ਹੋਲਾ ਮਹੱਲਾ: ਦੂਜੇ ਦਿਨ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ


ਸ੍ਰੀ ਆਨੰਦਪੁਰ ਸਾਹਿਬ - ਇੱਥੇ ਹੋਲੇ ਮਹੱਲੇ ਦੇ ਦੂਜੇ ਦਿਨ ਤੱਕ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਤਖ਼ਤ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕਿਆ।
ਇਸ ਮੌਕੇ ਤਖ਼ਤ ਸਾਹਿਬ ਵਿਖੇ ਸਜਾਏ ਧਾਰਮਿਕ ਦੀਵਾਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਹੋਲੇ ਮਹੱਲੇ ਦੇ ਉਦੇਸ਼ ਅਤੇ ਸੰਦੇਸ਼ ਨੂੰ ਸੰਗਤ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਹੈ ਅਤੇ ਦਸਮ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਰਵਾਇਤ ਭਾਰਤੀ ਤਿਉਹਾਰ ਹੋਲੀ ਦੀ ਥਾਂ ਆਰੰਭ ਕੀਤੀ ਸੀ, ਜਿਸ ਦਾ ਮਕਸਦ ਮਨੁੱਖਤਾ ਅੰਦਰ ਜੋਸ਼, ਦ੍ਰਿੜ੍ਹਤਾ, ਹਿੰਮਤ, ਅਣਖ ਤੇ ਦਲੇਰੀ ਪੈਦਾ ਕਰਨਾ ਸੀ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸੰਗਤ ਦੇ ਮਨਾਂ ਅੰਦਰ ਖੇੜਾ ਪੈਦਾ ਕਰਦਾ ਹੈ।
ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਹਾਜ਼ਰੀ ਭਰੀ। ਇਸ ਦੌਰਾਨ ਭਾਈ ਕਰਨੈਲ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਕਾਰਜ ਸਿੰਘ, ਭਾਈ ਲਖਵਿੰਦਰ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ, ਭਾਈ ਧਰਮਵੀਰ ਸਿੰਘ, ਗਿਆਨੀ ਜਸਵੰਤ ਸਿੰਘ, ਪ੍ਰਚਾਰਕ ਭਾਈ ਰਾਜਿੰਦਰਪਾਲ ਸਿੰਘ ਤੇ ਢਾਡੀ ਜਥਿਆਂ ਨੇ ਸੰਗਤ ਨੂੰ ਗੁਰੂਜਸ ਦੇ ਨਾਲ ਜੋੜਿਆ। ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਅਮਰਜੀਤ ਸਿੰਘ ਚਾਵਲਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸਨਮਾਨ ਕੀਤਾ ਗਿਆ। ਇੱਥੇ ਹੋਲੇ ਮਹੱਲੇ ਦੌਰਾਨ ਪ੍ਰਸ਼ਾਸਨ ਤੇ ਟਰੈਫ਼ਿਕ ਪੁਲੀਸ ਦੇ ਦਾਅਵਿਆਂ ਦੀ ਫੂਕ ਨਿਕਲ ਗਈ। ਸਬੰਧਤ ਅਧਿਕਾਰੀਆਂ ਵੱਲੋਂ ਇਸ ਸਬੰਧੀ ਕਈ ਬੈਠਕਾਂ ਕੀਤੀਆਂ ਗਈਆਂ ਸਨ, ਜੋ ਅਸਰਦਾਰ ਸਿੱਧ ਨਾ ਹੋਈਆਂ। ਮੀਟਿੰਗਾਂ ਦੌਰਾਨ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਮੰਗਤਿਆਂ ਖ਼ਿਲਾਫ਼ ਵਿਸ਼ੇਸ਼ ਟੀਮਾਂ ਗਠਨ ਕਰਨ ਦੇ ਦਾਅਵੇ ਕੀਤੇ ਗਏ ਪਰ ਮੰਗਤੇ ਥਾਂ ਥਾਂ ਦੇਖੇ ਗਏ।

 

 

fbbg-image

Latest News
Magazine Archive