ਬੰਗਲਾਦੇਸ਼ ਨੇ 100ਵਾਂ ਟੈਸਟ ਮੈਚ ਬਣਾਇਆ ਯਾਦਗਾਰੀ


ਕੋਲੰਬੋ - ਸ਼ਾਕਿਬ ਅਲ ਹਸਨ (74 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਅਤੇ ਤਮੀਮ ਇਕਬਾਲ (82) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਐਤਵਾਰ ਨੂੰ ਇੱਥੇ ਚਾਰ ਵਿਕਟਾਂ ਨਾਲ ਹਰਾ ਕੇ ਆਪਣੇ ਇਤਿਹਾਸਕ 100ਵੇਂ ਟੈਸਟ ਮੈਚ ਨੂੰ ਯਾਦਗਾਰੀ ਬਣਾ ਦਿੱਤਾ ਹੈ।
ਬੰਗਲਾਦੇਸ਼ ਦੀ ਸ੍ਰੀਲੰਕਾ ਖ਼ਿਲਾਫ਼ ਵੀ ਇਹ ਪਹਿਲੀ ਜਿੱਤ ਹੈ। ਬੰਗਲਾਦੇਸ਼ ਨੇ ਮੈਚ ਦੇ ਆਖਰੀ ਦਿਨ ਸਵੇਰੇ ਸ੍ਰੀਲੰਕਾ ਦੀ ਦੂਜੀ ਪਾਰੀ ਨੂੰ 113.2 ਓਵਰ ’ਚ 319 ਦੌੜਾਂ ’ਤੇ ਹੀ ਢੇਰ ਕਰ ਦਿੱਤਾ ਜਿਸ ਨਾਲ ਉਸ ਨੂੰ 191 ਦੌੜਾਂ ਦਾ ਟੀਚਾ ਹਾਸਲ ਹੋਇਆ। ਇਸ ਦੇ ਜਵਾਬ ਵਿੱਚ ਟੈਸਟ ਇਤਿਹਾਸ ਦਾ 100ਵਾਂ ਮੈਚ ਖੇਡ ਰਹੀ ਬੰਗਲਾਦੇਸ਼ੀ ਟੀਮ ਨੇ 57.5 ਓਵਰਾਂ ’ਚ ਛੇ ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਬੰਗਲਾਦੇਸ਼ ਦੀ ਜਿੱਤ ’ਚ ਓਪਨਰ ਤਮੀਮ ਇਕਬਾਲ ਨੇ 82 ਦੌੜਾਂ ਦੀ ਅਹਿਮ ਪਾਰੀ ਖੇਡੀ। ਸ਼ੱਬੀਰ ਰਹਿਮਾਨ ਨੇ 41 ਦੌੜਾਂ ਅਤੇ ਕਪਤਾਨ ਮੁਸ਼ਫਿਕੁਰ ਰਹੀਮ ਨੇ ਨਾਬਾਦ 22 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਸ੍ਰੀਲੰਕਾ ਲਈ ਦਿਲਰੂਵਾਨ ਪਰੇਰੇ ਨੇ 59 ਦੌੜਾਂ ’ਤੇ ਤਿੰਨ ਵਿਕਟਾਂ ਅਤੇ ਕੰਗਣਾ ਹੇਰਾਤ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਮਹਿਮਾਨ ਟੀਮ ਲਈ ਇਹ ਜਿੱਤ ਕਈ ਮਾਇਨਿਆਂ ’ਚ ਇਤਿਹਾਸਕ ਹੈ। ਇਹ ਜਿੱਥੇ ਬੰਗਲਾਦੇਸ਼ ਦਾ 100ਵਾਂ ਟੈਸਟ ਹੈ ਉੱਥੇ ਉਸ ਦੀ ਸ੍ਰੀਲੰਕਾ ਖ਼ਿਲਾਫ਼ ਪਹਿਲੀ ਜਿੱਤ ਵੀ ਹੈ। ਇਸ ਦੇ ਨਾਲ ਹੀ ਉਸ ਨੇ ਸ੍ਰੀਲੰਕਾ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ ਹਾਰ ਨੂੰ ਟਾਲਦਿਆਂ ਇਸ ਨੂੰ 1-1 ਦੀ ਬਰਾਬਰੀ ’ਤੇ ਡਰਾਅ ਵੀ ਕਰ ਦਿੱਤਾ ਹੈ।
ਬੰਗਲਾਦੇਸ਼ ਦਾ ਹੁਣ ਤੱਕ ਟੈਸਟ ਰਿਕਾਰਡ ਚੰਗਾ ਨਹੀਂ ਰਿਹਾ ਅਤੇ ਉਸ ਨੇ ਹੁਣ ਤੱਕ ਆਪਣੇ 99 ਟੈਸਟ ਮੈਚਾਂ ’ਚ ਸਿਰਫ਼ ਅੱਠ ਹੀ ਜਿੱਤੇ ਹਨ ਜਦਕਿ 76 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 15 ਟੈਸਟ ਮੈਚ ਡਰਾਅ ਰਹੇ ਹਨ। ਬੰਗਲਾਦੇਸ਼ ਨੇ ਜ਼ਿੰਬਾਬਵੇ ਖ਼ਿਲਾਫ਼ 14 ਟੈਸਟਾਂ ’ਚ ਸਭ ਤੋਂ ਵੱਧ ਪੰਜ ਜਿੱਤੇ ਹਨ। ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 12 ’ਚੋਂ 2 ਟੈਸਟ ਮੈਚਾਂ ’ਚ ਹਰਾਇਆ ਹੈ। ਬੰਗਲਾਦੇਸ਼ ਇੰਗਲੈਂਡ ਖ਼ਿਲਾਫ਼ 10 ਟੈਸਟ ਮੈਚਾਂ ’ਚੋਂ ਇੱਕ ’ਚ ਜਿੱਤ ਕਰ ਚੁੱਕਾ ਹੈ। ਸਾਲ 2000 ’ਚ ਟੈਸਟ ਦਰਜਾ ਹਾਸਲ ਕਰਨ ਵਾਲੇ ਬੰਗਲਾਦੇਸ਼ ਨੇ ਆਸਟਰੇਲੀਆ ਖ਼ਿਲਾਫ਼ ਚਾਰ, ਭਾਰਤ ਖ਼ਿਲਾਫ਼ ਨੌਂ, ਨਿਊਜ਼ੀਲੈਂਡ ਖ਼ਿਲਾਫ਼ 13, ਪਾਕਿਸਤਾਨ ਖ਼ਿਲਾਫ਼ 10, ਦੱਖਣੀ ਅਫਰੀਕਾ ਖ਼ਿਲਾਫ਼ 10 ਅਤੇ ਸ੍ਰੀਲੰਕਾ ਖ਼ਿਲਾਫ਼ ਇਸ ਮੈਚ ਤੋਂ ਪਹਿਲਾਂ 17 ਟੈਸਟ ਮੈਚ ਖੇਡੇ ਹਨ, ਪਰ ਉਸ ਨੂੰ ਕੋਈ ਜਿੱਤ ਹਾਸਲ ਨਹੀਂ ਹੋਈ ਸੀ।   

 

 

fbbg-image

Latest News
Magazine Archive