ਡੇਰਾ ਵਿਵਾਦ: ਤਿੰਨ ਮੈਂਬਰੀ ਜਾਂਚ ਕਮੇਟੀ

ਦੀ ਵਧ ਸਕਦੀ ਹੈ ਮਿਆਦ


ਅੰਮ੍ਰਿਤਸਰ-ਡੇਰਾ ਸਿਰਸਾ  ਵਿਖੇ ਆਸ਼ੀਰਵਾਦ ਅਤੇ ਸਮਰਥਨ ਲੈਣ ਗਏ ਸਿੱਖ ਆਗੂਆਂ  ਦੇ ਮਾਮਲੇ ਦੀ ਜਾਂਚ ਕਰ ਰਹੀ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਜਾਂਚ ਟੀਮ ਨੂੰ ਹੋਰ ਸਮਾਂ ਮਿਲਣ ਦੀ ਸੰਭਾਵਨਾ ਹੈ। ਟੀਮ ਵੱਲੋਂ ਮੁਕੰਮਲ ਜਾਂਚ ਰਿਪੋਰਟ ਦਿੱਲੀ ਚੋਣਾਂ ਤੋਂ ਬਾਅਦ ਹੀ ਅਕਾਲ ਤਖ਼ਤ ਨੂੰ ਸੌਂਪੇ ਜਾਣ ਦੀ ਉਮੀਦ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਹੋਰ ਉਮੀਦਵਾਰ 28 ਜਨਵਰੀ ਨੂੰ ਡੇਰਾ ਸਿਰਸਾ ਗਏ ਸਨ, ਜਿੱਥੇ ਉਨ੍ਹਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਮੁਲਾਕਾਤ ਕੀਤੀ। ਮਗਰੋਂ ਇਕ ਫ਼ਰਵਰੀ ਨੂੰ ਡੇਰਾ ਸਿਰਸਾ ਵੱਲੋਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਮੀਦਵਾਰ ਡੇਰੇ ਦੇ ਮੰਚ ’ਤੇ ਹਾਜ਼ਰ ਸਨ, ਜਿਨ੍ਹਾਂ ਹਮਾਇਤ ਪ੍ਰਾਪਤ ਕਰਨ ਮਗਰੋਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਬਣਨ ਮਗਰੋਂ ਉਹ ਵੱਖ ਵੱਖ ਥਾਵਾਂ ’ਤੇ ਡੇਰਾ ਪ੍ਰੇਮੀਆਂ ਦੇ ਸਤਿਸੰਗ ਕਰਾਉਣ ਵਿੱਚ ਮਦਦ ਮੁਹੱਈਆ ਕਰਨਗੇ।
ਤਿੰਨ ਮੈਂਬਰੀ ਜਾਂਚ ਕਮੇਟੀ ਨੇ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਦੋ ਸਫ਼ਿਆਂ ਦੀ ਰਿਪੋਰਟ ਵਿੱਚ ਜਾਂਚ ਟੀਮ ਨੇ ਡੇਰਾ ਸਿਰਸਾ ਖਿਲਾਫ਼ ਜਾਰੀ ਕੀਤੇ ਹੁਕਮਨਾਮੇ, ਹੁਕਮਨਾਮੇ ਦੀ ਇਬਾਰਤ ਅਤੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਸਿੱਖ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਰਿਪੋਰਟ ਵਿੱਚ ਲਗਪਗ 22 ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਹੈ, ਜੋ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਹਨ। ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਵਿਅਕਤੀਆਂ ਦੀ ਸ਼ਨਾਖਤ ਲਈ ਅਖ਼ਬਾਰਾਂ ਦੀਆਂ ਕਾਤਰਾਂ, ਵੀਡੀਓ ਕਲਿਪ ਤੇ ਹੋਰ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਜਾਂਚ ਟੀਮ ਨੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਇਸ ਦੀ ਜਾਂਚ ਦਾ ਘੇਰਾ ਵੱਡਾ ਹੈ ਅਤੇ ਇਸ ਲਈ ਜਾਂਚ ਵਾਸਤੇ ਹੋਰ ਸਮੇਂ ਦੀ ਲੋੜ ਹੈ।
ਜਾਂਚ ਟੀਮ ਵੱਲੋਂ ਮਿਲੀ ਰਿਪੋਰਟ ਦੀ ਪੁਸ਼ਟੀ ਕਰਦਿਆਂ ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਹ ਗੰਭੀਰ ਮਾਮਲਾ ਹੈ, ਜਿਸ ਨੂੰ ਹੁਣ ਅੰਤ੍ਰਿੰਗ ਕਮੇਟੀ ਵਿੱਚ ਰੱਖਿਆ ਜਾਵੇਗਾ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 17 ਫਰਵਰੀ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸੱਦੀ ਗਈ ਹੈ, ਜਿਸ ਵਿੱਚ ਮਾਮਲਾ ਵਿਚਾਰਿਆ ਜਾਵੇਗਾ। ਜਾਂਚ ਦਾ ਸਮਾਂ ਵਧਾਉਣ ਜਾਂ ਨਾ ਵਧਾਉਣ ਬਾਰੇ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਮਾਮਲੇ ਵਿੱਚ ਕਾਹਲੀ ਕਰਨਾ ਠੀਕ ਨਹੀਂ ਕਿਉਂਕਿ ਇਹ ਕਿਸੇ ਇਕ ਪਾਰਟੀ ਦੇ ਆਗੂਆਂ ਨਾਲ ਨਹੀਂ ਬਲਕਿ ਕਈ ਪਾਰਟੀਆਂ ਨਾਲ ਸਬੰਧਤ ਆਗੂਆਂ ਨਾਲ ਜੁੜਿਆ ਮਾਮਲਾ ਹੈ। ਜਾਂਚ ਟੀਮ ਨੇ ਜਾਂਚ ਦਾ ਘੇਰਾ ਹੋਰ ਵਧਾਉਣ ਲਈ ਵਧੇਰੇ ਸਮੇਂ ਦੀ ਮੰਗ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਸਿਆਸੀ ਹਲਕਿਆਂ ਵਿੱਚ ਪਹਿਲਾਂ ਹੀ ਚਰਚਾ ਸੀ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਦਿੱਲੀ ਚੋਣਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜੇਕਰ 17 ਫਰਵਰੀ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਾਂਚ ਟੀਮ ਨੂੰ ਹਫ਼ਤੇ ਜਾਂ ਦਸ ਦਿਨ ਦਾ ਹੋਰ ਸਮਾਂ ਦਿੱਤਾ ਜਾਂਦਾ ਹੈ ਤਾਂ ਜਾਂਚ ਰਿਪੋਰਟ ਫਰਵਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਮੁਕੰਮਲ ਹੋਵੇਗੀ। ਉਦੋਂ ਤੱਕ ਦਿੱਲੀ ਚੋਣਾਂ ਲੰਘ ਜਾਣਗੀਆਂ।

 

 

fbbg-image

Latest News
Magazine Archive