ਮਾਇਆਵਤੀ ਵੱਲੋਂ ਈਵੀਐਮਜ਼ ਨਾਲ ਛੇੜਛਾੜ ਦਾ ਦੋਸ਼; ਮੁੜ ਚੋਣ ਮੰਗੀ


ਲਖਨਊ - ਬਸਪਾ ਮੁਖੀ ਮਾਇਆਵਤੀ, ਜਿਨ੍ਹਾਂ ਦੀ ਪਾਰਟੀ ਨੂੰ ਯੂਪੀ ਵਿਧਾਨ ਸਭਾ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਨੇ ਅੱਜ ਦੋਸ਼ ਲਾਇਆ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਨਾਲ ਅਜਿਹੇ ਢੰਗ ਨਾਲ ਛੇੜਛਾੜ ਕੀਤੀ ਗਈ ਸੀ ਕਿ ਕੋਈ ਵੀ ਬਟਨ ਦੱਬਣ ਉਤੇ ਵੋਟ ਭਾਜਪਾ ਨੂੰ ਪੈਂਦੀ ਸੀ। ਨਤੀਜਿਆਂ ਨੂੰ ‘ਸਦਮਾ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਵੋਟਾਂ ਦੀ ਗਿਣਤੀ ਰੋਕ ਕੇ ਨਵੇਂ ਸਿਰੇ ਤੋਂ ਬੈਲੇਟ ਪੇਪਰ ਵਾਲੀਆਂ ਚੋਣਾਂ ਕਰਾਉਣੀਆਂ ਚਾਹੀਦੀਆਂ ਹਨ।
ਵੋਟਾਂ ਦੀ ਗਿਣਤੀ ਦੌਰਾਨ ਵੱਡੀ ਗਿਣਤੀ ’ਚ ਨਤੀਜੇ ਤੇ ਰੁਝਾਨ ਭਾਜਪਾ ਦੇ ਪੱਖ ਵਿੱਚ ਜਾਣ ਬਾਅਦ ਮਾਇਆਵਤੀ ਤੇ ਕਾਹਲੀ ਵਿੱਚ ਪ੍ਰੈੱਸ ਕਾਨਫਰੰਸ ਸੱਦੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਮਾੜੀ ਮੋਟੀ ਵੀ ਨੈਤਿਕਤਾ ਤੇ ਇਮਾਨਦਾਰੀ ਬਚੀ ਹੈ ਤਾਂ ਚੋਣ ਕਮਿਸ਼ਨ ਨੂੰ ਕਹਿ ਕੇ ਨਵੇਂ ਸਿਰੇ ਤੋਂ ਚੋਣਾਂ ਕਰਾ ਕੇ ਦੇਖ ਲੈਣ। ਉਨ੍ਹਾਂ ਕਿਹਾ, ‘ਯੂਪੀ ਤੇ ਉੱਤਰਾਖੰਡ ਵਿੱਚ ਚੋਣ ਨਤੀਜੇ ਹੈਰਾਨ ਕਰਨ ਵਾਲੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਈਵੀਐਮਜ਼ ਨੇ ਭਾਜਪਾ ਬਿਨਾਂ ਕਿਸੇ ਹੋਰ ਪਾਰਟੀ ਨੂੰ ਪਈ ਵੋਟ ਸਵੀਕਾਰ ਹੀ ਨਹੀਂ ਕੀਤੀ।’ ਉਨ੍ਹਾਂ ਕਿਹਾ ਕਿ ਇਹ ‘ਬਰਦਾਸ਼ਤਯੋਗ ਨਹੀਂ’ ਹੈ ਕਿ ਭਾਜਪਾ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਵੀ ਜਿੱਤ ਰਹੀ ਹੈ। ਹਾਲਾਂਕਿ ਭਾਜਪਾ ਨੇ ਇਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਸੀ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਹਾਰ ਕਬੂਲਦਿਆਂ ਕਿਹਾ ਕਿ ਹਾਰ ਦੇ ਕਾਰਨਾਂ ਦਾ ਪਾਰਟੀ ਅਧਿਐਨ ਕਰੇਗੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਹਾਰ ਦੇ ਬਾਵਜੂਦ ਕਾਂਗਰਸ ਨਾਲ ਗੱਠਜੋੜ ਜਾਰੀ ਰਹੇਗਾ। ਮਾਇਆਵਤੀ ਵੱਲੋਂ ਈਵੀਐਮਜ਼ ਨਾਲ ਛੇੜਛਾੜ ਦੇ ਲਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ, ‘ਜੇਕਰ ਈਵੀਐਮਜ਼ ਬਾਰੇ ਸਵਾਲ ਉੱਠੇ ਹਨ ਤਾਂ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਮੈਂ ਵੀ ਆਪਣੇ ਪੱਧਰ ’ਤੇ ਇਸ ਦੀ ਪੜਤਾਲ ਕਰਾਂਗਾ।’        

 

 

fbbg-image

Latest News
Magazine Archive