ਅਕਾਲੀ ਸਿਆਸਤ ਵਿੱਚ ਸੀਮਤ ਹੋਣ ਲੱਗੀ ਬਾਬਾ ਬੋਹੜ ਦੀ ਛਾਂ


ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਵਿੱਖ ਵਿੱਚ ਸਿਆਸੀ ਸਰਗਰਮੀਆਂ ਸੀਮਤ ਕਰਨ ਦੇ ਸੰਕੇਤ ਦਿੱਤੇ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਉਮਰ ਦੇ ਨੌਵੇਂ ਦਹਾਕੇ ਨੂੰ ਢੁੱਕੇ ਸ੍ਰੀ ਬਾਦਲ ਨੇ ਕਿਹਾ ‘‘ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ, ਇਸ ਲਈ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਨਹੀਂ ਰਹੀ।’’ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ਸ੍ਰੀ ਬਾਦਲ ਵੱਲੋਂ ਕੀਤੇ ਪ੍ਰਗਟਾਵੇ ਦੀ ਪੁਸ਼ਟੀ ਕੀਤੀ ਹੈ। ਇਸ ਆਗੂ ਦਾ ਇਹ ਵੀ ਕਹਿਣਾ ਹੈ ਕਿ ਵੱਡੇ ਬਾਦਲ ਦੀ ਸਿਆਸਤ ਵਿੱਚ ਸਰਗਰਮੀ ਪਾਰਟੀ ਲਈ ਹੁਣ ਜ਼ਿਆਦਾ ਜ਼ਰੂਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਨੇਤਾ ਚੁਣੇ ਜਾਣਾ ਵੀ ਇਸ ਗੱਲ ਦਾ ਸੰਕੇਤ ਹੈ ਕਿ ਵੱਡੇ ਬਾਦਲ ਹੁਣ ਪਹਿਲਾਂ ਵਾਲੀ ਭੂਮਿਕਾ ਨਹੀਂ ਨਿਭਾਉਣਗੇ। ਪਾਰਟੀ ਦੇ ਇਸ ਵਾਰੀ 15 ਵਿਧਾਇਕ ਹੀ ਚੋਣ ਜਿੱਤ ਸਕੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਬਾਦਲ ਪਿਛਲੇ ਦਿਨੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਤੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਯਕਦਮ ਬਿਮਾਰ ਹੋ ਗਏ ਸਨ। ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹੋਈ ਕਰਾਰੀ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ। ਵੱਡੇ ਬਾਦਲ ਵੱਲੋਂ ਸਰਗਰਮੀਆਂ ਘਟਾਉਣ ਤੇ ਛੋਟੇ ਬਾਦਲ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪਾਰਟੀ ਦੀ ਮੁਕੰਮਲ ਵਾਗਡੋਰ ਉਹ ਆਪਣੇ ਪੁੱਤਰ ਦੇ ਹੱਥ ਸੌਂਪਣੀ ਚਾਹੁੰਦੇ ਹਨ।
ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਹਾਰ ਦੇ ਕਾਰਨਾਂ ਨੂੰ ਮੁੱਖ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਉਪਜੇ ਲੋਕ ਰੋਹ ਨੂੰ ਦੱਸਿਆ। ਸੂਤਰਾਂ ਮੁਤਾਬਕ ਕੁੱਝ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਨੂੰ ਸੁਧਾਰਨ ਦਾ ਸਵਾਲ ਵੀ ਖੜ੍ਹਾ ਕੀਤਾ। ਰੇਤੇ ਬਜਰੀ ਤੇ ਹੋਰ ਕਈ ਤਰ੍ਹਾਂ ਦੇ ਮਾਫੀਆ ਕਾਰਨ ਗੱਠਜੋੜ ਸਰਕਾਰ ਦੀ ਬਦਨਾਮੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਬੋਲਬਾਲੇ ਨੂੰ ਵੀ ਕਈਆਂ ਨੇ ਹਾਰ ਨਾਲ ਜੋੜਿਆ। ਅਕਾਲੀ ਨੇਤਾਵਾਂ ਨੇ ਮੀਟਿੰਗ ਦੌਰਾਨ ਮੰਨਿਆ ਕਿ ਦਲ ਵੱਲੋਂ ਵਿਕਾਸ ਦੇ ਨਾਮ ’ਤੇ ਵੋਟਾਂ ਮੰਗਣ ਦਾ ਕੀਤਾ ਜਾ ਰਿਹਾ ਪ੍ਰਚਾਰ ਸਥਾਪਤੀ ਵਿਰੋਧੀ ਲਹਿਰ ਮੂਹਰੇ ਟਿਕ ਨਹੀਂ ਸਕਿਆ। ਸਰਕਾਰ ਵਿਰੁੱਧ ਲੋਕ ਰੋਹ ਨੂੰ ਅਕਾਲੀਆਂ ਨੇ ਵਿਰੋਧੀਆਂ ਵੱਲੋਂ ਕੀਤੇ ਤਿੱਖੇ ਪ੍ਰਾਪੇਗੰਡੇ ਦੇ ਰੂਪ ਵਿੱਚ ਦੇਖ ਕੇ ਸਬਰ ਕੀਤਾ। ਸੂਤਰਾਂ ਅਨੁਸਾਰ ਮਾਝਾ ਖਿੱਤੇ ਨਾਲ ਸਬੰਧਤ ਅਕਾਲੀ ਨੇਤਾਵਾਂ ਨੇ ਮਾਲਵੇ ਦੇ ਅਕਾਲੀ ਨੇਤਾਵਾਂ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਨੂੰ ਵੱਡਾ ਨੁਕਸਾਨ ਮੰਨਦਿਆਂ ਕਿਹਾ ਕਿ ਮਾਝੇ ਵਿੱਚ ਸਿੱਖ ਵੋਟ ਅਕਾਲੀ ਦਲ ਖ਼ਿਲਾਫ਼ ਭੁਗਤ ਗਈ। ਕੁਝ ਅਕਾਲੀ ਆਗੂਆਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚੋਂ ਭਾਜਪਾ ਦੇ ਹੱਕ ਵਿੱਚ ਵੋਟ ਨਾ ਭੁਗਤਣ ਕਾਰਨ ਵੀ ਗੱਠਜੋੜ ਦੇ ਉਮੀਦਵਾਰਾਂ ਨੂੰ ਨੁਕਸਾਨ ਝੱਲਣਾ ਪਿਆ।
ਘੁਬਾਇਆ ਬਾਰੇ ਸਖ਼ਤ ਰੁਖ਼ ਅਪਣਾਇਆ
ਮੀਟਿੰਗ ਦੌਰਾਨ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਕੀਤੀ ਬਗਾਵਤ ਦੇ ਮੁੱਦੇ ’ਤੇ ਸਖ਼ਤ ਰੁਖ਼ ਅਪਣਾਉਣ ਦੀ ਗੱਲ ਕੀਤੀ ਗਈ। ‘ਹਲਕਾ ਇੰਚਾਰਜਾਂ’ ਅਤੇ ਜਥੇਦਾਰਾਂ ਨੂੰ ਦਿੱਤੀਆਂ ਬੇਅਥਾਹ ਤਾਕਤਾਂ ਕਾਰਨ ਲੋਕਾਂ ਵਿੱਚ ਪੈਦਾ ਹੋਏ ਰੋਹ ਦਾ ਮਾਮਲਾ ਵੀ ਵਿਚਾਰਿਆ ਗਿਆ। ਮੀਟਿੰਗ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਰਟੀ ਆਗੂ ਗੁਰਬਚਨ ਸਿੰਘ ਦੀ ਹੱਤਿਆ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ ਅਤੇ ਬੀਬੀ ਜਗੀਰ ਕੌਰ ਹਾਜ਼ਰ ਸਨ। ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਵਿਧਾਇਕ ਦਲ ਦਾ ਨੇਤਾ ਤੇ ਪਵਨ ਕੁਮਾਰ ਟੀਨੂੰ ਨੂੰ ਚੀਫ਼ ਵਿੱਪ੍ਹ ਚੁਣਿਆ ਗਿਆ।

 

 

fbbg-image

Latest News
Magazine Archive