ਕੈਪਟਨ ਨੇ ਆਖਰ ਫਤਿਹ ਕਰ ਲਿਆ ਪੰਜਾਬ ਦਾ ਮੈਦਾਨ


ਜਲੰਧਰ — ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਨੇ ਪੰਜਾਬ ਦਾ ਮੈਦਾਨ ਫਤਿਹ ਕਰ ਲਿਆ ਹੈ, ਜਿਸ ਦਾ ਤਾਜ ਯਕੀਨੀ ਤੌਰ 'ਤੇ ਕੈਪਟਨ ਦੇ ਸਿਰ ਸਜੇਗਾ। ਪਿਛਲੇ ਦਸ ਸਾਲਾਂ ਤੋਂ ਸੱਤਾ 'ਚ ਰਹੇ ਅਕਾਲੀ-ਭਾਜਪਾ ਗਠਜੋੜ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਸ ਦੀਆਂ ਸੀਟਾਂ ਦੀ ਗਿਣਤੀ 20 ਤੋਂ ਵੀ ਥੱਲੇ ਰਹਿ ਗਈ। ਪੰਜਾਬ ਅਸੈਂਬਲੀ ਦੀਆਂ ਕੁੱਲ 117 ਸੀਟਾਂ 'ਚੋਂ, ਜਿੱਤ ਦੇ ਵੱਡੇ ਦਾਅਵੇ ਕਰਨ ਵਾਲੀ, ਆਮ ਆਦਮੀ ਪਾਰਟੀ ਦੇ ਹੱਥ ਵੀ 20-22 ਸੀਟਾਂ ਹੀ ਲੱਗੀਆਂ ਹਨ। ਬਾਕੀ ਸਾਰੀਆਂ ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਝੁਲਾਇਆ ਹੈ ਅਤੇ ਉਸ ਨੂੰ ਸਪੱਸ਼ਟ ਬਹੁਮਤ ਹਾਸਲ ਹੋ ਗਿਆ। ਕਾਂਗਰਸ ਪਾਰਟੀ ਜਿੱਥੇ ਆਪਣੀ ਜਿੱਤ ਦੇ ਜਸ਼ਨ ਮਨਾਉਣ 'ਚ ਲੱਗੀ ਹੋਈ ਹੈ, ਉੱਥੇ ਅਕਾਲੀ-ਭਾਜਪਾ ਗਠਜੋੜ ਨੂੰ ਇਹ ਸੋਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਆਖਰ ਉਨ੍ਹਾਂ ਨੂੰ ਇੰਨੀ ਕਸੂਤੀ ਹਾਰ ਕਿਵੇਂ ਮਿਲੀ। ਜੇਕਰ ਗਠਜੋੜ ਦੀਆਂ ਪਾਰਟੀਆਂ ਸਚਮੁੱਚ ਹਾਰ ਦੇ ਕਾਰਨਾਂ ਨੂੰ ਲੱਭ ਲੈਂਦੀਆਂ ਹਨ ਅਤੇ ਉਨ੍ਹਾਂ ਦਾ ਹੱਲ ਕੱਢਣ ਦਾ ਯਤਨ ਕਰਦੀਆਂ ਹਨ ਤਾਂ ਯਕੀਨਣ ਹੀ ਪੰਜਾਬ ਦੀ ਸਿਆਸਤ 'ਚ ਇਹ ਇਕ ਨਵਾਂ ਅਧਿਆਇ ਹੋਵੇਗਾ। ਪਿਛਲੇ ਸਾਲਾਂ 'ਚ ਲਗਾਤਾਰ 2 ਹਾਰਾਂ ਝੱਲਣ ਵਾਲੀ ਕਾਂਗਰਸ ਪਾਰਟੀ, ਜਿਸ ਨੂੰ ਹੁਣ ਤੀਜੀਆਂ ਚੋਣਾਂ 'ਚ ਜਿੱਤ ਮਿਲੀ ਹੈ, ਨੂੰ ਵੀ ਇਨ੍ਹਾਂ ਗੱਲਾਂ ਤੋਂ ਸਬਕ ਸਿੱਖਣਾ ਪਵੇਗਾ ਕਿ ਆਖਰ ਉਹ ਦੋ ਵਾਰ ਕਿਉਂ ਹਾਰੀ ਅਤੇ ਹੁਣ ਅਕਾਲੀ ਭਾਜਪਾ ਗਠਜੋੜ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ! ਕਾਂਗਰਸ ਪਾਰਟੀ ਜਿੱਤ ਦੇ ਜਸ਼ਨਾਂ 'ਚ ਨਾ ਡੁੱਬ ਕੇ ਜੇ ਕੌੜੀਆਂ ਹਕੀਕਤਾਂ ਨੂੰ ਵੀ ਨਾਲ ਲੈ ਕੇ ਚੱਲੇਗੀ ਤਾਂ ਇਹ ਉਸ ਲਈ ਵੀ ਭਲਾ ਹੋਵੇਗਾ ਅਤੇ ਪੰਜਾਬ ਲਈ ਵੀ ਸ਼ੁਭ ਲੱਛਣ ਹੋਣਗੇ। ਇਸ ਮੌਕੇ ਤਾਂ ਜੇਤੂ ਪਾਰਟੀ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਅਤੇ ਵਿਭਾਗਾਂ ਦੀ ਵੰਡ 'ਤੇ ਧਿਆਨ ੇਕੇਂਦਰਿਤ ਕਰਨ ਵੱਲ ਲੱਗ ਜਾਵੇਗੀ। ਪਾਰਟੀ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਵੀ ਸੱਤਾ ਸੰਭਾਲਣ ਤੋਂ ਬਾਅਦ ਪੂਰੇ ਕਰਨੇ ਹਨ ਅਤੇ ਪੰਜਾਬ ਦੇ ਭਵਿੱਖ ਸਾਹਮਣੇ ਮੂੰਹ ਅੱਡ ਦੇ ਖਲੋਤੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਵੀ ਹੱਲ ਲੱਭਣਾ ਹੈ। ਪੰਜਾਬ ਦੀ ਆਰਥਿਕਤਾ ਵੀ ਬਹੁਤੀ ਚੰਗੀ ਹਾਲਤ 'ਚ ਵੀ ਅਤੇ ਐਸ.ਵਾਈ.ਐਲ ਦਾ ਮੁੱਦਾ ਅਤਿ- ਗੰਭੀਰ ਮੁੱਦਾ ਹਾਸਲ ਕਰ ਚੁੱਕਾ ਹੈ। ਇਨ੍ਹਾਂ ਸਭ ਚੁਣੌਤੀਆਂ ਨਾਲ ਨਜਿੱਠਣਾ ਕਾਂਗਰਸ ਦੀ ਨਵੀਂ ਸਰਕਾਰ ਲਈ ਬਹੁਤਾ ਆਸਾਨ ਨਹੀਂ ਹੋਵੇਗਾ।

 

 

fbbg-image

Latest News
Magazine Archive