ਹਵਾਈ ਫੌਜ ਦਾ ਸੁਖੋਈ ਜਹਾਜ਼ ਤੇ ਚੇਤਕ ਹੈਲੀਕਾਪਟਰ ਹੋਏ ਹਾਦਸੇ ਦਾ ਸ਼ਿਕਾਰ


ਜੈਪੁਰ/ਅਲਾਹਾਬਾਦ - ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਸੁਖੋਈ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਤਿੰਨ ਪਿੰਡ ਵਾਸੀ ਜ਼ਖ਼ਮੀ ਹੋ ਗਏ। ਇਸ ਦੌਰਾਨ ਅਲਾਹਾਬਾਦ ਦੇ ਏਅਰਬੇਸ ਤੋਂ ਅੱਜ ਸਵੇਰੇ ਉਡਾਣ ਭਰਨ ਵਾਲਾ ਹਵਾਈ ਫੌਜ ਦਾ ਚੇਤਕ ਹੈਲੀਕਾਪਟਰ ਨਾਲ ਲਗਦੇ ਕੌਸ਼ਾਂਬੀ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਰੱਖਿਆ ਮੰਤਰਾਲੇ ਦੇ ਤਰਜਮਾਨ ਲੈਫਟੀਨੈਂਟ ਕਰਨਲ ਮਨੀਸ਼ ਓਝਾ ਨੇ ਦੱਸਿਆ ਕਿ ਸੁਖੋਈ ਜਹਾਜ਼ ਆਮ ਸਿਖਲਾਈ ਉਡਾਣ ਉਤੇ ਸੀ। ਬਾੜਮੇਰ ਦੇ ਵਧੀਕ ਐਸਪੀ ਰਾਮੇਸ਼ਵਰ ਲਾਲ ਨੇ ਕਿਹਾ ਕਿ ਹਾਦਸਾ ਸਦਰ ਥਾਣੇ ਦੇ ਇਲਾਕੇ ਵਿੱਚ ਪਿੰਡ ਸ਼ਿਵਕਰ ਨੇੜੇ ਦੁਪਹਿਰੇ 2.50 ਵਜੇ ਵਾਪਰਿਆ। ਹਾਦਸੇ ਤੋਂ ਪਹਿਲਾਂ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ। ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਹਵਾਈ ਫੌਜ ਦੇ ਅਧਿਕਾਰੀ ਵੀ ਹਾਦਸੇ ਵਾਲੀ ਥਾਂ ਪੁੱਜੇ। ਹਾਦਸੇ ਵਿੱਚ ਤਿੰਨ ਪਿੰਡ ਵਾਸੀ ਫੱਟੜ ਹੋ ਗਏ, ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ   ਕਰਵਾਇਆ ਗਿਆ ਹੈ। ਬਾੜਮੇਰ ਦੇ ਸਰਕਲ ਅਧਿਕਾਰੀ ਓ.ਪੀ. ਉੱਜਵਲ ਨੇ ਕਿਹਾ ਕਿ ਇਸ ਪਿੰਡ ਦੇ ਕੁਝ ਕੱਚੇ ਘਰਾਂ ਨੂੰ ਨੁਕਸਾਨ ਪੁੱਜਿਆ ਹੈ।
ਅਲਾਹਾਬਾਦ ਹਾਦਸੇ ਬਾਰੇ ਰੱਖਿਆ ਮੰਤਰਾਲੇ ਦੇ ਪੀਆਰਓ ਗਰੁੱਪ ਕੈਪਟਨ ਬੀ.ਬੀ. ਪਾਂਡੇ ਅਨੁਸਾਰ ਬਮਰੌਲੀ ਵਿੱਚ ਸੈਂਟਰਲ ਏਅਰ ਕਮਾਂਡ ਦੇ ਹੈੱਡਕੁਆਰਟਰ ਤੋਂ ਉਡਾਣ ਭਰਨ ਤੋਂ ਫੌਰੀ ਬਾਅਦ ਚੇਤਕ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਆ ਗਿਆ। ਪਾਇਲਟਾਂ ਨੇ ਇਸ ਨੂੰ ਖੇਤ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਜ਼ਮੀਨ ਪੱਧਰੀ ਨਾ ਹੋਣ ਕਾਰਨ ਉਤਰਦੇ ਸਮੇਂ ਹੈਲੀਕਾਪਟਰ ਡਗਮਗਾ ਕੇ ਡਿੱਗ ਗਿਆ। ਹਾਦਸੇ ਤੋਂ ਪਹਿਲਾਂ ਦੋਵੇਂ ਪਾਇਲਟ ਹੈਲੀਕਾਪਟਰ ਤੋਂ ਬਾਹਰ ਆ ਗਏ। ਪਾਂਡੇ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

 

 

fbbg-image

Latest News
Magazine Archive