ਬਜਟ ਇਜਲਾਸ: ਸਰਕਾਰ ਤੇ

ਵਿਰੋਧੀ ਧਿਰ ਵੱਲੋਂ ਕਮਰਕੱਸੇ


*    ਸਰਬ ਪਾਰਟੀ ਬੈਠਕ ’ਚ ਨਹੀਂ ਬਣੀ ਕੋਈ ਸਹਿਮਤੀ
*    ਮਤਭੇਦਾਂ ਦੇ ਬਾਵਜੂਦ ਸੰਸਦ ਚਲਣੀ ਚਾਹੀਦੀ ਹੈ: ਮੋਦੀ

ਨਵੀਂ ਦਿੱਲੀ 31 Jan - ਬਜਟ ਇਜਲਾਸ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਸਰਬ ਪਾਰਟੀ ਬੈਠਕ ਕਰ ਕੇ ਵਿਰੋਧੀ ਧਿਰ ਨੂੰ ਸੰਸਦ ਦੇ ਦੋਵੇਂ ਸਦਨ ਸੁਚਾਰੂ ਢੰਗ ਨਾਲ ਚਲਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰ ਬਜ਼ਿਦ ਹੈ ਕਿ ਉਹ ਨੋਟਬੰਦੀ ਸਮੇਤ ਹੋਰ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕੇਗੀ ਅਤੇ ਬਜਟ ਪਹਿਲਾਂ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ’ਚ ਸਾਰੀਆਂ ਪਾਰਟੀਆਂ ਦਾ ਸਹਿਯੋਗ ਮੰਗਦਿਆਂ ਕਿਹਾ,‘‘ਚੋਣਾਂ ਮੌਕੇ ਸਾਡੇ ਦਰਮਿਆਨ ਕੁਝ ਮਤਭੇਦ ਹੋ ਸਕਦੇ ਹਨ ਪਰ ਸੰਸਦ ਮਹਾਪੰਚਾਇਤ ਹੈ ਅਤੇ ਇਸ ਨੂੰ ਚਲਣਾ ਚਾਹੀਦਾ ਹੈ।’’ ਸਰਕਾਰ ਨੇ ਵਿਰੋਧੀ ਧਿਰ ਦੀ ਮੰਗ ਨੂੰ ਖ਼ਾਰਜ ਕਰਦਿਆਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਬਜਟ ਮਿੱਥੀ ਗਈ ਤਰੀਕ ਨੂੰ ਹੀ ਪੇਸ਼ ਕੀਤਾ ਜਾਏਗਾ। ਕਾਂਗਰਸ, ਸੀਪੀਐਮ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਨੋਟਬੰਦੀ ਦੇ ਮੁੱਦੇ ’ਤੇ ਸੰਸਦ ’ਚ ਬਹਿਸ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਇਸ ਮਸਲੇ ਨੂੰ ਦੁਬਾਰਾ ਉਠਾਉਣਗੇ ਕਿਉਂਕਿ ਇਸ ਦਾ ਲੋਕਾਂ ’ਤੇ ਬੁਰਾ ਅਸਰ ਪਿਆ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਸਰਕਾਰ ਨੂੰ ਆਮ ਬਜਟ ’ਚ ਰਾਹਤਾਂ ਦੇਣ ਜਾਂ ਕਿਸੇ ਐਲਾਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਕਿਉਂਕਿ ਇਸ ਨਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਹੁਕਮਰਾਨ ਪਾਰਟੀ ਨੂੰ ਲਾਹਾ ਮਿਲ ਸਕਦਾ ਹੈ। 2012 ’ਚ ਤਤਕਾਲੀ ਯੂਪੀਏ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਕਾਰਨ ਬਜਟ ਇਜਲਾਸ ਅੱਗੇ ਪਾਉਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਜਟ ਸੈਸ਼ਨ ਪਹਿਲਾਂ ਨਹੀਂ ਸੱਦਣਾ ਚਾਹੀਦਾ ਸੀ। ਸ੍ਰੀ ਆਜ਼ਾਦ ਨੇ ਕਿਹਾ ਕਿ ਸਰਕਾਰ ਨੂੰ ਬਜਟ ਇਜਲਾਸ ਦੇ ਅਗਲੇ ਗੇੜ ਤੋਂ ਪਹਿਲਾਂ ਵੀ ਸਰਬ ਪਾਰਟੀ ਬੈਠਕ ਸੱਦਣੀ ਚਾਹੀਦੀ ਹੈ। ਕਾਂਗਰਸ ਆਗੂ ਜੋਤਿਰਾਦਿਤਿਆ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਨੋਟਬੰਦੀ ’ਤੇ ਬਹਿਸ ਮੰਗੀ ਹੈ ਜੋ ਪਿਛਲੇ ਇਜਲਾਸ ਤੋਂ ਬਕਾਇਆ ਪਈ ਹੈ। ਅਜਿਹੀ ਮੰਗ ਕਰਦਿਆਂ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸੰਸਦ ’ਚ ਦੋ ਦਿਨਾਂ ਲਈ ਨੋਟਬੰਦੀ ’ਤੇ  ਬਹਿਸ ਹੋਵੇ। ਉਨ੍ਹਾਂ ਕਿਹਾ ਕਿ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕਰਨਾ ਵੀ ਜਾਇਜ਼ ਨਹੀਂ ਹੈ ਕਿਉਂਕਿ ਇਸ ’ਚ ਤੀਜੀ ਤਿਮਾਹੀ ਦੇ ਅੰਕੜੇ ਨਹੀਂ ਹੋਣਗੇ ਜੋ ਮੱਧ ਫਰਵਰੀ ਤਕ ਆਉਂਦੇ ਹਨ।

 

 

fbbg-image

Latest News
Magazine Archive