ਨਿਸ਼ਾਨੇਬਾਜ਼ੀ: ਪੂਜਾ ਘਟਕਰ ਨੇ ਫੁੰਡਿਆ ਕਾਂਸੀ ਦਾ ਤਗ਼ਮਾ


ਨਵੀਂ ਦਿੱਲੀ- ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਉੱਭਰਦਿਆਂ ਅੱਜ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐਐਸਐਫ) ਵਿਸ਼ਵ ਕੱਪ ’ਚ ਸਕਾਰਾਤਮਕ ਸ਼ੁਰੂਆਤ ਕੀਤੀ। ਸਾਬਕਾ ਏਸ਼ਿਆਈ ਚੈਂਪੀਅਨ 28 ਸਾਲਾ ਪੂਜਾ ਫਾਈਨਲ ’ਚ 228.8 ਦੇ ਸਕੋਰ ਨਾਲ ਪੋਡੀਅਮ ’ਚ ਥਾਂ ਬਣਾਉਣ ’ਚ ਸਫ਼ਲ ਰਹੀ ਅਤੇ ਇੱਥੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ’ਚ ਵਿਸ਼ਵ ਕੱਪ ’ਚ ਆਪਣਾ ਪਹਿਲਾ ਤਗ਼ਮਾ ਜਿੱਤਿਆ। ਚੀਨ ਦੀ ਮੇਂਗਯਾਓ ਸ਼ੀ ਨੇ 252.1 ਅੰਕ ਨਾਲ ਸੋਨ ਤਗ਼ਮਾ ਜਿੱਤਦਿਆਂ ਮੁਕਾਬਲੇ ’ਚ ਨਵਾਂ ਵਿਸ਼ਵ ਰਿਕਾਰਡ ਬਣਾਇਆ। ਮੇਂਗਯਾਓ ਦੀ ਹਮਵਤਨ ਡੌਂਗ ਲਿਜੀ ਨੇ ਮੁਕਾਬਲੇ ਦੇ ਪਹਿਲੇ ਦਿਨ 248.9 ਅੰਕ ਨਾਲ ਚਾਂਦੀ ਦਾ ਤਗ਼ਮਾ ਆਪਣ ਨਾਂ ਕੀਤਾ ਪਿਛਲੇ ਸਾਲ ਮਾਮੂਲੀ ਫਰਕ ਨਾਲ ਰੀਓ ਓਲੰਪਿਕ ਕੋਟਾ ਹਾਸਲ ਕਰਨ ’ਚ ਨਾਕਾਮ ਰਹੀ ਪੂਜਾ ਨੇ ਫਾਈਨਲ ਗੇੜ ਦੀ ਸ਼ੁਰੂਆਤ 10.4 ਅੰਕ ਨਾਲ ਕੀਤੀ ਅਤੇ ਕੁਝ ਮੌਕਿਆਂ ’ਤੇ ਖੁੰਝਣ ਤੋਂ ਇਲਾਵਾ ਚੰਗਾ ਸਕੋਰ ਬਣਾਇਆ। ਉਹ ਪਹਿਲੇ ਗੇੜ ਤੋਂ ਬਾਅਦ 104.6 ਅੰਕਾਂ ਨਾਲ ਦੂਜੇ ਸਥਾਨ ’ਤੇ ਸੀ। ਲਿਜੀ ਨੇ ਇਸ ਦੌਰਾਨ ਪੂਜਾ ਨੂੰ ਸਖ਼ਤ ਟੱਕਰ ਦਿੱਤੀ ਜਦਕਿ ਮੇਂਗਯਾਓ ਨੇ ਸਿਖਰਲੀ ਲੀਡ ਬਰਕਰਾਰ ਰੱਖੀ। ਪੂਜਾ ਨੇ ਆਪਣੇ 19ਵੇਂ ਤੇ 21ਵੇਂ ਸ਼ਾਟ ’ਚ ਕ੍ਰਮਵਾਰ 10.8 ਅਤੇ 10.7 ਅੰਕ ਨਾਲ ਕਾਂਸੀ ਦਾ ਤਗ਼ਮਾ ਪੱਕਾ ਕੀਤਾ। ਫਾਈਨਲ ਦੌਰਾਨ ਪੂਜਾ ਦੀ ਬੰਦੂਕ ਦਾ ‘ਬਲਾਈਂਡਰ’ ਵੀ ਡਿੱਗ ਗਿਆ ਅਤੇ ਉਸ ਨੂੰ ਆਖਰੀ ਕੁਝ ਸ਼ਾਟ ਅੱਖ ਬੰਦ ਕਰਕੇ ਲਾਉਣੇ ਪਏ। ਕੁਆਲੀਫਿਕੇਸ਼ਨ ’ਚ ਪੂਜਾ 418 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ ਸੀ ਜਦਕਿ ਮੇਂਗਯਾਓ ਨੇ 418.6 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ।

 

 

fbbg-image

Latest News
Magazine Archive