ਤਿ੍ਵੇਂਦਰ ਰਾਵਤ ਬਣੇ ਉੱਤਰਾਖੰਡ ਦੇ 9ਵੇਂ ਮੁੱਖ ਮੰਤਰੀ


ਦੇਹਰਾਦੂਨ - ਤ੍ਰਿਵੇਂਦਰ ਸਿੰਘ ਰਾਵਤ, ਜਿਨ੍ਹਾਂ ਦੀਆਂ ਜੜ੍ਹਾਂ ਆਰਐਸਐਸ ਨਾਲ ਜੁੜੀਆਂ ਹਨ ਤੇ ਭਾਜਪਾ ਲੀਡਰਸ਼ਿਪ ਦਾ ਵਿਸ਼ਵਾਸ ਹਾਸਲ ਹੈ, ਨੇ ਅੱਜ ਉੱਤਰਾਖੰਡ ਦੇ 9ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਸ੍ਰੀ ਰਾਵਤ ਤੋਂ ਇਲਾਵਾ ਸੱਤ ਵਿਧਾਇਕਾਂ ਨੇ ਕੈਬਨਿਟ ਮੰਤਰੀ ਅਤੇ ਦੋ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਕੇਕੇ ਪਾਲ ਨੇ ਇਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਉਮਾ ਭਾਰਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੌਜੂਦ ਸਨ। ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲੇ ਸੱਤ ਵਿਧਾਇਕਾਂ ਵਿੱਚ ਸਤਪਾਲ ਮਹਾਰਾਜ, ਪ੍ਰਕਾਸ਼ ਪੰਤ, ਹਰਕ ਸਿੰਘ ਰਾਵਤ, ਯਸ਼ਪਾਲ ਆਰੀਆ, ਸੁਬੋਧ ਉਨਿਆਲ, ਮਦਨ ਕੌਸ਼ਿਕ ਅਤੇ ਅਰਵਿੰਦ ਪਾਂਡੇ ਸ਼ਾਮਲ ਹਨ। ਧਨ ਸਿੰਘ ਰਾਵਤ ਤੇ ਰੇਖਾ ਆਰੀਆ ਰਾਜ ਮੰਤਰੀ ਬਣੇ ਹਨ। ਪੰਜ ਸਾਬਕਾ ਕਾਂਗਰਸੀ ਵਿਧਾਇਕਾਂ, ਜੋ ਦਲਬਦਲ ਕੇ ਭਾਜਪਾ ਵਿੱਚ ਆਏ ਸਨ, ਨੂੰ ਅਹੁਦਿਆਂ ਨਾਲ ਨਿਵਾਜ ਕੇ ਇਨਾਮ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸੁਬੋਧ ਉਨਿਆਲ, ਹਰਕ ਸਿੰਘ ਰਾਵਤ, ਯਸ਼ਪਾਲ ਆਰੀਆ, ਰੇਖਾ ਆਰੀਆ ਤੇ ਸਤਪਾਲ ਮਹਾਰਾਜ ਸ਼ਾਮਲ ਹਨ। ਪਿਛਲੇ ਸਾਲ ਮਈ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨਾਲ ਖਿੱਚੋਤਾਣ ਬਾਅਦ ਇਨ੍ਹਾਂ     ਵਿੱਚੋਂ ਪਹਿਲੇ ਚਾਰ ਵਿਧਾਇਕ ਭਾਜਪਾ ਵਿੱਚ ਆ ਗਏ ਸਨ ਜਦੋਂ ਕਿ ਹਰੀਸ਼ ਰਾਵਤ ਨੂੰ ਮੁੱਖ ਮੰਤਰੀ ਬਣਾਉਣ ਦੇ ਤੁਰੰਤ ਬਾਅਦ ਸਤਪਾਲ ਮਹਾਰਾਜ ਭਗਵਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ।
ਸੁਬੋਧ ਉਨਿਆਲ, ਅਰਵਿੰਦ ਪਾਂਡੇ, ਰੇਖਾ, ਧਨ ਸਿੰਘ ਰਾਵਤ ਤੇ ਸਤਪਾਲ ਮਹਾਰਾਜ ਪਹਿਲੀ ਵਾਰ ਮੰਤਰੀ ਬਣੇ ਹਨ ਜਦੋਂ ਕਿ ਯਸ਼ਪਾਲ, ਹਰਕ ਸਿੰਘ, ਪ੍ਰਕਾਸ਼ ਪੰਤ ਤੇ ਮਦਨ ਕੌਸ਼ਿਕ ਪਹਿਲਾਂ ਵੀ ਮੰਤਰੀ ਰਹੇ ਹਨ। ਗੌ਼ਰਤਲਬ ਹੈ ਕਿ ਉੱਤਰਖੰਡ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਵਿੱਚੋਂ ਭਾਜਪਾ ਨੇ 57 ਸੀਟਾਂ ਜਿੱਤੀਆਂ ਹਨ ਅਤੇ ਆਰਐਸਐਸ ਦੇ ਸਾਬਕਾ ਪ੍ਰਚਾਰਕ ਤ੍ਰਿਵੇਂਦਰ ਸਿੰਘ ਰਾਵਤ (56) ਨੂੰ ਕੱਲ੍ਹ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ।
ਮੋਦੀ ਵੱਲੋਂ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਉਸ ਦੀ ਸਰਕਾਰ ਸੂਬੇ ਵਿੱਚ ਰਿਕਾਰਡ ਵਿਕਾਸ ਕਰੇਗੀ। ਦੇਹਰਾਦੂਨ ’ਚ ਹਲਫ਼ਦਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਬਾਅਦ ਸ੍ਰੀ ਮੋਦੀ ਨੇ ਟਵੀਟ ਕੀਤਾ, ‘ਅੱਜ ਹਲਫ਼ ਲੈਣ ਵਾਲੇ ਸ੍ਰੀ ਤ੍ਰਿਵੇਂਦਰ ਸਿੰਘ ਰਾਵਤ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ। ਮੈਨੂੰ ਪੂਰਾ ਯਕੀਨ ਹੈ ਕਿ ਉਹ ਸਖ਼ਤ ਮਿਹਨਤ ਕਰਨਗੇ ਤੇ ਲੋਕਾਂ ਦੀਆਂ ਆਸਾਂ ’ਤੇ ਖ਼ਰੇ ਉਤਰਨਗੇ।’       

 

 

fbbg-image

Latest News
Magazine Archive