ਧਰਮਸ਼ਾਲਾ ਵਿੱਚ ਟੈੱਸਟ ਲੜੀ ਦਾ ਫ਼ੈਸਲਾਕੁਨ ਮੈਚ ਅੱਜ ਤੋਂ


ਧਰਮਸ਼ਾਲਾ - ਭਾਰਤੀ ਕਪਤਾਨ ਵਿਰਾਟ ਕੋਹਲੀ ਵੱਲੋਂ ਆਸਟਰੇਲੀਆ ਖ਼ਿਲਾਫ਼ ਭਲਕ ਤੋਂ ਸ਼ੁਰੂ ਹੋਣ ਵਾਲਾ ਚੌਥਾ ਅਤੇ ਅੰਤਿਮ ਕ੍ਰਿਕਟ ਟੈੱਸਟ ਮੈਚ ਖੇਡੇ ਜਾਣ ਸਬੰਧੀ ਸਥਿਤੀ ਸਪਸ਼ਟ ਨਹੀਂ ਹੈ, ਜਿਸ ਕਾਰਨ ਇਸ ਫ਼ਸਵੀਂ ਲੜੀ ਦੇ ਫ਼ੈਸਲਾਕੁਨ ਮੈਚ ਤੋਂ ਪਹਿਲਾਂ ਭਾਰਤੀ ਟੀਮ ’ਤੇ ਦਬਾਅ ਕਾਫ਼ੀ ਵੱਧ ਗਿਆ ਹੈ। ਮੈਦਾਨੀ ਜੰਗ ਅਤੇ ਜ਼ੁਬਾਨੀ ਜੰਗ ਦਰਮਿਆਨ ਚੱਲ ਰਹੀ ਇਹ ਲੜੀ ਹਾਲੇ 1-1 ਨਾਲ ਬਰਾਬਰੀ ’ਤੇ ਹੈ।
ਭਾਰਤ ਲਈ ਹਾਲ ਦੀ ਘੜੀ ਹਾਲਾਤ ਚੰਗੇ ਨਹੀਂ ਹਨ ਕਿਉਂਕਿ ਕਪਤਾਨ ਕੋਹਲੀ ਨੇ ਖ਼ੁਦ ਮੰਨਿਆ ਹੈ ਕਿ ਉਹ ਮੈਚ ਲਈ 100 ਫ਼ੀਸਦ ਫਿਟ ਨਹੀਂ ਹੈ। ਜੇ ਉਹ ਮੈਦਾਨ ਵਿੱਚ ਉੱਤਰਦਾ ਹੈ ਤਾਂ ਸੱਟ ਦੇ ਵਾਧੇ ਦਾ ਖ਼ਤਰਾ ਬਣਿਆ ਰਹੇਗਾ। ਮੈਚ ਦੀ ਪੂਰਬਲੀ ਸ਼ਾਮ ਨੂੰ ਕਪਤਾਨ ਵੱਲੋਂ ਦਿੱਤਾ ਬਿਆਨ ਇੱਕ ਤਰ੍ਹਾਂ ਨਾਲ ਇਸ਼ਾਰਾ ਹੈ ਕਿ ਉਸ ਦੇ ਮੈਚ ਖੇਡਣ ਦੀ ਸੰਭਾਨਾ ਘੱਟ ਹੈ। ਇਹ ਇੱਕ ਅਜਿਹਾ ਮੈਚ ਹੈ, ਜਿਸ ਵਿੱਚ ਕੋਹਲੀ ਦੀ ਅਗਵਾਈ ਦੀ ਟੀਮ ਨੂੰ ਸਖ਼ਤ ਲੋੜ ਪਵੇਗੀ। ਇੱਕ ਬੱਲੇਬਾਜ਼ ਵਜੋਂ ਕੋਹਲੀ ਲਈ ਇਹ ਲੜੀ ਕਿਸੇ ਮਾੜੇ ਸੁਫ਼ਨੇ ਤੋਂ ਘੱਟ ਨਹੀਂ ਰਹੀ ਅਤੇ ਜੇ ਉਸ ਦੀ ਥਾਂ ’ਤੇ ਆਉਣ ਵਾਲਾ ਐਸ. ਅਈਅਰ ਚੰਗਾ ਸਕੋਰ ਬਣਾਉਣ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਭਾਰਤੀ ਟੀਮ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਕੋਹਲੀ ਨੇ ਅੱਜ ਨੈੱਟ ’ਤੇ ਅਭਿਆਸ ਕੀਤਾ। ਭਾਰਤੀ ਟੀਮ ਸ਼ਾਇਦ ਫ਼ੈਸਲਾਕੁਨ ਮੈਚ ਤੋਂ ਪਹਿਲਾਂ ਵਿਰੋਧੀ ਟੀਮ ਨੂੰ ਕਿਸੇ ਵੀ ਤਰ੍ਹਾਂ ਦਾ ਮਨੋਵਿਗਿਆਨਕ ਲਾਹਾ ਨਹੀਂ ਦੇਣਾ ਚਾਹੁੰਦੀ। ਮੰਨਿਆ ਜਾ ਰਿਹਾ ਹੈ ਕਿ ਇਸੇ ਕਰ ਕੇ ਕੋਹਲੀ ਮੈਚ ਤੋਂ ਪਹਿਲਾਂ ਹੋਣ ਵਾਲੀ ਪ੍ਰੈੱਸ ਕਾਨਫ਼ਰੰਸ ਵਿੱਚ ਪੁੱਜਾ। ਮੀਡੀਆ ਨੂੰ ਸੰਬੋਧਨ ਕਰਦਿਆਂ ਕੋਹਲੀ ਨੇ ਕਿਹਾ, ‘ਰਾਂਚੀ ਵਿੱਚ ਮੈਂ ਮਹਿਸੂਸ ਕੀਤਾ ਕਿ ਜੇ ਤੁਸੀਂ ਪ੍ਰਤੀਕ੍ਰਿਆਤਮਕ ਮੂਵਮੈਂਟ ਕਰਦੇ ਹੋ ਤਾਂ ਹੀ ਤੁਹਾਡੀ ਸੱਟ ਦਾ ਅਸਲ ਰੂਪ ਸਾਹਮਣੇ ਆਉਂਦਾ ਹੈ। ਸਾਨੂੰ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ। ਫਿਜ਼ੀਓ ਮੇਰੀ ਜਾਂਚ ਲਈ ਥੋੜਾ ਹੋਰ ਸਮਾਂ ਦੇਣਾ ਚਾਹੁੰਦੇ ਹਨ ਅਤੇ ਸੰਭਾਵਨਾ ਹੈ ਕਿ ਅਸੀਂ ਅੱਜ ਦੇਰ ਰਾਤ ਜਾਂ ਭਲਕੇ ਮੈਚ ਤੋਂ ਪਹਿਲਾਂ ਫ਼ੈਸਲਾ ਕਰਾਂਗੇ।’
ਜਦੋਂ ਕੋਹਲੀ ਨੂੰ ਸੱਟ ਨਾਲ ਸਬੰਧਤ ਸਿੱਧੇ ਸਵਾਲ ਕੀਤੇ ਗਏ ਤਾਂ ਉਸ ਨੇ ਕਿਹਾ, ‘ਫਿਜ਼ੀਓ ਬਿਹਤਰ ਦੱਸ ਸਕਦਾ ਹੈ, ਜੋਖ਼ਿਮ ਲੈਣਾ ਕਿੰਨਾ ਬਿਹਤਰ ਹੋਵੇਗਾ, ਮੈਂ ਨਹੀਂ ਦੱਸ ਸਕਦਾ। ਮੈਂ ਸਿਰਫ਼ ਏਨਾ ਜਾਣਦਾ ਹਾਂ ਕਿ ਜੇ ਮੈਂ ਫਿਟਨੈੱਸ ਟੈੱਸਟ ਵਿੱਚ ਸਫ਼ਲ ਰਿਹਾ ਤਾਂ ਮੈਂ ਮੈਚ ਖੇਡਾਂਗਾ।’ ਭਾਰਤੀ ਕਪਤਾਨ ਦੀ ਥਾਂ ਟੀਮ ਵਿੱਚ ਚੁਣਿਆ ਗਿਆ ਅਈਅਰ ਅੱਜ ਸਵੇਰੇ ਹੀ ਇੱਥੇ ਪੁੱਜਿਆ। ਅਈਅਰ ਦੇ ਅਭਿਆਸ ’ਤੇ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਕੋਹਲੀ ਨੇ ਕਰੀਬੀ ਨਜ਼ਰ ਰੱਖੀ। ਉਹ ਇੱਕ ਤੇਜ਼ਤਰਾਰ ਬੱਲੇਬਾਜ਼ ਹੈ ਤੇ ਉਸ ਕੋਲ ਹਰ ਕਿਸਮ ਦੇ ਸਟ੍ਰੋਕ ਹਨ। ਜੇ ਕੋਹਲੀ ਨਹੀਂ ਖੇਡਦਾ ਤਾਂ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰੇਗਾ।
ਅਈਅਰ ਨੇ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ ਵਿੱਚ ਦੂਹਰਾ ਸੈਂਕੜਾ ਜੜਿਆ ਸੀ। ਉਸ ਮੈਚ ਵਿੱਚ ਹਾਲਾਂਕਿ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਨਹੀਂ ਖੇਡੇ ਸਨ। ਭਾਰਤ ਲਈ ਜ਼ਰੂਰੀ ਹੈ ਕਿ ਕੇ.ਐਲ. ਰਾਹੁਲ ਜਿਹੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਸੈਂਕੜੇ ਵਿੱਚ ਤਬਦੀਲ ਕਰਨ ਅਤੇ ਕਰੁਣ ਨਾਇਰ ਵੱਲੋਂ ਵੀ ਵੱਡੀ ਪਾਰੀ ਖੇਡੇ ਜਾਣ ਦੀ ਲੋੜ ਹੈ। ਆਸਟਰੇਲੀਆ ਲਈ ਲੜੀ ਡਰਾਅ  ਕਰਵਾਉਣੀ ਨੈਤਿਕ ਜਿੱਤ ਹੋਵੇਗੀ, ਪਰ ਜੇ ਉਹ ਲੜੀ ਜਿੱਤਣ ਵਿੱਚ ਕਾਮਯਾਬ ਹੁੰਦਾ ਹੈ ਤਾਂ ਇਹ ਉਸ ਲਈ ਐਸ਼ੇਜ਼ ਦੀ ਜਿੱਤ ਤੋੋਂ ਵੀ ਵੱਡੀ ਜਿੱਤ ਹੋਵੇਗੀ। ਮਹਿਮਾਨ ਟੀਮ ਲਈ ਹੁਣ ਤੱਕ ਇਹ ਲੜੀ ਸ਼ਾਨਦਾਰ ਰਹੀ ਹੈ। 
ਸ਼ਮੀ ਟੀਮ ਵਿੱਚ ਸ਼ਾਮਲ
ਬੰਗਾਲ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਸਟਰੇਲੀਆ ਖ਼ਿਲਾਫ਼ ਚੌਥੇ ਕ੍ਰਿਕਟ ਟੈੱਸਟ ਮੈਚ ਲਈ ਇਸ਼ਾਂਤ ਸ਼ਰਮਾ ਦੀ ਥਾਂ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਉਹ ਇਸ਼ਾਂਤ ਸ਼ਰਮਾ ਦੀ ਥਾਂ ਲੈ ਸਕਦਾ ਹੈ। ਬੀਸੀਸੀਆਈ ਨੇ ਪੁਸ਼ਟੀ ਕੀਤੀ ਹੈ ਕਿ ਸ਼ਮੀ ਤੇ ਐਸ.ਅਈਅਰ ਟੀਮ ਦਾ ਹਿੱਸ ਹਨ ਤੇ ਆਖ਼ਰੀ ਗਿਆਰਾਂ ਦੇ ਦਾਅਵੇਦਾਰ ਹਨ।

 

 

fbbg-image

Latest News
Magazine Archive