ਭੰਗੂ ਨੂੰ ਤਿਹਾੜ ਜੇਲ੍ਹ

ਲਿਜਾਣ ਲਈ ਚਾਰਾਜੋਈ ਸ਼ੁਰੂ


ਚੰਡੀਗੜ੍ਹ-ਪਰਲਜ਼ ਗਰੁੱਪ ਕੰਪਨੀਜ਼ ਵਿੱਚ ਨਿਵੇਸ਼ ਕਰਕੇ 45 ਹਜ਼ਾਰ ਕਰੋੜ ਰੁਪਏ ਦੀ ਘਪਲੇਬਾਜ਼ੀ ਦਾ ਸ਼ਿਕਾਰ ਹੋਏ 5.5 ਕਰੋੜ ਲੋਕਾਂ ਨੂੰ ਇਨਸਾਫ ਦੀ ਆਸ ਬੱਝਣੀ ਸ਼ੁਰੂ ਹੋ ਗਈ ਹੈ ਕਿਉਂਕਿ ਸੀਬੀਆਈ ਦੇ ਬਠਿੰਡਾ ਜੇਲ੍ਹ ਅਥਾਰਿਟੀ ਨੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਮੁਲਜ਼ਮ ਨਿਰਮਲ ਸਿੰਘ ਭੰਗੂ ਦੀ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚੋਂ ਛੁੱਟੀ ਕਰਵਾ ਕੇ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਸੂਬਾ ਜੇਲ੍ਹ ਵਿਭਾਗ ਨੂੰ ਲਿਖ ਕੇ ਭੰਗੂ ਨੂੰ ਵਾਪਸ ਤਿਹਾੜ ਜੇਲ੍ਹ ਵਿੱਚ ਭੇਜਣ ਨੂੰ ਕਿਹਾ ਹੈ ਤਾਂ ਜੋ ਉਸ ਖ਼ਿਲਾਫ਼ ਦਰਜ ਦੋ ਕੇਸਾਂ ਦੀ ਜਾਂਚ ਸ਼ੁਰੂ ਕੀਤੀ ਜਾ ਸਕੇ। ਇਸ ਮਗਰੋਂ ਬਠਿੰਡਾ ਜੇਲ੍ਹ ਸੁਪਰਡੈਂਟ ਨੇ ਰਾਜ ਸਿਹਤ ਵਿਭਾਗ ਨੂੰ ਡਾਕਟਰਾਂ ਦਾ ਬੋਰਡ ਤਿਆਰ ਕਰਨ ਨੂੰ ਕਿਹਾ ਹੈ ਜੋ ਭੰਗੂ ਦੀ ਸਿਹਤ ਦਾ ਮੁਆਇਨਾ ਕਰਨਗੇ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਜੋਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੁਹਾਲੀ ਸਿਵਲ ਸਰਜਨ ਨੂੰ ਡਾਕਟਰਾਂ ਦਾ ਬੋਰਡ ਬਣਾਉਣ ਲਈ ਕਿਹਾ ਗਿਆ ਹੈ ਤੇ ਉਹ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਉਡੀਕ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਨਵਰੀ 2016 ਵਿੱਚ ਭੰਗੂ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ। ਬਾਅਦ ਵਿੱਚ ਮਈ 2016 ਵਿੱਚ ਬਠਿੰਡਾ ਵਿੱਚ ਉਸ ਖ਼ਿਲਾਫ਼ ਕੁਝ ਹੋਰ ਪੀੜਤਾਂ ਨੇ ਵੀ ਭੰਗੂ ਖ਼ਿਲਾਫ਼ ਉਨ੍ਹਾਂ ਹੀ ਦੋਸ਼ਾਂ ਹੇਠ ਵੱਖਰੀ ਸ਼ਿਕਾਇਤ ਦਰਜ ਕਰਾਈ। ਇਸ ਸ਼ਿਕਾਇਤ ਮਗਰੋਂ ਭੰਗੂ ਨੂੰ ਬਠਿੰਡਾ ਪੁਲੀਸ ਰਿਮਾਂਡ ’ਤੇ ਲੈ ਕੇ ਆਈ ਤੇ ਬਾਅਦ ਵਿੱਚ ਉਹ ਮੁਹਾਲੀ ਦੇ ਆਈਵੀਵਾਈ ਹਸਪਤਾਲ ਵਿੱਚ ਦਾਖ਼ਲ ਹੋ ਗਿਆ।

 

 

fbbg-image

Latest News
Magazine Archive