ਜੱਲ੍ਹਿਆਂਵਾਲਾ ਬਾਗ ’ਚ ਆਵਾਜ਼ ਤੇ ਰੌਸ਼ਨੀ ਸ਼ੋਅ ਤਕਨੀਕੀ ਖਰਾਬੀ ਕਾਰਨ ਖਾਮੋਸ਼


ਅੰਮ੍ਰਿਤਸਰ - ਅੰਮ੍ਰਿਤਸਰ ਘੁੰਮਣ ਆਉਣ ਵਾਲੇ ਯਾਤਰੂਆਂ ਨੂੰ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿੱਚ ਵਾਪਰੇ ਖੂਨੀ ਕਾਂਡ ਦੀ ਦਾਸਤਾਨ ਸੁਣਾਉਣ ਵਾਲਾ ਰੌਸ਼ਨੀ ਤੇ ਆਵਾਜ਼ ਆਧਾਰਿਤ ਸ਼ੋਅ ਲਗਭਗ 4 ਸਾਲ ਤੱਕ ਠੀਕ-ਠਾਕ ਚੱਲਣ ਤੋਂ ਬਾਅਦ ਤਕਨੀਕੀ ਖਰਾਬੀ ਕਾਰਨ 2014 ਤੋਂ ਬੰਦ ਪਿਆ ਹੈ। ਇਹ ਪ੍ਰੋਗਰਾਮ ਉੱਘੇ ਫ਼ਿਲਮ ਕਲਾਕਾਰ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਹੋਇਆ ਹੈ, ਜਿਸ ਨੂੰ 2010 ਵਿੱਚ ਵਿਸਾਖੀ ਮੌਕੇ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਨੂੰ ਠੀਕ ਕਰਵਾਉਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ। ਇੱਥੇ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਦੀ ਆਸ ਰੱਖ ਕੇ ਆਉਣ ਵਾਲੇ ਬਹੁਤੇ ਯਾਤਰੀਆਂ
ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਹਾ ਹੈ। ਕੇਂਦਰ ਸਰਕਾਰ ਵੱਲੋਂ 52 ਮਿੰਟ ਦਾ ਇਹ ਰੌਸ਼ਨੀ ਤੇ ਆਵਾਜ਼ ਆਧਾਰਿਤ ਸ਼ੋਅ 14 ਅਪਰੈਲ 2010 ਵਿੱਚ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਸੀ। ਰਾਤ ਸਮੇਂ ਦਿਖਾਏ ਜਾਣ ਵੇਲੇ ਸ਼ੋਅ ਦੀ ਸ਼ੁਰੂਆਤ ਉਸ ਵੇਲੇ ਦੇ ਰੱਖਿਆ ਮੰਤਰੀ ਏ.ਕੇ. ਐਂਟਨੀ ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਵੱਲੋਂ ਕੀਤੀ ਗਈ ਸੀ। ਤਕਨੀਕੀ ਖਰਾਬੀ ਨੂੰ ਦੂਰ ਕਰਨ ਲਈ ਪ੍ਰਬੰਧਕਾਂ ਵੱਲੋਂ ਕਈ ਵਾਰ ਕੇਂਦਰ ਸਰਕਾਰ ਨੂੰ ਵੀ ਲਿਖਿਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋਈ।  ਇਸ ਸਮੁੱਚੀ ਪ੍ਰਣਾਲੀ ਦੀ ਸਾਂਭ-ਸੰਭਾਲ ਕਰ ਰਹੇ ਤਕਨੀਕੀ ਮਾਹਿਰ ਸਿਮਰਨਜੀਤ ਸਿੰਘ ਰੋਮੀ ਨੇ ਦੱਸਿਆ ਕਿ ਸ਼ੋਅ ਵਾਸਤੇ ਅਮਰੀਕਾ ਆਧਾਰਿਤ ਮਾਈਕਰੋਸੌਫਟ ਕੰਪਨੀ ਕੋਲੋਂ ਸੌਫ਼ਟਵੇਅਰ ਖਰੀਦਿਆ ਗਿਆ ਸੀ, ਜਿਸ ’ਚ ਤਕਨੀਕੀ ਖਰਾਬੀ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੌਫ਼ਟਵੇਅਰ ਨੂੰ ਅਪਡੇਟ ਕਰਨ ਦੀ ਲੋੜ ਹੈ ਤੇ ਵੈਸੇ ਵੀ ਅੱਜਕਲ ਥ੍ਰੀ-ਡੀ ਤਕਨੋਲੌਜੀ ਦਾ ਚਲਣ ਹੈ।
ਜੱਲ੍ਹਿਆਂਵਾਲਾ ਬਾਗ ਦਾ ਕਾਫ਼ੀ ਰੱਖ-ਰਖਾਅ ਪ੍ਰਧਾਨ ਮੰਤਰੀ ਦੀ ਚੇਅਰਮੈਨੀ ਵਾਲੇ ਨੈਸ਼ਨਲ ਮੈਮੋਰੀਅਲ ਟਰਸੱਟ ਨਾਂ ਦੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਟਰੱਸਟ ਦੇ ਸੈਕਟਰੀ ਐਸਕੇ ਮੁਖ਼ਰਜੀ ਵੀ ਇਸ ਸਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ, ਪਰ ਕੋਈ ਜਵਾਬ ਨਹੀਂ ਆਇਆ।

 

 

fbbg-image

Latest News
Magazine Archive