ਐਸਐਸਪੀਜ਼ ਦੇ ਤਬਾਦਲੇ ’ਚ ਸੁਰੇਸ਼ ਅਰੋੜਾ ’ਤੇ ਝੜਿਆ ਤੋੜਾ


ਕੈਪਟਨ ਅਮਰਿੰਦਰ ਵੱਲੋਂ ਡੀਜੀਪੀ ਦੀ ਖਿਚਾਈ;
ਕਾਂਗਰਸੀਆਂ ਨੇ ਅਕਾਲੀਆਂ ਦੇ ਕਰੀਬੀ ਜ਼ਿਲ੍ਹਾ ਪੁਲੀਸ ਮੁਖੀ ਨਿਯੁਕਤ ਕਰਨ ਦਾ ਰੋਣਾ ਰੋਇਆ
ਚੰਡੀਗੜ੍ਹ - ਪੰਜਾਬ ਵਿੱਚ ਸੱਤਾ ਤਬਦੀਲੀ ਮਗਰੋਂ ਪੁਲੀਸ ਵਿੱਚ ਹੋਏ ਵੱਡੇ ਫੇਰਬਦਲ ਨਾਲ ਸਰਕਾਰ ਤੇ ਹੁਕਮਰਾਨ ਧਿਰ ਵਿੱਚ ਹਲਚਲ ਪਾਈ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀਆਂ ਦੇ ਤਬਾਦਲੇ ਦੇ ਮੁੱਦੇ ’ਤੇ ਡੀਜੀਪੀ ਸੁਰੇਸ਼ ਅਰੋੜਾ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਸ਼ਿਕਾਇਤਾਂ ਪਹੁੰਚੀਆਂ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਸ੍ਰੀ ਅਰੋੜਾ ਦੀ ‘ਖਿਚਾਈ’ ਵੀ ਕੀਤੀ ਹੈ। ਮੌਕੇ ’ਤੇ ਮੌਜੂਦ ਇੱਕ ਮੰਤਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਚੰਡੀਗੜ੍ਹ ਵਿੱਚ ਇੱਕ ਕਾਂਗਰਸੀ ਨੇਤਾ ਦੇ ਘਰ ਰਾਤਰੀ ਭੋਜ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀਆਂ ਦੇ ਤਬਾਦਲੇ ਬਾਰੇ ਡੀਜੀਪੀ ਨੂੰ ਵਿਚਾਰ ਕਰਨ ਲਈ ਵੀ ਕਿਹਾ ਹੈ। ਇਸ ਸੀਨੀਅਰ ਮੰਤਰੀ ਮੁਤਾਬਕ ਮੁੱਖ ਮੰਤਰੀ ਨੇ ਕਈ ਬੰਦਿਆਂ ਦੀ ਮੌਜੂਦਗੀ ਵਿੱਚ ਡੀਜੀਪੀ ਨੂੰ ਸਪੱਸ਼ਟ ਕੀਤਾ ਕਿ ਐਸਐਸਪੀਜ਼ ਦੀ ਤਾਇਨਾਤੀ ਦੇ ਮੁੱਦੇ ’ਤੇ ਬਹੁਤ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਹਨ।
ਪੁਲੀਸ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਡੀਜੀਪੀ ਨੇਤਾਵਾਂ ਦੀ ਮੌਜੂਦਗੀ ਵਿੱਚ ਤਾਂ ਕੁੱਝ ਨਹੀਂ ਆਖ ਸਕੇ ਪਰ ਬਾਅਦ ’ਚ ਮੁੱਖ ਮੰਤਰੀ ਦੇ ਸਾਹਮਣੇ ਇਸ ਮੁੱਦੇ ’ਤੇ ਸਥਿਤੀ ਸਪੱਸ਼ਟ ਕਰਨਗੇ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਬਾਦਲਿਆਂ ’ਚ ਮੁੜ ਸਮੀਖਿਆ ਹੋਣ ਦੇ ਆਸਾਰ ਹਨ। ਡਿਪਟੀ ਕਮਿਸ਼ਨਰਾਂ ਦੀ ਤਾਇਨਾਤੀ ਦੇ ਮਾਮਲੇ ਵਿੱਚ ਕਿਸੇ ਕਾਂਗਰਸੀ ਨੇਤਾ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਪੁਲੀਸ ਅਫ਼ਸਰਾਂ ਦੇ ਮਾਮਲੇ ਵਿੱਚ ਵੱਡੇ ਪੱਧਰ ’ਤੇ ਨੁਕਤਾਚੀਨੀ ਹੋਣ ਲੱਗੀ ਹੈ। ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਦੇ ਤੁਰੰਤ ਬਾਅਦ ਪੁਲੀਸ ਤੇ ਸਿਵਲ ਅਧਿਕਾਰੀਆਂ ਦੇ ਵੱਡੀ ਪੱਧਰ ’ਤੇ ਤਬਾਦਲੇ ਕੀਤੇ ਗਏ। ਇਨ੍ਹਾਂ ਤਬਾਦਲਿਆਂ ਦਾ ਅਹਿਮ ਪਹਿਲੂ ਇਹ ਹੈ ਕਿ ਕਾਂਗਰਸੀ ਨੇਤਾਵਾਂ ਇੱਥੋਂ ਤਕ ਕਿ ਮੰਤਰੀਆਂ ਨੂੰ ਵੀ ਆਪਣੇ ਪਸੰਦੀਦਾ ਪੁਲੀਸ ਅਫ਼ਸਰਾਂ ਦੀਆਂ ਸਿਫ਼ਾਰਸ਼ਾਂ ਕਰਨ ਦਾ ਮੌਕਾ ਨਹੀਂ ਮਿਲਿਆ। ਤਬਾਦਲਿਆਂ ਬਾਅਦ ਕਾਂਗਰਸ ਵਿੱਚ ਭਾਰੀ ਹਲਚਲ ਪਾਈ ਜਾਣ ਲੱਗੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਸ਼ਿਕਾਇਤਾਂ ਕੀਤੀਆਂ ਗਈਆਂ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਪੁਲੀਸ ਮੁਖੀ ਨੂੰ ਐਸਐਸਪੀਜ਼ ਤੇ ਹੋਰ ਪੁਲੀਸ ਅਫ਼ਸਰਾਂ ਦੀ ਤਾਇਨਾਤੀ ਦੇ ਮਾਮਲੇ ਵਿੱਚ ਆਜ਼ਾਦ ਪਹੁੰਚ ਅਪਣਾਉਣ ਦੀ ਖੁੱਲ੍ਹ ਦੇ ਕੇ ਚੰਗੀ ਕਾਰਗੁਜ਼ਾਰੀ ਦਿਖਾਉਣ ਦੀ ਨਸੀਹਤ ਦਿੱਤੀ ਸੀ। ਇਸ ਤਰ੍ਹਾਂ ਨਾਲ ਤਾਜ਼ਾ ਤਾਇਨਾਤੀਆਂ ਵਿੱਚ ਸਿਆਸੀ ਦਖ਼ਲ ਬਹੁਤ ਘੱਟ ਨਜ਼ਰ ਆ ਰਿਹਾ ਹੈ। ਇਸ ਕਾਰਨ ਇਨ੍ਹਾਂ ਤਬਾਦਲਿਆਂ ਦੌਰਾਨ ਕਈ ਅਫ਼ਸਰ, ਜੋ ਅਕਾਲੀਆਂ ਦੇ ਕਥਿਤ ਇਸ਼ਾਰੇ ’ਤੇ ਕਾਂਗਰਸੀਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਕੇ ਤਸ਼ੱਦਦ ਕਰਦੇ ਰਹੇ ਹਨ, ਜ਼ਿਲ੍ਹਾ ਪੁਲੀਸ ਮੁਖੀ ਤਾਇਨਾਤ ਹੋਣ ’ਚ ਕਾਮਯਾਬ ਹੋ ਗਏ। ਇੱਥੋਂ ਤਕ ਕਿ ਮਾਝੇ ਵਿੱਚ ਤਾਇਨਾਤੀ ਦੌਰਾਨ ਤਸਕਰਾਂ ਨਾਲ ਮਿਲ ਕੇ ਕਰੋੜਾਂ ਰੁਪਏ ਕਮਾਉਣ ਵਾਲਾ ਇੱਕ ਪੁਲੀਸ ਅਫ਼ਸਰ ਅਤੇ ਖਾਕੀ ਨੂੰ ਬਦਨਾਮ ਕਰਨ ਵਾਲੇ ਹੋਰ ਕਈ ਅਫ਼ਸਰ ਵੀ ਕੈਪਟਨ ਦੀ ਟੀਮ ਦੇ ਮੈਂਬਰ ਬਣਨ ਵਿੱਚ ਕਾਮਯਾਬ ਹੋ ਗਏ ਹਨ।

 

 

fbbg-image

Latest News
Magazine Archive