ਯੋਗੀ ਹੱਥ ਆਈ ਯੂਪੀ ਦੀ ਕਮਾਨ


ਲਖਨਊ - ਕੱਟੜਵਾਦੀ ਹਿੰਦੂਤਵ ਵਿਚਾਰਧਾਰਾ ਦੇ ਬਿੰਬ ਮੰਨੇ ਜਾਂਦੇ ਵਿਵਾਦਿਤ ਆਗੂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ ਜਦਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਸ਼ਵ ਚੰਦ ਮੌਰਿਆ ਤੇ ਲਖਨਊ ਦੇ ਮੇਅਰ ਦਿਨੇਸ਼ ਸ਼ਰਮਾ ਦੋਵਾਂ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਗੋਰਖਪੁਰ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ 44 ਸਾਲਾ ਯੋਗੀ ਆਦਿਤਿਆਨਾਥ ਦੀ ਨਿਯੁਕਤੀ ਨੇ ਸਿਆਸੀ ਹਲਕਿਆਂ ’ਚ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। 403 ਮੈਂਬਰੀ ਯੂਪੀ ਵਿਧਾਨ ਸਭਾ ਵਿੱਚ ਭਾਜਪਾ ਦੇ 312 ਵਿਧਾਇਕ ਹਨ। ਆਦਿਤਿਆਨਾਥ ਰਾਜ ਦੇ 21ਵੇਂ ਜਦਕਿ ਭਾਜਪਾ ਦੇ ਚੌਥੇ ਮੁੱਖ ਮੰਤਰੀ ਹੋਣਗੇ ਤੇ ਉਹ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਅਹੁਦੇ ਦਾ ਹਲਫ਼ ਲੈਣਗੇ।
ਡੇਢ ਦਹਾਕੇ ਮਗਰੋਂ ਯੂਪੀ ਦੀ ਸੱਤਾ ਵਿੱਚ ਤਿੰਨ ਚੌਥਾਈ  ਸੀਟਾਂ ਨਾਲ ਬਹੁਮਤ ਹਾਸਲ ਕਰਨ ਤੋਂ ਹਫ਼ਤੇ ਮਗਰੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਨੇ ਅੱਜ ਮੀਟਿੰਗ ਕਰਕੇ ਯੋਗੀ ਆਦਿਤਿਆਨਾਥ ਨੂੰ ਆਪਣਾ ਆਗੂ ਚੁਣ ਲਿਆ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਐਮ.ਵੈਂਕਈਆ ਨਾਇਡੂ ਤੇ ਭਾਜਪਾ ਦੇ ਜਨਰਲ ਸਕੱਤਰ ਭੁਪੇਂਦਰ ਯਾਦਵ ਕੇਂਦਰੀ ਨਿਰੀਖਕ ਵਜੋਂ ਮੌਜੂਦ ਸਨ। ਮੀਟਿੰਗ ਉਪਰੰਤ ਸ੍ਰੀ ਨਾਇਡੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਠ ਵਾਰ ਵਿਧਾਇਕ ਰਹੇ ਸੁਰੇਸ਼ ਖੰਨਾ ਨੇ ਆਦਿਤਿਆਨਾਥ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ ਸੀ, ਜਿਸ ਦੀ ਤਾਈਦ 10 ਹੋਰਨਾਂ ਵਿਧਾਇਕਾਂ ਨੇ ਕੀਤੀ। ਨਾਇਡੂ ਨੇ ਕਿਹਾ ਕਿ ਯੋਗੀ ਦੇ ਨਾਂ ਦੀ ਤਜਵੀਜ਼ ਤੋਂ ਬਾਅਦ ਉਨ੍ਹਾਂ 312 ਨਵੇਂ ਵਿਧਾਇਕਾਂ ਨੂੰ ਕੋਈ ਹੋਰ ਨਾਂ ਦੇਣ ਬਾਰੇ ਵੀ ਪੁੱਛਿਆ, ਪਰ ਸਾਰਿਆਂ ਨੇ ਇਕਮਤ ਹੋ ਕੇ ਆਦਿਤਿਨਾਥ ਦੀ ਹਮਾਇਤ ਕੀਤੀ। ਸ੍ਰੀ ਨਾਇਡੂ ਨੇ ਕਿਹਾ ਕੇਸ਼ਵ ਚੰਦ ਮੌਰਿਆ ਤੇ ਦਿਨੇਸ਼ ਸ਼ਰਮਾ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਵਿਸ਼ਾਲ ਰਾਜ ਨੂੰ ਚਲਾਉਣ ਵਿੱਚ ਆਦਿਤਿਆਨਾਥ ਦੀ ਮਦਦ ਕਰਨਗੇ। ਇਸ ਤੋਂ ਪਹਿਲਾਂ ਭਾਜਪਾ ਦੇ ਹੈੱਡ ਆਫ਼ਿਸ ਲੋਕ ਭਵਨ ਵਿੱਚ ਵਿਧਾਇਕ ਦਲ ਦੀ ਮੀਟਿੰਗ ਤੋਂ ਐਨ ਪਹਿਲਾਂ ਆਦਿੱਤਿਆਨਾਥ ਦੇ ਸ਼ਾਮਲ ਹੋਣ ਨਾਲ ਭਾਜਪਾ ਵਿਧਾਇਕ ਭੁਚੱਕੇ ਰਹਿ ਗਏ। ਮਗਰੋਂ ਚਲਦੀ ਮੀਟਿੰਗ ਦੌਰਾਨ ਲਖਨਊ ਦੇ ਮੇਅਰ ਦਿਨੇਸ਼ ਸ਼ਰਮਾ ਨੂੰ ਵੀ ਸੱਦਿਆ ਗਿਆ। ਇਥੇ ਇਹ ਕਾਫ਼ੀ ਦਿਲਚਸਪ ਤੱਥ ਹੈ ਕਿ ਆਦਿਤਿਆ, ਮੌਰਿਆ ਤੇ ਸ਼ਰਮਾ ਚੋਂ ਕੋਈ   ਵੀ ਅੱਜ ਸ਼ਹਿਰ ਵਿੱਚ ਮੌਜੂਦ ਨਹੀਂ ਸੀ ਤੇ ਤਿੰਨੇ ਮੌਕੇ ’ਤੇ ਹੀ ਮੀਟਿੰਗ ਵਿੱਚ ਪੁੱਜੇ।
ਇਸ ਦੌਰਾਨ ਯੋਗੀ ਆਦਿਤਿਆਨਾਥ ਆਪਣੀਆਂ ਵਿਵਾਦਤ ਟਿੱਪਣੀਆਂ (ਇਸਲਾਮ ਤੇ ਪਾਕਿਸਤਾਨ ਬਾਰੇ) ਕਰ ਕੇ ਹਮੇਸ਼ਾਂ ਸੁਰਖੀਆਂ ’ਚ ਰਹੇ ਹਨ। ਉਨ੍ਹਾਂ ਦੀ ਕੇਂਦਰ ਵਿੱਚ ਭਾਜਪਾ ਆਗੂਆਂ ਨਾਲ ਚੰਗੀ ਸਾਂਝ ਹੈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ਪਿੱਛੇ ਆਰਐਸਐਸ ਦਾ ਵੱਡਾ ਹੱਥ ਹੈ। ਉਂਜ ਯੋਗੀ ਕਈ ਮੌਕਿਆਂ ’ਤੇ ਆਪਣੀ ਪਾਰਟੀ ਖ਼ਿਲਾਫ਼ ਵੀ ਬਗ਼ਾਵਤ ਦਾ ਝੰਡਾ ਬੁਲੰਦ ਕਰ ਚੁੱਕੇ ਹਨ।

 
Latest News
Magazine Archive