ਭਾਰਤੀ-ਅਮਰੀਕੀ ਬੀਬੀ ਦੇ ਸਵਾਲਾਂ ਨਾਲ ਸਪਾਈਸਰ ਨੂੰ ਲੱਗੀਆਂ ‘ਮਿਰਚਾਂ’


ਵਾਸ਼ਿੰਗਟਨ - ਇਥੇ ਐਪਲ ਸਟੋਰ ਉਤੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨਾਲ ਇਕ ਭਾਰਤੀ-ਅਮਰੀਕੀ ਬੀਬੀ ਨੇ ਆਢਾ ਲਾਉਂਦਿਆਂ ਵਾਰ ਵਾਰ ਪੁੱਛਿਆ ‘ਫਾਸ਼ੀਵਾਦੀ’ ਲਈ ਕੰਮ ਕਰਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਸ ਦਾ ਯੂਐਸ ਦੇ ਉੱਚ ਅਧਿਕਾਰੀ ਨੇ ‘ਨਸਲਵਾਦੀ’ ਜਵਾਬ ਦਿੱਤਾ।
ਬੀਬੀ ਚੌਹਾਨ (33) ਨੇ ਸ਼ਨਿੱਚਰਵਾਰ ਨੂੰ ਹੋਏ ਇਸ ਜ਼ੁਬਾਨੀ ਮੁਕਾਬਲੇ ਦੀ ਵੀਡੀਓ ਟਵਿੱਟਰ ਉਤੇ ਪੋਸਟ ਕੀਤੀ ਹੈ, ਜਿਸ ਵਿੱਚ ਤਿੱਖੇ ਸਵਾਲਾਂ ਦੀ ਵਾਛੜ ਉਤੇ ਸਪਾਈਸਰ ਦੀ ਪ੍ਰਤੀਕਿਰਿਆ ਦਿਖਾਈ ਗਈ ਹੈ। ਚੌਹਾਨ ਨੇ ਸਪਾਈਸਰ ਨੂੰ ਰੂਸ ਬਾਰੇ ਵੀ ਪੁੱਛਿਆ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਉਤੇ ਦੇਸ਼-ਧ੍ਰੋਹ ਦਾ ਦੋਸ਼ ਲਾਇਆ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਵਿੱਚ ਸਪਾਈਸਰ ਕਹਿ ਰਿਹਾ ਹੈ ਕਿ ਅਮਰੀਕਾ ‘ਇਕ ਅਜਿਹਾ ਮਹਾਨ ਮੁਲਕ ਹੈ ਜਿਸ ਨੇ ਤੁਹਾਨੂੰ ਇਥੇ ਆਉਣ ਦੀ ਆਗਿਆ ਦਿੱਤੀ ਹੈ।’ ਚੌਹਾਨ ਨੇ ਇਸ ਟਿੱਪਣੀ ਨੂੰ ਨਸਲੀਵਾਦੀ ਕਰਾਰ ਦਿੱਤਾ ਹੈ।
ਉਸ ਨੇ ਕਿਹਾ, ‘ਇਹ ਜਾਤੀਵਾਦ ਹੈ ਅਤੇ ਇਹ ਅਸਿੱਧੀ ਧਮਕੀ ਹੈ। ਸ੍ਰੀਮਾਨ ਸਪਾਈਸਰ ਦੀ ਗੁਸਤਾਖ਼ ਬਹਾਦਰੀ ਬਾਰੇ ਸੋਚੋ ਜਿਨ੍ਹਾਂ ਨੇ ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਅਤੇ ਸਰਕਾਰ ’ਚ ਉਹ ਵੱਡੇ ਅਹੁਦੇ ਉਤੇ ਹਨ, ਫਿਰ ਵੀ ਉਨ੍ਹਾਂ ਮੇਰੇ ਮੂੰਹ ਉਤੇ ਇਹ ਮੁਸਕਰਾ ਕੇ ਕਿਹਾ।’ ਚੌਹਾਨ ਨੇ ਸਪਾਈਸਰ ਦੀ ਪ੍ਰਤੀਕਿਰਿਆ ਨੂੰ ਆਪਣੀ ਨਾਗਰਿਕਤਾ ਲਈ ਖ਼ਤਰਾ ਦੱਸਿਆ ਹੈ। ਉਸ ਨੇ ਕਿਹਾ, ‘ਕੈਮਰੇ ਉਤੇ ਮੇਰੀ ਨਾਗਰਿਕਤਾ ਨੂੰ ਦਲੇਰਾਨਾ ਢੰਗ ਨਾਲ ਦਿੱਤੀ ਧਮਕੀ ਨਾਲ ਮੈਂ ਹਾਲੇ ਵੀ ਸੁੰਨ ਹਾਂ। ਮੇਰੀ ਸੁਰ ਸਲੀਕੇ ਵਾਲੀ ਨਹੀਂ ਸੀ। ਪਰ ਲਿਆਕਤ ਨਾਲ ਪੇਸ਼ ਨਾ ਆਉਣ ਦਾ ਇਹ ਕਦੋਂ ਮਤਲਬ ਹੈ ਕਿ ਮੈਨੂੰ ਯੂਐਸਏ ਵਿੱਚੋਂ ਬਾਹਰ ਸੁੱਟਿਆ ਜਾਣਾ ਚਾਹੀਦਾ ਹੈ? ਜਿਸ ਮੁਲਕ ਵਿੱਚ ਮੈਂ ਜੰਮੀ, ਜਿਸ ਮੁਲਕ ਵਿੱਚ ਵੱਡੀ ਹੋਈ, ਜਿਸ ਮੁਲਕ ਨੂੰ ਮੈਂ ਖ਼ਾਮੀਆਂ ਦੇ ਬਾਵਜੂਦ ਪਿਆਰ ਕਰਦੀ ਹਾਂ।’
ਸਪਾਈਸਰ ਨੇ ਆਪਣੀ ਰੋਜ਼ਾਨਾ ਦੀ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਆਜ਼ਾਦ ਮੁਲਕ ਹੈ ਅਤੇ ਲੋਕਾਂ ਨੂੰ ਉਹ ਬੋਲਣ ਤੇ ਕੰਮ ਕਰਨ ਦੀ ਆਜ਼ਾਦੀ ਹੈ, ਜਿਸ ਤਰ੍ਹਾਂ ਉਹ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਜੇਕਰ ਲੋਕਾਂ ਕੋਲ ਕੋਈ ਸਵਾਲ ਹੋਵੇ ਤਾਂ ਉਨ੍ਹਾਂ ਨੂੰ ਮੇਰੇ ਕੋਲੋਂ ਪੁੱਛਣਾ ਚਾਹੀਦਾ ਹੈ। ਇਸ ਨੂੰ ਪੁੱਛੋ। ਮੈਂ ਸਾਰਾ ਦਿਨ ਲੋਕਾਂ ਨਾਲ ਗੱਲਬਾਤ ਕਰਦਾ ਹਾਂ, ਜਿਨ੍ਹਾਂ ਵਿੱਚੋਂ 99 ਫ਼ੀਸਦ ਤੱਕ ਖੁਸ਼ ਹੁੰਦੇ ਹਨ ਭਾਵੇਂ ਉਹ ਸਾਡੀ ਵਿਚਾਰਧਾਰਾ ਜਾਂ ਪ੍ਰੋਗਰਾਮਾਂ ਨਾਲ ਸਹਿਮਤ ਨਹੀਂ ਵੀ ਹੁੰਦੇ।’
 

 

 

fbbg-image

Latest News
Magazine Archive