ਗੁਰਦਾਸਪੁਰ: ਗੈਂਗਸਟਰਾਂ ਨੇ ਜੇਲ੍ਹ ਮੁਲਾਜ਼ਮ ਕੁੱਟੇ

 

*    ਸੁਰੱਖਿਆ ਮੁਲਾਜ਼ਮਾਂ ਨੂੰ ਕੁੱਟਣ ਬਾਅਦ ਲਾਇਆ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਮੋਰਚਾ
ਗੁਰਦਾਸਪੁਰ - ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਬੰਦ ਗੈਂਗਸਟਰਾਂ ਨੇ ਅਚਾਨਕ ਅੱਜ ਦੋ ਸੁਰੱਖਿਆ ਕਰਮੀਆਂ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹ ਬੈਰਕ ਅੰਦਰ ਅੱਗ ਲਾਉਣ ਬਾਅਦ ਕੈਦੀਆਂ ਨੂੰ ਲੈ ਕੇ ਬੈਰਕ ਦੀ ਛੱਤ ਉੱਤੇ ਜਾ ਚੜ੍ਹੇ ਅਤੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਮੋਰਚਾ ਲਾ ਦਿੱਤਾ।
ਦੇਰ ਰਾਤ ਮਿਲੀ ਜਾਣਕਾਰੀ ਦੇ ਅਨੁਸਾਰ ਪੁਲੀਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਸੀ ਅਤੇ ਇਨ੍ਹਾਂ ਨੂੰ ਕਿਸੇ ਨਾਮਲੂਮ ਥਾਂ ਉੱਤੇ ਲੈ ਜਾਇਆ ਗਿਆ ਹੈ। ਇਨ੍ਹਾਂ ਦੇ ਨਾਂ ਗੁਰਪ੍ਰੀਤ ਗੋਪੀ ਗੰਜਾ, ਸ਼ੇਰਾ ਅਤੇ ਜੱਗਾ ਛਾਪਿਆਂ ਵਾਲੀ ਦੱਸੇ ਗਏ ਹਨ। ਜੇਲ੍ਹ ਵਿੱਚ ਗੋਲੀ ਚੱਲਣ ਦੀ ਆਵਾਜ਼ ਨਿਰੰਤਰ ਆ ਰਹੀ ਸੀ। ਪੁਲੀਸ ਵੱਲੋਂ ਬਾਕੀ ਕੈਦੀਆਂ ਨੂੰ ਆਤਮ ਸਮਰਪਣ ਕਰਨ ਦੇ ਲਈ ਵਾਰ ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ। ਕੈਦੀਆਂ ਦੀ ਘੇਰਾਬੰਦੀ ਕਰ ਰਹੇ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ 116 ਦੇ  ਕਰੀਬ  ਹੈ ਅਤੇ ਕੈਦੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੈ। ਕੈਦੀਆਂ ਵੱਲੋਂ ਭੰਨ ਤੋੜ ਕੀਤੇ ਜਾਣ ਦੀਆਂ ਖ਼ਬਰਾਂ ਵੀ ਹਨ। ਜੇਲ੍ਹ ਅਧਿਕਾਰੀਆਂ ਨੇ ਵਾਧੂ ਸੁਰੱਖਿਆ ਲਈ ਬਟਾਲਾ ਅਤੇ ਪਠਾਨਕੋਟ ਤੋਂ ਸੁਰੱਖਿਆ ਮੁਲਾਜ਼ਮ ਭੇਜੇ ਜਾਣ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਜੇਲ੍ਹ ਅੰਦਰ ਲਗਾਤਾਰ ਸਾਇਰਨ ਵਜਾਇਆ ਗਿਆ ਅਤੇ ਸੁਰੱਖਿਆ ਅਮਲੇ ਵੱਲੋਂ ਇੱਕ ਦਰਜਨ ਦੇ ਕਰੀਬ ਹਵਾਈ ਫਾਇਰ ਵੀ ਕੀਤੇ ਗਏ ਜਿਨ੍ਹਾਂ ਦੀ ਆਵਾਜ਼ ਸੁਣ ਕੇ ਇਲਾਕੇ ਅੰਦਰ ਦਹਿਸ਼ਤ ਦਾ ਮਹੌਲ ਬਣ ਗਿਆ। ਰਾਤ ਤੱਕ ਗੈਂਗਸਟਰਾਂ ਦੀ ਅਗਵਾਈ ਵਿੱਚ ਕੈਦੀਆਂ ਦੇ ਬੈਰਕ ਦੀ ਛੱਤ ਉੱਤੇ ਹੀ ਚੜ੍ਹੇ ਹੋਣ ਕਾਰਨ ਸਥਿਤੀ ਨਿਰੰਤਰ ਤਣਾਅ ਅਤੇ ਟਕਰਾਅ ਵਾਲੀ ਬਣੀ ਹੋਈ ਸੀ। ਸੂੁਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰਾਂ ਤੇ ਕੈਦੀਆਂ ਵੱਲੋਂ  ਆਪਣੀਆਂ ਕੁੱਝ ਮੰਗਾਂ ਰੱਖੀਆਂ ਗਈਆਂ ਹਨ। ਇਕੱਤਰ ਜਾਣਕਾਰੀ ਦੇ ਅਨੁਸਾਰ ਜੁਗਰਾਜ ਸਿੰਘ ਉਰਫ਼ ਜੱਗਾ, ਗੁਰਪ੍ਰੀਤ ਸਿੰਘ ਗੋਪੀ, ਰੱਮੀ ਅਤੇ ਸ਼ਮਸ਼ੇਰ ਸਿੰਘ ਨੂੰ ਪਿਛਲੇ ਸਮੇਂ ਤੋਂ ਕੇਂਦਰੀ ਜੇਲ੍ਹ ਅੰਦਰ ਬੈਰਕ ਨੰਬਰ ਚਾਰ ਵਿੱਚ ਰੱਖਿਆ ਗਿਆ ਹੈ। ਜੁਗਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਜਾਣਾ ਸੀ। ਜਦੋਂ ਮੈਡੀਕਲ ਲਈ ਲੈ ਕੇ ਜਾਣ ਲਈ ਸੁਰੱਖਿਆ ਮੁਲਾਜ਼ਮ ਮਹੇਸ਼ਇੰਦਰ ਸਿੰਘ ਬੈਰਕ ਵਿੱਚ ਗਿਆ ਤਾਂ ਗੈਂਗਸਟਰਾਂ ਨੇ ਜੇਲ੍ਹ ਅੰਦਰ ਬੰਦ ਆਪਣੇ ਸਾਥੀਆਂ ਨੂੰ ਉਨ੍ਹਾਂ ਦੇ ਨਾਲ ਸ਼ਿਫਟ ਕਰਨ ਦੀ ਮੰਗ ਕੀਤੀ। ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਅਜਿਹਾ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਤਾਂ ਗੈਂਗਸਟਰਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਸੁਰੱਖਿਆ ਮੁਲਾਜ਼ਮ ਮਹਿੰਦਰ ਮਸੀਹ ਨੇ ਆ ਕੇ ਆਪਣੇ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ਨੇ ਉਸ ਨੂੰ ਵੀ ਢਾਹ ਲਿਆ। ਇਸ ਮੌਕੇ ਕਿਸੇ ਤਰ੍ਹਾਂ ਸੁਰੱਖਿਆ ਮੁਲਾਜ਼ਮਾਂ ਨੇ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਛੁੱਟ ਕੇ ਬਾਹਰ ਆ ਕੇ ਰੌਲਾ ਪਾਇਆ। ਹਵਾਈ ਫਾਇਰ ਕਰਨ ਤੋਂ ਇਲਾਵਾ ਸਾਇਰਨ ਦੀ ਆਵਾਜ਼ ਸੁਣ ਕੇ ਸਮੁੱਚੀ ਗਾਰਦ ਸਾਵਧਾਨ ਹੋ ਗਈ। ਇਸ ਦੌਰਾਨ ਹੀ ਗੈਂਗਸਟਰਾਂ ਨੇ ਬੈਰਕ ਦਾ ਅੰਦਰੋਂ ਕੁੰਡਾ ਲਾ ਲਿਆ ਅਤੇ ਅੰਦਰ ਪਏ ਕੰਬਲਾਂ ਅਤੇ ਰਜਾਈਆਂ ਨੂੰ ਅੱਗ ਲਾ ਦਿੱਤੀ। ਅੱਗ ਲਾਉਣ ਤੋਂ ਬਾਅਦ ਉਹ ਬੈਰਕ ਅੰਦਰ ਬੰਦ ਕੈਦੀਆਂ ਨੂੰ ਲੈ ਕੇ ਛੱਤ ਉੱਤੇ ਚੜ੍ਹ ਗਏ। ਇਸ ਦੌਰਾਨ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਐੱਸਐੱਸਪੀ ਭੁਪਿੰਦਰ ਸਿੰਘ ਵਿਰਕ ਨੂੰ ਵੀ ਸੂਚਿਤ ਕਰਕੇ ਪੁਲੀਸ ਫੋਰਸ ਸਮੇਤ ਬੁਲਾ ਲਿਆ। ਪੰਚਾਇਤ ਭਵਨ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਸੁਣਿਆ ਤਾਂ ਤੁਰੰਤ ਐੱਸਡੀਐੱਮ ਸੰਦੀਪ ਸਿੰਘ ਨੂੰ ਮੌਕੇ ਉੱਤੇ ਭੇਜਿਆ। ਇਸ ਮੌਕੇ ਪੁਲੀਸ ਫੋਰਸ ਨੇ ਜਦੋਂ ਅੱਗੇ ਜਾ ਕੇ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਨ੍ਹਾਂ ਨੇ ਇੱਟਾਂ-ਰੋੜੇ ਆਦਿ ਮਾਰਨੇ ਸ਼ੁਰੂ ਕਰ ਕੇ ਰੋਕ ਦਿੱਤਾ। ਉਨ੍ਹਾਂ ਨੇ ਜੇਲ੍ਹ ਅੰਦਰ ਲੱਗੇ ਜੈਮਰ ਅਤੇ ਕਈ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਬੈਰਕ ਅੰਦਰ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਡਿਪਟੀ  ਕਮਿਸ਼ਨਰ ਅਮਿਤ ਕੁਮਾਰ ਵੱਲੋਂ ਘਟਨਾ ਦੀ ਜਾਂਚ ਲਈ ਐੱਸਡੀਐੱਮ ਸੰਦੀਪ ਸਿੰਘ ਦੀ ਡਿਊਟੀ ਲਾ ਕੇ ਜਲਦੀ ਰਿਪੋਰਟ ਦੇਣ ਲਈ ਆਖਿਆ ਹੈ।
ਪੁਲੀਸ ਅਧਿਕਾਰੀਆਂ ਦੇ ਭਰੋਸੇ ਉੱਤੇ ਕੈਦੀ ਹੇਠਾਂ ਉੱਤਰੇ
ਦੇਰ ਸ਼ਾਮ ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ, ਡੀਆਈਜੀ ਸੁਰਿੰਦਰ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵੀ ਕੇਂਦਰੀ ਜੇਲ੍ਹ ਪੁੱਜ ਗਏ। ਇਸ ਮੌਕੇ ਉੱਚ ਅਧਿਕਾਰੀਆਂ ਨੇ ਗੈਂਗਸਟਰਾਂ ਨੂੰ ਹੇਠਾਂ ਆ ਕੇ ਗੱਲਬਾਤ ਕਰਨ ਲਈ ਆਖਿਆ। ਇਸ ’ਤੇ ਗੈਂਗਸਟਰ ਅਤੇ ਬਾਕੀ ਕੈਦੀ ਗੱਲ ਮੰਨ ਕੇ ਹੇਠਾਂ ਆ ਗਏ ਅਤੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਡੀਜੀਪੀ ਵੱਲੋਂ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ।

 

 

fbbg-image

Latest News
Magazine Archive