ਭਾਰਤ ਨੇ ਰਚਿਆ ਇਤਿਹਾਸ,

ਇਕੋ ਵੇਲੇ 104 ਉਪਗ੍ਰਹਿ ਦਾਗ਼ੇ


ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)- ਭਾਰਤ ਨੇ ਅੱਜ ਇਕੋ ਸਮੇਂ 104 ਉਪਗ੍ਰਹਿ ਦਾਗ ਕੇ ਅਤੇ ਇਨ੍ਹਾਂ ਨੂੰ ਆਪਣੇ ਗ੍ਰਹਿ ਪੰਧ ਉਤੇ ਪਾ ਕੇ ਇਤਿਹਾਸ ਸਿਰਜ ਦਿੱਤਾ। ਇਸਰੋ ਨੇ ਆਪਣੇ ‘ਪੋਲਰ ਸੈਟੇਲਾਈਟ ਲਾਂਚ ਵਹੀਕਲ’ ਦੀ 38ਵੀਂ ਸਫ਼ਲ ਉਡਾਣ ਦੌਰਾਨ ਭਾਰਤ ਦੇ ਮੌਸਮ ਉਤੇ ਨਜ਼ਰ ਰੱਖਣ ਵਾਲੇ ਕਾਰਟੋਸੈਟ-2 ਸੀਰੀਜ਼ ਦੇ ਉਪਗ੍ਰਹਿ ਅਤੇ 103 ਨੈਨੋ ਉਪਗ੍ਰਹਿਆਂ ਨੂੰ 30 ਮਿੰਟਾਂ ਦੇ ਵਕਫ਼ੇ ਵਿੱਚ ਗ੍ਰਹਿ ਪੰਧ ਉਤੇ ਪਾਇਆ। ਇਨ੍ਹਾਂ ਵਿੱਚੋਂ ਸਿਰਫ਼ 3 ਉਪਗ੍ਰਹਿ ਭਾਰਤ ਦੇ ਹਨ, ਜਦੋਂ ਕਿ ਬਾਕੀ ਸਾਰੇ ਦੂਜੇ ਦੇਸ਼ਾਂ ਦੇ ਹਨ।
ਅਰਬਾਂ ਡਾਲਰਾਂ ਦੀ ਉਪਗ੍ਰਹਿ ਦਾਗਣ ਵਾਲੀ ਸਨਅਤ ਵਿੱਚ ਭਾਰਤ ਨੂੰ ਹੁਣ ਵੱਡਾ ਹਿੱਸਾ ਮਿਲ ਸਕਦਾ ਹੈ ਕਿਉਂਕਿ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਰੂਸ ਦੀ ਪੁਲਾੜ ਏਜੰਸੀ ਵੱਲੋਂ 2014 ਵਿੱਚ ਇਕੋ ਉਡਾਣ ਦੌਰਾਨ 37 ਉਪਗ੍ਰਹਿ ਦਾਗਣ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ। ਇਸ ਤੋਂ ਪਹਿਲਾਂ ਇਸਰੋ ਨੇ 2015 ਵਿੱਚ ਇਕੋ ਵੇਲੇ 20 ਉਪਗ੍ਰਹਿ ਦਾਗੇ ਸਨ। ਅੱਜ ਦਾਗੇ ਉਪਗ੍ਰਹਿਆਂ ਵਿੱਚੋਂ ਜ਼ਿਆਦਾਤਰ ਧਰਤੀ ਦੀਆਂ ਤਸਵੀਰਾਂ ਲੈਣ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 96 ਨੈਨੋ ਉਪਗ੍ਰਹਿ ਦੋ ਅਮਰੀਕੀ ਕੰਪਨੀਆਂ ਦੇ ਹਨ, ਜਦੋਂ ਕਿ ਇਸਰਾਈਲ, ਕਜਾਕਿਸਤਾਨ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਦਾ ਇਕ ਇਕ ਉਪਗ੍ਰਹਿ ਹੈ।
ਜਿਉਂ ਹੀ ਇਸਰੋ ਚੇਅਰਮੈਨ ਏਐਸ ਕਿਰਨ ਕੁਮਾਰ ਨੇ ਐਲਾਨ ਕੀਤਾ ਕਿ ਸਾਰੇ ਉਪਗ੍ਰਹਿਆਂ ਨੂੰ ਯੋਜਨਾ ਮੁਤਾਬਕ ਪੁਲਾੜ ਪੰਧ ਉਤੇ ਪਾ ਦਿੱਤਾ ਗਿਆ ਤਾਂ ਇੱਥੇ ਵਿਗਿਆਨੀ ਖ਼ੁਸ਼ੀ ਵਿੱਚ ਝੂਮ ਉੱਠੇ। ਉਨ੍ਹਾਂ ਇਸਰੋ ਦੀ ਟੀਮ ਨੂੰ ਇਸ ਮਾਅਰਕੇ ਲਈ ਵਧਾਈ ਦਿੱਤੀ। ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉੱਘੇ ਪੁਲਾੜ ਵਿਗਿਆਨੀ ਮਾਧਵਨ ਨਾਇਰ ਨੇ ਵੀ ਇਸਰੋ ਨੂੰ ਮੁਬਾਰਕਬਾਦ ਦਿੱਤੀ ਹੈ।

 

 

fbbg-image

Latest News
Magazine Archive