ਪਾਵਰਕੌਮ ਨੇ ਆਪਣੇ ਡਿਫਾਲਟਰਾਂ ਬਾਰੇ ਚੁੱਪ ਧਾਰੀ


ਬਠਿੰਡਾ - ਪਾਵਰਕੌਮ ਨੇ ਬਿਜਲੀ ਬਿੱਲਾਂ ਦੀ ਵਸੂਲੀ ਦੇ ਮਾਮਲੇ ਵਿੱਚ ‘ਆਪਣੇ’ ਡਿਫਾਲਟਰ ਬਖ਼ਸ਼ ਦਿੱਤੇ ਹਨ। ਪੰਜਾਬ ਵਿੱਚ ਬਿਜਲੀ ਦੇ ਸੈਂਕੜੇ ਸਬ ਸਟੇਸ਼ਨ ਹਨ, ਜੋ ਵਰ੍ਹਿਆਂ ਤੋਂ ਡਿਫਾਲਟਰ ਹਨ, ਉਨ੍ਹਾਂ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਪਾਵਰਕੌਮ ਦੀ ਸਹਿਯੋਗੀ ਕੰਪਨੀ ਟਰਾਂਸਕੋ (ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ) ਦੇ ਪੰਜਾਬ ਵਿੱਚ ਸੈਂਕੜੇ 132 ਕੇਵੀ ਅਤੇ 220 ਕੇਵੀ ਦੇ ਸਬ ਸਟੇਸ਼ਨ ਹਨ, ਜੋ ਡਿਫਾਲਟਰ ਹਨ। ਪੰਜਾਬ ਵਿੱਚੋਂ ਇਕੱਲੇ ਫ਼ਿਰੋਜ਼ਪੁਰ ਸਰਕਲ ਨੇ ਇਨ੍ਹਾਂ ਸਬ ਸਟੇਸ਼ਨਾਂ ਨੂੰ ਬਿਜਲੀ ਬਿੱਲਾਂ ਦੇ ਬਕਾਏ ਤਾਰਨ ਦੀ ਤਾੜਨਾ ਕੀਤੀ ਹੈ, ਜਦੋਂ ਕਿ ਬਾਕੀ ਅਧਿਕਾਰੀ ਚੁੱਪ ਵੱਟ ਗਏ ਹਨ। ਟਰਾਂਸਕੋ ਵੱਲੋਂ ਇਨ੍ਹਾਂ ਸਬ ਸਟੇਸ਼ਨਾਂ ’ਤੇ ਬਿਜਲੀ ਦੀ ਖਪਤ ਕੀਤੀ ਜਾਂਦੀ ਹੈ। ਸਬ ਸਟੇਸ਼ਨਾਂ ’ਤੇ ਏਸੀ ਵਗੈਰਾ ਵੀ ਚੱਲਦੇ ਹਨ। ਵੇਰਵਿਆਂ ਅਨੁਸਾਰ ਟਰਾਂਸਕੋ ਦੇ ਸਬ ਸਟੇਸ਼ਨਾਂ ਵੱਲ ਇਸ ਵੇਲੇ 13.09 ਕਰੋੜ ਰੁਪਏ ਬਕਾਇਆ ਹਨ। ਸੂਤਰ ਦੱਸਦੇ ਹਨ ਕਿ ਕਈ ਸਬ ਸਟੇਸ਼ਨਾਂ ਵਿੱਚ ਤਾਂ ਹਾਲੇ ਤੱਕ ਮੀਟਰ ਵੀ ਨਹੀਂ ਲੱਗੇ, ਜਦੋਂ ਕਿ ਕਾਫ਼ੀ ਸਬ ਸਟੇਸ਼ਨਾਂ ਦਾ ਬਿੱਲ ਕਾਫ਼ੀ ਸਮੇਂ ਤੋਂ ਭਰਿਆ ਨਹੀਂ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੱਛਮੀ ਜ਼ੋਨ ਵਿੱਚ ਇਨ੍ਹਾਂ ਸਬ ਸਟੇਸ਼ਨਾਂ ਵੱਲ 5.87 ਕਰੋੜ ਦੇ ਬਿੱਲ ਬਕਾਇਆ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਬਠਿੰਡਾ-ਮਾਨਸਾ ਵਿਚਲੇ ਸਬ ਸਟੇਸ਼ਨਾਂ ਦੇ 2.63 ਕਰੋੜ ਦੇ ਬਕਾਏ ਹਨ। ਫ਼ਰੀਦਕੋਟ ਸਰਕਲ ਦੇ 1.15 ਅਤੇ ਫ਼ਿਰੋਜ਼ਪੁਰ ਸਰਕਲ ਦੇ 1.26 ਕਰੋੜ ਰੁਪਏ ਬਕਾਇਆ ਹਨ। ਫ਼ਿਰੋਜ਼ਪੁਰ ਸਰਕਲ ਦੇ ਨਿਗਰਾਨ ਇੰਜਨੀਅਰ ਐਮ.ਪੀ.ਐਸ ਢਿੱਲੋਂ ਨੇ ਟਰਾਂਸਕੋ ਦੇ ਮੁੱਖ ਇੰਜਨੀਅਰ ਨੂੰ 10 ਮਾਰਚ ਨੂੰ ਸਬ ਸਟੇਸ਼ਨਾਂ ਦੀ ਬਕਾਇਆ ਰਾਸ਼ੀ ਵਸੂਲਣ ਲਈ ਪੱਤਰ ਵੀ ਲਿਖਿਆ ਹੈ। ਸ੍ਰੀ ਢਿੱਲੋਂ ਦਾ ਕਹਿਣਾ ਹੈ ਕਿ ਇਹ ਬਕਾਏ ਕਾਫ਼ੀ ਸਮੇਂ ਤੋਂ ਖੜ੍ਹੇ ਹਨ, ਜਿਨ੍ਹਾਂ ਦੀ ਵਸੂਲੀ ਲਈ ਲਿਖਿਆ ਗਿਆ ਹੈ। ਵੇਰਵਿਆਂ ਅਨੁਸਾਰ ਮੁਕਤਸਰ ਸਰਕਲ ਦੇ ਸਬ ਸਟੇਸ਼ਨ ਵੱਲ ਵੀ 81.88 ਲੱਖ ਦੇ ਬਿੱਲ ਬਕਾਇਆ ਹਨ। ਦੱਖਣੀ ਜ਼ੋਨ ਦੇ ਸਬ ਸਟੇਸ਼ਨਾਂ ਵੱਲ 1.90 ਕਰੋੜ ਦੇ ਬਿੱਲ ਬਕਾਇਆ ਹਨ, ਜਿਨ੍ਹਾਂ ਵਿੱਚੋਂ ਇਕੱਲੇ ਬਨੂੜ ਦੇ 220 ਕੇਵੀ ਸਬ ਸਟੇਸ਼ਨ ਵੱਲ 78.09 ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਪਟਿਆਲਾ  ਜ਼ਿਲ੍ਹੇ ਵੱਲ 57.88 ਲੱਖ ਅਤੇ ਸੰਗਰੂਰ ਵੱਲ 51.05 ਲੱਖ ਦਾ ਬਕਾਇਆ ਹੈ।
ਸੂਤਰ ਦੱਸਦੇ ਹਨ ਕਿ ਪਹਿਲੋਂ ਪਹਿਲ ਤਾਂ ਟਰਾਂਸਕੋ ਦੀ ਇਸ ਬਿਜਲੀ ਖਪਤ ਨੂੰ ਤਕਨੀਕੀ ਘਾਟਿਆਂ ਵਿੱਚ ਗਿਣ ਲਿਆ ਜਾਂਦਾ ਸੀ ਪਰ ਹੁਣ ਇਨ੍ਹਾਂ ਸਬ ਸਟੇਸ਼ਨਾਂ ਦੀ ਖਪਤ ਦਾ ਵੱਖਰਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ, ਜਿਸ ਦਾ ਬਿੱਲ ਟਰਾਂਸਕੋ ਵੱਲੋਂ ਪਾਵਰਕੌਮ ਕੋਲ ਜਮ੍ਹਾਂ ਕਰਾਇਆ ਜਾਣਾ ਹੁੰਦਾ ਹੈ। ਤੱਥਾਂ ਅਨੁਸਾਰ ਪਾਵਰਕੌਮ ਦੇ ਕੇਂਦਰੀ ਜ਼ੋਨ ਵਿਚਲੇ ਸਬ ਸਟੇਸ਼ਨ 1.32 ਕਰੋੜ ਅਤੇ ਦੱਖਣੀ ਜ਼ੋਨ ਦੇ ਸਬ ਸਟੇਸ਼ਨ 2.57 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਡਿਫਾਲਟਰ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਬ ਸਟੇਸ਼ਨਾਂ ਵੱਲ 95.82 ਲੱਖ ਅਤੇ ਨਵਾਂਸ਼ਹਿਰ ਦੇ ਸਬ ਸਟੇਸ਼ਨਾਂ ਵੱਲ 86.94 ਲੱਖ ਦੇ ਬਿੱਲ ਖੜ੍ਹੇ ਹਨ। ਚਰਚੇ ਹਨ ਕਿ ਪਾਵਰਕੌਮ ‘ਆਪਣਿਆਂ’ ਨਾਲ ਮੂੰਹ ਮੁਲਾਹਜ਼ਾ ਪੂਰ ਰਿਹਾ ਹੈ।
ਰੈਗੂਲਰ ਬਿੱਲ ਤਾਰ ਰਹੇ ਹਾਂ: ਮੁੱਖ ਇੰਜਨੀਅਰ
ਟਰਾਂਸਕੋ ਦੇ ਮੁੱਖ ਇੰਜਨੀਅਰ (ਪੀ ਐਂਡ ਐਮ) ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਟਰਾਂਸਕੋ ਦੇ ਸਬ ਸਟੇਸ਼ਨਾਂ ’ਤੇ ਬਿਜਲੀ ਦੀ ਖਪਤ ਲਈ ਬਾਕਾਇਦਾ ਮੀਟਰ ਲੱਗੇ ਹੋਏ ਹਨ ਅਤੇ ਟਰਾਂਸਕੋ ਤਰਫੋਂ ਰੈਗੂਲਰ ਬਿੱਲ ਭਰੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ  ਉਨ੍ਹਾਂ ਨੂੰ ਕਦੇ ਵੀ ਪਾਵਰਕੌਮ ਵੱਲੋਂ ਬਕਾਇਆ ਬਿੱਲਾਂ ਦਾ ਕਈ ਵੇਰਵਾ ਨਹੀਂ ਮਿਲਿਆ। ਸਿਰਫ਼ ਇਕ ਅੱਧੇ ਸਬ ਸਟੇਸ਼ਨ ਦਾ ਬਕਾਇਆ ਖੜ੍ਹਾ ਹੋਵੇਗਾ।

 

 

fbbg-image

Latest News
Magazine Archive