ਲੰਡਨ ਅੱਤਵਾਦੀ ਹਮਲੇ `ਚ ਪੰਜ ਹਲਾਕ 40 ਜ਼ਖਮੀ

ਲੰਡਨ, : ਬ੍ਰਿਟੇਨ ਵਿੱਚ ਪਾਰਲੀਆਮੈਂਟ ਲਾਗੇ ਚਾਕੂ ਨੂੰ ਹਵਾ ਵਿੱਚ ਲਹਿਰਾਉਂਦਾ ਇੱਕ ਸਿਰਫਿਰਾ ਵਿਅਕਤੀ ਆਇਆ ਤੇ ਉਸ ਨੇ ਪਹਿਲਾਂ ਤਾਂ ਆਪਣੀ ਕਾਰ ਲੰਡਨ ਦੇ ਵੈਸਟਮਿੰਸਟਰ ਪੁਲ ਉੱਤੇ ਰਾਹਗੀਰਾਂ ਉੱਤੇ ਚੜ੍ਹਾ ਦਿੱਤੀ ਤੇ ਫਿਰ ਪਾਰਲੀਆਮੈਂਟ ਦੇ ਗੇਟ ਦੇ ਅੰਦਰ ਦਾਖਲ ਹੋ ਕੇ ਇੱਕ ਪੁਲਿਸ ਅਧਿਕਾਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾਕ੍ਰਮ ਵਿੱਚ ਹਮਲਾਵਰ ਸਮੇਤ ਪੰਜ ਵਿਅਕਤੀ ਮਾਰੇ ਗਏ ਜਦਕਿ 40 ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਥੈਰੇਸਾ ਮੇਅ ਵੱਲੋਂ ਇਸ ਨੂੰ ਸਨਕਪੁਣੇ ਨਾਲ ਭਰਿਆ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ।
ਪਾਰਲੀਆਮੈਂਟ ਦੇ ਅੰਦਰ ਇਮਾਰਤ ਦੇ ਦਾਖਲੇ ਤੋਂ ਕੁੱਝ ਮੀਟਰ ਦੀ ਦੂਰੀ ਉੱਤੇ ਬਿੱਗ ਬੈੱਨ ਕਲਾਕ ਟਾਵਰ ਦੇ ਪਰਛਾਵੇਂ ਹੇਠ ਹਮਲਾਵਰ ਨੂੰ ਮਾਰ ਮੁਕਾਇਆ ਗਿਆ। ਇਸ ਦੌਰਾਨ ਕਾਨੂੰਨ ਘਾੜਿਆਂ, ਲੌਰਡਜ਼, ਸਟਾਫ ਤੇ ਵਿਜ਼ੀਟਰਜ਼ ਨੂੰ ਇਮਾਰਤ ਵਿੱਚ ਹੀ ਬੰਦ ਕਰ ਦਿੱਤਾ ਗਿਆ। ਹਮਲਾਵਰ ਤੋਂ ਇਲਾਵਾ ਪੁਲ ਉੱਤੇ ਤਿੰਨ ਰਾਹਗੀਰ ਤੇ ਇੱਕ ਪੁਲਿਸ ਅਧਿਕਾਰੀ ਮਾਰੇ ਗਏ। ਪੁਲ ਉੱਤੇ ਜਿਨ੍ਹਾਂ ਲੋਕਾਂ ਉੱਤੇ ਵਾਰ ਕੀਤਾ ਗਿਆ ਉਨ੍ਹਾਂ ਦੇ ਜ਼ਖ਼ਮਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਕਈਆਂ ਦੇ ਜ਼ਖ਼ਮ ਕਾਫੀ ਘਾਤਕ ਨਿਕਲੇ। ਜ਼ਖ਼ਮੀਆਂ ਵਿੱਚ ਤਿੰਨ ਪੁਲਿਸ ਅਧਿਕਾਰੀ, ਸਕੂਲ ਟਰਿੱਪ ਉੱਤੇ ਆਏ ਕਈ ਫਰੈਂਚ ਟੀਨੇਜਰਜ਼, ਦੋ ਰੋਮਾਨੀਅਨ ਸੈਲਾਨੀ ਤੇ ਪੰਜ ਦੱਖਣੀ ਕੋਰੀਆਈ ਸੈਲਾਨੀ ਸ਼ਾਮਲ ਸਨ।
ਪੁਲਿਸ ਨੇ ਦੱਸਿਆ ਕਿ ਉਹ ਇਸ ਹਮਲੇ ਨੂੰ ਅੱਤਵਾਦੀ ਹਮਲੇ ਵਜੋਂ ਮੰਨ ਕੇ ਚੱਲ ਰਹੀ ਹੈ। ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜਿੰ਼ਮੇਵਾਰੀ ਨਹੀਂ ਲਈ ਹੈ। ਮੈਟਰੋਪਾਲੀਟਨ ਪੁਲਿਸ ਕਾਊਂਟਰਟੈਰੋਰਿਜ਼ਮ ਚੀਫ ਮਾਰਕ ਰਾਊਲੀ ਨੇ ਆਖਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਇੱਕ ਹਮਲਾਵਰ ਹੀ ਸੀ ਪਰ ਕਾਹਲੀ ਵਿੱਚ ਇਸ ਤਰ੍ਹਾਂ ਕਿਸੇ ਸਿੱਟੇ ਉੱਤੇ ਪਹੁੰਚਣਾ ਮੂਰਖਾਨਾ ਫੈਸਲਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਨਿਹੱਥੇ ਪੁਲਿਸ ਅਧਿਕਾਰੀ, ਤਿੰਨ ਆਮ ਨਾਗਰਿਕ ਤੇ ਹਮਲਾਵਰ ਇਸ ਘਟਨਾਕ੍ਰਮ ਵਿੱਚ ਮਾਰੇ ਗਏ। ਤਿੰਨ ਪੁਲਿਸ ਅਧਿਕਾਰੀਆਂ ਸਮੇਤ ਚਾਲੀ ਹੋਰ ਜ਼ਖ਼ਮੀ ਹੋ ਗਏ।
ਰਾਊਲੀ ਨੇ ਆਖਿਆ ਕਿ ਇਸ ਹਮਲੇ ਪਿੱਛੇ ਇਸਲਾਮਿਕ ਅੱਤਵਾਦੀਆਂ ਦਾ ਹੱਥ ਹੋ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਮਲਾਵਰ ਦੀ ਸ਼ਨਾਖ਼ਤ ਕਰ ਚੁੱਕੇ ਹਨ ਪਰ ਜਾਂਚ ਜਾਰੀ ਰਹਿਣ ਕਾਰਨ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕਰਨਗੇ। ਯੂਕੇ ਵਿੱਚ ਕੌਮਾਂਤਰੀ ਅੱਤਵਾਦ ਲਈ ਖਤਰਾ ਹੱਦੋ ਵੱਧ ਦੱਸਿਆ ਗਿਆ ਹੈ ਭਾਵ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਕਦੇ ਵੀ ਹਮਲਾ ਹੋ ਸਕਦਾ ਸੀ। ਸਰਕਾਰ ਦੀ ਐਮਰਜੰਸੀ ਕਮੇਟੀ, ਕੋਬਰਾ ਨਾਲ ਮੀਟਿੰਗ ਕਰਨ ਤੋਂ ਬਾਅਦ 10 ਡਾਊਨਿੰਗ ਸਟਰੀਟ ਦੇ ਬਾਹਰ ਮੇਅ ਨੇ ਆਖਿਆ ਕਿ ਜਮਹੂਰੀਅਤ ਸਬੰਧੀ ਬ੍ਰਿਟਿਸ਼ ਕਦਰਾਂ ਕੀਮਤਾਂ ਨੂੰ ਮਾਤ ਦੇਣ ਤੇ ਅੱਤਵਾਦ ਫੈਲਾਉਣ ਦੀਆਂ ਕੋਸਿ਼ਸ਼ਾਂ ਕਦੇ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਕੱਲ੍ਹ ਪਾਰਲੀਆਮੈਂਟ ਦੀ ਕਾਰਵਾਈ ਆਮ ਵਾਂਗ ਹੀ ਚੱਲੇਗੀ। ਲੰਡਲ ਵਾਸੀ ਤੇ ਸੈਲਾਨੀ ਸਾਰੇ ਇੱਕਠੇ ਅੱਗੇ ਵਧਣਗੇ, ਅਸੀਂ ਅੱਤਵਾਦ ਅੱਗੇ ਗੋਡੇ ਨਹੀਂ ਟੇਕ ਸਕਦੇ ਤੇ ਨਾ ਹੀ ਨਫਰਤ ਕਰਨ ਵਾਲਿਆਂ ਤੇ ਖਾਰ ਖਾਣ ਵਾਲੇ ਸਾਨੂੰ ਤੋੜ ਸਕਦੇ ਹਨ।
ਇਸ ਹਮਲੇ ਦਾ ਅਫਸੋਸ ਕਰਨ ਵਾਲਿਆਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਸ਼ਾਮਲ ਸਨ ਤੇ ਪੈਰਿਸ ਵਿੱਚ ਲੰਡਨ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਆਇਫਲ ਟਾਵਰ ਦੀਆਂ ਲਾਈਟਾਂ ਵੀ ਮੱਧਮ ਕਰ ਦਿੱਤੀਆਂ ਗਈਆਂ। 
 

 

fbbg-image

Latest News
Magazine Archive