ਮਾਲਿਆ ਮਾਮਲਾ: ਭਾਜਪਾ ਵੱਲੋਂ

ਮਨਮੋਹਨ ਸਿੰਘ ਅਤੇ ਚਿਦੰਬਰਮ ਉੱਤੇ ਤਿੱਖੇ ਵਾਰ


ਨਵੀਂ ਦਿੱਲੀ, 31 Jan -ਬਜਟ ਇਜਲਾਸ ਤੋਂ ਪਹਿਲਾਂ ਕਾਂਗਰਸ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਤਹਿਤ ਭਾਜਪਾ ਨੇ ਅੱਜ ਵਿਜੈ ਮਾਲਿਆ ਮਾਮਲੇ ’ਚ ਤਾਜ਼ਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ‘ਭ੍ਰਿਸ਼ਟ ਹੱਥ’, ਜਿਨ੍ਹਾਂ ਰਾਹੀਂ ਮਾਲਿਆ ਨੂੰ ਬੈਂਕ ਕਰਜ਼ੇ ਮਿਲਣ ’ਚ ਸਹਾਇਤਾ ਮਿਲੀ ਸੀ, ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ ਚਿਦੰਬਰਮ ਦੇ ਸਨ।
ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਮਾਲਿਆ ਵੱਲੋਂ ਮਨਮੋਹਨ ਸਿੰਘ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਉਸ ਨੇ ਤਤਕਾਲੀ ਪ੍ਰਧਾਨ ਮੰਤਰੀ ਤੋਂ ਦਖ਼ਲ ਦੀ ਮੰਗ ਕੀਤੀ ਸੀ ਜਿਸ ਮਗਰੋਂ ਕਿੰਗਫਿਸ਼ਰ ਏਅਰਲਾਈਨ ਨੂੰ ਕਰਜ਼ੇ ਮਿਲੇ ਸਨ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਸਫ਼ਾਈ ਮੰਗੀ ਕਿ ਕਿਸ ਦੀ ਸ਼ਹਿ ’ਤੇ ਡਿਫਾਲਟਰ ਕੰਪਨੀ ਨੂੰ ਕਰਜ਼ੇ ਮਿਲੇ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਮਨਮੋਹਨ ਸਿੰਘ ਦਾ ਤਤਕਾਲੀ ਪ੍ਰਮੁੱਖ ਸਕੱਤਰ ਪੁਲਕ ਚੈਟਰਜੀ ਉਨ੍ਹਾਂ ਤੋਂ ਫਾਈਲਾਂ ‘ਖੋਹ’ ਕੇ 10 ਜਨਪਥ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਲੈ ਜਾਂਦਾ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ 10 ਜਨਪਥ ਦੇ ਹੱਥਾਂ ’ਚ ਵੀ ਡੋਰ ਸੀ? ‘ਸੋਨੀਆ ਅਤੇ ਰਾਹੁਲ ਗਾਂਧੀ ਨੂੰ ਜਨਤਕ ਤੌਰ ’ਤੇ ਸਾਹਮਣੇ ਆ ਕੇ ਦੱਸਣਾ ਚਾਹੀਦਾ ਹੈ ਕਿ ਕਿੰਗਫਿਸ਼ਰ ਏਅਰਲਾਈਨ ਨੂੰ ਕਿਸ ਦੀ ਸ਼ਹਿ ’ਤੇ ਕਰਜ਼ੇ ਮਨਜ਼ੂਰ ਹੋਏ।’ ਸ੍ਰੀ ਪਾਤਰਾ ਨੇ ਕਿਹਾ ਕਿ ਮਾਲਿਆਨੇ ਮਨਮੋਹਨ ਸਿੰਘ ਨੂੰ 14 ਨਵੰਬਰ 2001 ’ਚ ਪੱਤਰ ਲਿਖਿਆ ਸੀ ਜਿਸ ਮਗਰੋਂ ਤਤਕਾਲੀ ਪ੍ਰਧਾਨ ਮੰਤਰੀ ਨੇ ਮੀਡੀਆ ਨੂੰ  ਦੱਸਿਆ ਸੀ ਕਿ ਕਿੰਗਫਿਸ਼ਰ ਨੂੰ ਮੁਸ਼ਕਲਾਂ ’ਚੋਂ ਕੱਢਣ ਲਈ ਸਰਕਾਰ ਨੂੰ ਰਾਹ ਲੱਭਣੇ ਪੈਣਗੇ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਇਕ ਹੋਰ ਪੱਤਰ ’ਚ ਮਾਲਿਆ ਨੇ ਮਨਮੋਹਨ ਸਿੰਘ ਨੂੰ ਬੈਂਕਾਂ ਤੋਂ ਫੰਡ ਤੁਰੰਤ ਰਲੀਜ਼ ਕਰਾਉਣ ਲਈ ਉਨ੍ਹਾਂ ਨੂੰ ਦਖ਼ਲ ਦੇਣ ਲਈ ਕਿਹਾ ਸੀ। ਪਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਸਬੰਧਤ ਮੰਤਰਾਲਿਆਂ ਨਾਲ ਗੱਲਬਾਤ ਕੀਤੀ ਸੀ ਜਿਸ ਦਾ ਜ਼ਿਕਰ ਮਾਲਿਆ ਨੇ ਵੀ ਕੀਤਾ ਹੈ। ਉਨ੍ਹਾਂ ਇਕ ਹੋਰ ਚਿੱਠੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਗੌੜੇ ਸ਼ਰਾਬ ਕਾਰੋਬਾਰੀ ਨੇ ਚਿਦੰਬਰਮ ਨੂੰ ਮਾਰਚ 2013 ’ਚ ਪੱਤਰ ਲਿਖ ਕੇ ਐਸਬੀਆਈ ਤੋਂ ਐਨਓਸੀ ਲੈਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਸੀ। ਮਾਲਿਆ ਦਾ ਪੱਖ ਸੁਣਨ ਬਾਰੇ ਪਾਤਰਾ ਨੇ ਕਿਹਾ ਕਿ ਉਹ ਡਿਫਾਲਟਰ ਦੀ ਗੱਲ ਨਹੀਂ ਸੁਣਨਗੇ ਅਤੇ ਜੇਕਰ ਉਹ ਕੁਝ ਆਖਣਾ ਚਾਹੁੰਦਾ ਹੈ ਤਾਂ ਉਸ ਨੂੰ ਮੁਲਕ ਪਰਤਣਾ ਚਾਹੀਦਾ ਹੈ।

 

 

fbbg-image

Latest News
Magazine Archive