ਦਿੱਲੀ ਗੁਰਦੁਆਰਾ ਕਮੇਟੀ ਲਈ ਚੋਣ ਪ੍ਰਚਾਰ ਬੰਦ


ਨਵੀਂ ਦਿੱਲੀ, 25 ਫਰਵਰੀ- ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ। ਇਨ੍ਹਾਂ ਵਾਰਡਾਂ ਲਈ ਵੋਟਾਂ ਲਈ 26 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਜਦਕਿ ਨਤੀਜੇ 1 ਮਾਰਚ ਨੂੰ ਆਉਣਗੇ। ਉਂਜ 1979 ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਚੋਣਾਂ, ਕਮੇਟੀ ਐਕਟ ਮੁਤਾਬਕ ਚਾਰ ਸਾਲ ਦੇ ਵਕਫ਼ੇ ਮਗਰੋਂ ਹੋ ਰਹੀਆਂ ਹਨ।
ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਬੋਰਡ ਕੋਲ ਪੰਜੀਕ੍ਰਿਤ ਪੰਜ ਦਲਾਂ ਵੱਲੋਂ 151 ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 46, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਵੀ 46, ਪੰਥਕ ਸੇਵਾ ਦਲ ਦੇ 39, ਅਕਾਲ ਸਹਾਇ ਸਿੱਖ ਵੈੱਲਫੇਅਰ ਸੁਸਾਇਟੀ ਦੇ 11 ਤੇ ਆਮ ਅਕਾਲੀ ਦਲ ਦੇ 9 ਉਮੀਦਵਾਰ ਮੈਦਾਨ ਵਿੱਚ ਹਨ। ਆਜ਼ਾਦ ਉਮੀਦਵਾਰਾਂ ਦੀ ਗਿਣਤੀ 184 ਹੈ। ਇਸ ਤਰ੍ਹਾਂ ਕੁੱਲ 335 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦਿੱਲੀ ਵਿੱਚ ਕੁੱਲ 3.80 ਲੱਖ ਸਿੱਖ ਵੋਟਰ ਹਨ ਜਦਕਿ 2013 ਵਿੱਚ ਇਹ ਅੰਕੜਾ 4.5 ਲੱਖ ਸੀ। ਚੋਣ ਮੈਦਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਮੁੱਖ ਸਿਆਸੀ ਧਿਰਾਂ ਹਨ, ਜਿਨ੍ਹਾਂ ਸਾਰੇ ਵਾਰਡਾਂ ਤੋਂ ਉਮੀਦਵਾਰਾਂ ਲਈ ਜ਼ੋਰ ਲਾਇਆ ਹੈ। ਪੰਥਕ ਸੇਵਾ ਦਲ ਵੱਲੋਂ ਤੀਜੀ ਧਿਰ ਉਸਾਰਨ ਦੀ ਕੋਸ਼ਿਸ਼ ਕੀਤੀ ਗਈ। ‘ਅਕਾਲ   ਸਹਾਇ’ ਦਾ ਬਹੁਤਾ ਦਾਰੋਮਦਾਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਉਪਰ ਟਿਕਿਆ ਹੈ। ਆਮ ਅਕਾਲੀ ਦਲ ਨੂੰ ਵੀ ਨਵੀਂ ਪਾਰਟੀ ਹੋਣ ਕਰਕੇ ਖਾਸੀ ਮਿਹਨਤ ਕਰਨੀ ਪਈ ਹੈ। ਭਾਈ ਬਲਦੇਵ ਸਿੰਘ ਵਡਾਲਾ ਵੱਲੋਂ 25 ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ, ਪਰ ਚੋਣ ਬੋਰਡ ਨੇ ਪੰਜੀਕਰਨ ਦੀਆਂ ਸ਼ਰਤਾਂ ਅਧੂਰੀਆਂ ਹੋਣ ਕਰ ਕੇ ਇਨ੍ਹਾਂ ਨੂੰ ਆਜ਼ਾਦ ਉਮੀਦਵਾਰ ਹੀ ਮੰਨਿਆ ਹੈ। ਕਾਂਗਰਸੀ ਆਗੂ ਤੇ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਇਕਲੌਤੇ ਉਮੀਦਵਾਰ ਹਨ।
ਆਜ਼ਾਦ ਉਮੀਦਵਾਰਾਂ ਵਿੱਚ 8 ਔਰਤਾਂ ਵੀ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਵੇਂ ਐਤਕੀਂ ਮੂਹਰੇ ਹੋ ਕੇ ਚੋਣ ਪ੍ਰਚਾਰ ਨਹੀਂ ਕੀਤਾ ਪਰ ਬੀਬੀ ਜਾਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸੁਖਦੇਵ ਸਿੰਘ ਢੀਂਡਸਾ ਤੇ ਹੀਰਾ ਸਿੰਘ ਗਾਬੜੀਆ ਵਰਗੇ ਆਗੂ ਪਰਦੇ ਪਿੱਛਿਓਂ ਹੀ ਸਰਗਰਮੀਆਂ ਚਲਾਉਂਦੇ ਰਹੇ। ਯਾਦ ਰਹੇ ਕਿ ਦਿੱਲੀ ਕਮੇਟੀ ਦਾ ਸਲਾਨਾ ਬਜਟ ਕਰੀਬ 100 ਕਰੋੜ ਦਾ ਹੁੰਦਾ ਹੈ ਜਦਕਿ ਕਮੇਟੀ ਅਧੀਨ ਚੱਲਦੇ ਸਕੂਲਾਂ, ਕਾਲਜਾਂ ਤੇ ਤਕਨੀਕੀ ਸੰਸਥਾਵਾਂ ਦਾ ਬਜਟ ਵੱਖਰਾ ਹੁੰਦਾ ਹੈ। ਕਮੇਟੀ ਦੇ ਕਰੀਬ 2500 ਮੁਲਾਜ਼ਮ ਵੀ ਵੋਟਰ ਹਨ।

 

Latest News
Magazine Archive