ਰਾਂਚੀ ਟੈਸਟ ’ਚ ਹੋਵੇਗੀ ਭਾਰਤ ਤੇ ਆਸਟਰੇਲੀਆ ਦੀ ਪਰਖ


ਰਾਂਚੀ - ਭਾਰਤ ਅਤੇ ਆਸਟਰੇਲੀਆ ਮੌਜੂਦਾ ਟੈਸਟ ਕ੍ਰਿਕਟ ਲੜੀ ਦੇ ਤੀਜੇ ਕ੍ਰਿਕਟ ਟੈਸਟ ’ਚ ਜਦੋਂ ਆਹਮੋ-ਸਾਹਮਣੇ ਹੋਣਗੇ ਤਾਂ ਦਰਸ਼ਕਾਂ ਨੂੰ ਮੁੜ ਰੁਮਾਂਚਕ ਮੁਕਾਬਲਾ ਮਿਲਣ ਦੀ ਆਸ ਹੋਵੇਗੀ। ਬੰਗਲੌਰ ’ਚ ਦੂਜੇ ਟੈਸਟ ਮੈਚ ਦੌਰਾਨ ਵਿਵਾਦਤ ਡੀਆਰਐਸ ਮਗਰੋਂ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਝਾਰਖੰਡ ਰਾਜ ਕ੍ਰਿਕਟ ਐਸੋਸੀਏਸ਼ਨ (ਜੇਐਸਸੀਏ) ਦੀ ਪਿਚ ’ਤੇ ਟਿਕ ਗਈਆਂ ਹਨ, ਜਿੱਥੇ ਪਹਿਲੀ ਵਾਰੀ ਕੋਈ ਟੈਸਟ ਮੈਚ ਕਰਾਇਆ ਜਾ ਰਿਹਾ ਹੈ।
ਚਾਰ ਟੈਸਟ ਮੈਚਾਂ ਦੀ ਇਹ ਬੌਰਡਰ-ਗਾਵਸਕਰ ਲੜੀ 1-1 ਨਾਲ ਬਰਾਬਰ ਚੱਲ ਰਹੀ ਹੈ ਅਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰੇਲੂ ਮੈਦਾਨ ’ਤੇ ਹੋਣ ਵਾਲਾ ਇਹ ਮੈਚ ਇਸ ਲੜੀ ਦੇ ਨਤੀਜੇ ’ਚ ਅਹਿਮ ਭੂਮਿਕਾ ਨਿਭਾਏਗਾ। ਪੁਣੇ ’ਚ ਪਹਿਲੇ ਟੈਸਟ ਮੈਚ ਦੀ ਪਿੱਚ ਨੂੰ ਮੈਚ ਰੈਫਰੀ ਨੇ ਖਰਾਬ ਕਰਾਰ ਦਿੱਤਾ ਸੀ ਜਦਕਿ ਬੰਗਲੌਰ ’ਚ ਦੂਜੇ ਟੈਸਟ ਮੈਚ ਦੀ ਪਿੱਚ ਨੂੰ ਕ੍ਰਿਸ ਬਰਾਡ ਨੇ ਔਸਤ ਤੋਂ ਖਰਾਬ ਕਰਾਰ ਦਿੱਤਾ ਹੈ। ਭਾਰਤ ਨੇ ਬੰਗਲੌਰ ਟੈਸਟ ਮੈਚ ’ਚ ਪਛੜਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਸੀ ਜਿਸ ਨਾਲ ਉਸ ਦਾ ਆਤਮ ਵਿਸ਼ਵਾਸ ਵਧਿਆ ਹੋਵੇਗਾ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿੱਥ ਨੇ ਦੂਜੇ ਟੈਸਟ ’ਚ ਐਲਬੀਡਬਲਿਊ ਹੋਣ ਮਗਰੋਂ ਡੀਆਰਐਸ ਰੀਵਿਊ ਲਈ ਡਰੈਸਿੰਗ ਰੂਮ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਦੋਵਾਂ ਟੀਮਾਂ ਦੀ ਚਿੰਤਾ ਫਿਲਹਾਲ ਪਿੱਚ ਨੂੰ ਲੈ ਕੇ ਹੈ। ਦਿੱਲੀ ’ਚ ਘਰੇਲੂ ਇੱਕਰੋਜ਼ਾ ਮੈਚਾਂ ਦੇ ਟੂਰਨਾਮੈਂਟ ’ਚ ਝਾਰਖੰਡ ਦੀ ਅਗਵਾਈ ਕਰ ਰਹੇ ਧੋਨੀ ਨੂੰ ਕੁਝ ਦਿਨ ਪਹਿਲਾਂ ਪਿੱਚ ਦੀ ਤਿਆਰੀ ਦੌਰਾਨ ਕਿਊਰੇਟਰ ਨਾਲ ਦੇਖਿਆ ਗਿਆ ਸੀ।
ਇਸ ਪਿੱਚ ਨੂੰ ਵੀ ਸਪਿੰਨਰਾਂ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ, ਪਰ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ ਪਿੱਚ ਪੰਜ ਦਿਨ ਤੱਕ ਬਰਕਰਾਰ ਰਹੇਗੀ। ਪਿਛਲੀਆਂ ਤਿੰਨ ਪਾਰੀਆਂ ’ਚ 600 ਤੋਂ ਵੱਧ ਦੌੜਾਂ ਬਣਾਉਣ ਵਾਲੇ ਮੇਜ਼ਬਾਨ ਟੀਮ ਦੇ ਬੱਲੇਬਾਜ਼ ਹੁਣ ਤੱਕ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ ਹਨ ਤੇ ਭਾਰਤ ਦੇ ਕਿਸੇ ਵੀ ਬੱਲੇਬਾਜ਼ ਨੇ ਹੁਣ ਤੱਕ ਸੈਕੜਾਂ ਨਹੀਂ ਜੜਿਆ ਹੈ। 
ਇਹ ਅੱਗੇ ਵਧਣ ਦਾ ਸਹੀ ਸਮਾਂ: ਕੋਹਲੀ
ਬੰਗਲੌਰ ’ਚ ਆਸਟਰੇਲੀਆ ’ਤੇ 75 ਦੌੜਾਂ ਦੀ ਰੁਮਾਂਚਕ ਜਿੱਤ ਦੌਰਾਨ ਆਸਟਰੇਲਿਆਈ ਕਪਤਾਨ ਸਟੀਵ ਸਮਿੱਥ ’ਤੇ ਗੰਭੀਰ ਦੋਸ਼ ਲਾਉਣ ਵਾਲੇ ਕੋਹਲੀ ਨੇ ਡੀਅਰਐਸ ਵਿਵਾਦ ਬਾਰੇ ਕਿਹਾ ਕਿ ਇਹ ਕ੍ਰਿਕਟ ’ਤੇ ਧਿਆਨ ਲਾਉਣ ਦਾ ਸਮਾਂ ਹੈ। ਕੋਹਲੀ ਨੇ ਕਿਹਾ ਕਿ ਇਸ ਘਟਨਾ ਬਾਰੇ ਕਾਫੀ ਕੁਝ ਕਿਹਾ ਜਾ ਚੁੱਕਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਬਾਕੀ ਲੜੀ ਵੱਲ ਧਿਆਨ ਦੇਣ। ਕਾਫੀ ਕ੍ਰਿਕਟ ਖੇਡੀ ਜਾਣੀ ਬਾਕੀ ਅਤੇ ਇਹ ਗੁੱਸੇ ਤੇ ਰੋਸੇ ਨਾਲ ਨਹੀਂ ਖੇਡੀ ਜਾਣੀ ਚਾਹੀਦੀ।
ਕੋਹਲੀ ਦਾ ਦਾਅਵਾ ਗਲਤ: ਸਮਿੱਥ
ਆਸਟਰੇਲਿਆਈ ਕਪਤਾਨ ਸਟੀਵਨ ਸਮਿਥ ਨੇ ਅੱਜ ਵਿਰਾਟ ਕੋਹਲੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਕਿ ਉਸ ਨੇ ਡੀਆਰਐਸ ਲੈਂਦੇ ਹੋਏ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਹਲੀ ਵੱਲੋਂ ਕੀਤੇ ਗਏ ਦਾਅਵੇ ਪੂਰੇ ਤਰ੍ਹਾਂ ਬੇਕਾਰ ਹਨ। ਸਮਿੱਥ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਉਹ ਪੂਰੀ ਤਰ੍ਹਾਂ ਗ਼ਲਤ ਹਨ। ਮੈਂ ਮੈਚ ਤੋਂ ਬਾਹਰ ਆਉਣ ਮਗਰੋਂ ਕਿਹਾ ਸੀ ਕਿ ਮੈਂ ਗਲਤੀ ਕੀਤੀ ਅਤੇ ਇਹ ਮੇਰੇ ਵੱਲੋਂ ਹੋਈ ਗਲਤੀ ਸੀ। ਡੀਆਰਐਸ ਲੈਣ ਸਮੇਂ ਡਰੈਸਿੰਗ ਰੂਮ ਵੱਲ ਦੇਖਣ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ, ‘ਅਸੀਂ ਲਗਾਤਾਰ ਅਜਿਹਾ ਕਰਦੇ ਹਾਂ ਤੇ ਮੇਰੇ ਅਨੁਸਾਰ ਇਹ ਪੂਰੀ ਤਰ੍ਹਾਂ ਬਕਵਾਸ ਹੈ।’

 

Latest News
Magazine Archive