਿਲਾਫ਼ ਲੜੀ ਲਈ ਟੀਮ ਵਿੱਚ ਸ਼ਾਮਲ ਸੀ, ਪਰ ਉਸ ਦੇ ਕਰੀਬੀਆਂ ਨੂੰ ਯਕੀਨ ਨਹੀਂ ਸੀ ਕਿ ਉਸ ਨੂੰ ਅੰਤਿਮ ਗਿਆਰਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਜਦੋਂ ਕੁਲਦੀਪ ਦੇ ਪਿਤਾ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਖੁਸ਼ੀ ਵਿੱਖ ਖੀਵਾ ਹੋ ਗਿਆ। ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਉਸ ਦੇ ਪਿਤਾ ਨੇ ਕਿਹਾ, ‘ ਅੱਜ ਸਾਡੇ ਪਰਿਵਾਰ ਦਾ ਵਰ੍ਹਿਆਂ ਦਾ ਸੁਫ਼ਨਾ ਪੂਰਾ ਹੋਇਆ ਹੈ।’ ਇਸ ਤੋਂ ਬਾਅਦ ਘਰ ਵਿੱਚ ਜ਼ਸਨ ਦਾ ਮਾਹੌਲ ਬਣ ਗਿਆ।
ਉਸ ਦੀ ਇਸ ਕਾਮਯਾਬੀ ਨਾਲ ਯੂਪੀ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ, ਉਸ ਦੇ ਕੋਚ ਅਤੇ ਸਾਬਕਾ ਖਿਡਾਰੀ ਬਾਗ਼ੋਬਾਗ਼ ਹਨ। ਕੁਲਦੀਪ ਨੂੰ ਦਸ ਸਾਲ ਦੀ ਉਮਰ ਤੋਂ ਟਰੇਨਿੰਗ ਦੇਣ ਵਾਲੇ ਕੋਚ ਕਪਿਲ ਪਾਂਡਿਆ ਨੇ ਕਿਹਾ, ‘ਅੱਜ ਮੇਰੀ ਛਾਤੀ ਮਾਣ ਨਾਲ ਚੌੜੀ ਹੋ ਗਈ ਹੈ। ਪਿਛਲੇ 12 ਸਾਲ ਤੋਂ ਮੈਂ ਜਿਹੜੇ ਬੱਚੇ ਨੂੰ ਟਰੇਨਿੰਗ ਦੇ ਰਿਹਾ ਸੀ ਉਹ ਅੱਜ ਭਾਰਤ ਲਈ ਕ੍ਰਿਕਟ ਮੈਚ ਖੇਡ ਰਿਹਾ ਹੈ। ਜਦੋਂ ਦਸ ਸਾਲ ਪਹਿਲਾਂ ਕੁਲਦੀਪ ਮੇਰੇ ਕੋਲ ਆਇਆ ਸੀ ਤਾਂ ਮੈਂ ਉਸ ਨੂੰ ਹੋਰਨਾਂ ਬੱਚਿਆਂ ਵਾਂਗ ਹੀ ਟਰੇਨਿੰਗ ਦੇਣੀ ਸ਼ੁਰੂ ਕੀਤੀ ਸੀ, ਪਰ ਜਦੋਂ ਮੈਂ ਉਸ ਦੀ ਗੇਂਦ ਨੂੰ ਪਿਚ ’ਤੇ ਘੁੰਮਦੇ ਦੇਖਿਆ ਤਾਂ ਮੈਨੂੰ ਜਾਪਿਆ ਕਿ ਇਸ ਬੱਚੇ ਵਿੱਚ ਕੁਝ ਖ਼ਾਸ ਤੇ ਮੈਂ ਉਸ ਵੱਲ ਵੱਧ ਧਿਆਨ ਦੇਣਾ ਸ਼ੁਰੂ ਕੀਤਾ।’

 

 

fbbg-image

Latest News
Magazine Archive