ਜਲਾਲਾਬਾਦ: ਵਿਕਾਸ ਅਤੇ ਬਦਲਾਅ ਦਾ ਟਕਰਾਅ


ਜਲਾਲਾਬਾਦ, 28 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਸਬੰਧੀ ਜਲਾਲਾਬਾਦ ਹਲਕੇ ਵਿੱਚ ਵਿਕਾਸ ਅਤੇ ਬਦਲਾਅ ਦਰਮਿਆਨ ਜੰਗ ਦਾ ਮਾਹੌਲ ਬਣਿਆ ਹੋਇਆ ਹੈ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੜਕਾਂ, ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਦੀਆਂ ਸੁਵਿਧਾਵਾਂ ਦੇ ਆਧਾਰ ਉੱਤੇ ਜਿੱਤਣ ਦੀ ਉਮੀਦ ਲਗਾਈ ਬੈਠੇ ਹਨ। ਵਿਕਾਸ ਨੂੰ ਕੇਵਲ ਸੜਕਾਂ ਤੱਕ ਸੀਮਤ ਨਾ ਸਮਝਣ, ਬੇਰੁਜ਼ਗਾਰੀ, ਨਸ਼ੇ ਅਤੇ ਸੁਖਬੀਰ ਬਾਦਲ ਲਈ ਕੰਮ ਕਰਨ ਵਾਲੇ ਕਰਿੰਦਿਆਂ ਦੇ ਵਿਵਹਾਰ ਨੂੰ ਲੈ ਕੇ ਬਦਲਾਅ ਦਾ ਮਾਹੌਲ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੇ ਉਤਸ਼ਾਹ   ਨੂੰ ਵਧਾ ਰਿਹਾ ਹੈ। ਕਾਂਗਰਸ ਵੱਲੋਂ ਦੇਰੀ ਨਾਲ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਸਮੀਕਰਨ ਬਦਲ ਜਾਣ ਦਾ ਸੰਕੇਤ ਦਿੰਦਿਆਂ ਤਿਕੋਣੀ ਟੱਕਰ ਵਿੱਚ ਨਤੀਜੇ ਦੀ ਅਨਿਸ਼ਚਿਤਤਾ ਬਣਨ ਦੇ ਆਸਾਰ ਨੂੁੰ ਵੀ ਨਜ਼ਰਅੰਦਾਜ਼ ਨਹੀਂ ਕਰ ਰਹੇ। ਜਲਾਲਾਬਾਦ ਸ਼ਹਿਰ ਵਿੱਚ ਕੰਕਰੀਟ ਦੀਆਂ ਸੜਕਾਂ, ਸੀਵਰੇਜ ਅਤੇ ਹੋਰ ਕਈ ਤਰ੍ਹਾਂ ਦੇ ਵਿਕਾਸ ਕੰਮਾਂ ਦੀ ਸੱਚਾਈ ਨੂੰ ਸ਼ਹਿਰੀ ਵੋਟਰ ਸਵੀਕਾਰ ਕਰ ਰਹੇ ਹਨ। ਅਕਾਲੀ ਦਲ ਵੱਲੋਂ ਬੂਥ ਪੱਧਰ ’ਤੇ ਬਣਾਏ ਨੈੱਟਵਰਕ, ਤਿਕੋਣੇ ਮੁਕਾਬਲੇ ਦੌਰਾਨ ਸੱਤਾ ਵਿਰੋਧੀ ਵੋਟ ਵੰਡੇ ਜਾਣ ਅਤੇ ਸੁਖਬੀਰ ਬਾਦਲ ਦੀ ਚੋਣ ਪ੍ਰਬੰਧਨ ਦੀ ਕਾਬਲੀਅਤ ਕਾਰਨ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਬਦਲਾਅ ਲਈ ਲੋਕਾਂ ਦੇ ਸਾਹਮਣੇ ਦੋਹਰੀ ਪਸੰਦ ਦੀ ਉਲਝਣ ਪੈਦਾ ਹੋ ਰਹੀ ਹੈ। ਇੱਕ ਨੌਜਵਾਨ ਦੁਕਾਨਦਾਰ ਨੇ ਕਿਹਾ ਕਿ ਜੇਕਰ ਮੁਕਾਬਲਾ ਦੋ ਧਿਰੀ ਹੁੰਦਾ ਤਾਂ ਬਦਲਾਅ ਪੱਖ ਦੀ ਜਿੱਤ ਯਕੀਨੀ ਸੀ ਪ੍ਰੰਤੂ ਬਿੱਟੂ ਦੇ ਆਉਣ ਨਾਲ ਸਥਿਤੀ ਅਸਪੱਸ਼ਟ ਹੋਈ ਹੈ।
ਭਗਵੰਤ ਮਾਨ ਪਹਿਲਾਂ ਤੋਂ ਹੀ ਸੁਖਬੀਰ ਬਾਦਲ ਨੂੰ ਚੁਣੌਤੀ ਦੇ ਰਹੇ ਸਨ ਅਤੇ ਬਦਲਾਅ ਦੇ ਪ੍ਰਤੀਕ ਵਜੋਂ ਉੱਭਰ ਕੇ ਜਲਾਲਾਬਾਦ ਵਿੱਚ ਇਤਿਹਾਸ ਰਚਣ ਦਾ ਦਾਅਵਾ ਕਰ ਰਹੇ ਹਨ। ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਦੇ ਨਾਲ-ਨਾਲ ਆਪਣੇ ਦਾਦਾ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪ੍ਰਭਾਵ ਦੀ ਵਰਤੋਂ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਬਿੱਟੂ ਦੇ ਉਮੀਦਵਾਰ ਬਣ ਜਾਣ ਨਾਲ ਹਾਲਕੇ ਵਿੱਚ ਟੱਕਰ ਤਿਕੋਣੀ ਹੁੰਦੀ ਦਿਖਾਈ ਦੇ ਰਹੀ ਹੈ। ਬਿੱਟੂ ਦੇ ਆਉਣ ਨਾਲ ਸੁਖਬੀਰ ਨੂੰ ਕੁਝ ਹੱਦ ਤੱਕ ਲਾਭ ਹੋਣ ਦੀ ਗੱਲ ਨੂੰ ਵੋਟਰ ਪ੍ਰਵਾਨ ਕਰ ਰਹੇ ਹਨ। ਬਿੱਟੂ ਦੇ ਹੱਕ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸ਼ਨਿਚਰਵਾਰ ਨੂੰ ਜਲਾਲਾਬਾਦ ਵਿੱਚ ਵੱਡਾ ਇਕੱਠ ਵੀ ਕਰ ਰਹੇ ਹਨ। ਇੱਕ ਸੀਨੀਅਰ ਲੈਕਚਰਾਰ ਨੇ ਕਿਹਾ ਕਿ ਉਲਝਣ ਦੀ ਸਥਿਤੀ ਬਹੁਤੀ ਦੇਰ ਰਹਿਣ ਦੀ ਸੰਭਾਵਨਾ ਨਹੀਂ ਹੈ। ਜਲਾਲਾਬਾਦ ਦੇ ਵੋਟਰ ਅਣ-ਕਿਆਸੇ ਨਤੀਜੇ ਦੇਣ ਲਈ ਪਹਿਲਾਂ ਵੀ ਜਾਣੇ ਜਾਂਦੇ ਹਨ।
ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਦੇ ਫ਼ਾਜ਼ਿਲਕਾ ਤੋਂ ਉਮੀਦਵਾਰ ਬਣੇ ਆਪਣੇ ਪੁੱਤਰ ਦਵਿੰਦਰ ਸਿੰਘ ਦੇ ਹੱਕ ਵਿੱਚ ਪਰਦੇ ਪਿੱਛੇ ਰਹਿ ਕੇ ਮੁਹਿੰਮ ਚਲਾ ਰਹੇ ਹਨ। ਅਕਾਲੀ ਸੰਸਦ ਮੈਂਬਰ ਹੁੰਦੇ ਹੋਏ ਵੀ ਉਹ ਸੁਖਬੀਰ ਬਾਦਲ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰ ਰਹੇ। ਇਸ ਨਾਲ ਰਾਇ ਸਿੱਖ ਬਰਾਦਰੀ ਦੀ ਵੋਟ ਉੱਤੇ ਪ੍ਰਭਾਵ ਨੂੰ ਲੈ ਕੇ ਕਿਆਸਅਰਾਈਆਂ ਵੋਟਰਾਂ ਦੀ ਗੱਲਬਾਤ ਦਾ ਹਿੱਸਾ ਹਨ। ਨਾਨਕਪੁਰ ਝੁੱਗੀਆਂ ਪਿੰਡ ਦੇ ਬੂਟਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਤਾਂ ਪੁਰਾਣੇ ਸਮੇਂ ਤੋਂ ਅਕਾਲੀਆਂ ਨਾਲ ਹੈ। ਇਸ ਵਾਰ ਵੀ ਉਨ੍ਹਾਂ ਦੇ ਨਾਲ ਹੀ ਰਹਿਣਗੇ। ਬਾਲਮੀਕ ਚੌਕ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਸ੍ਰੀ ਬਾਦਲ ਨੇ ਵਿਕਾਸ ਕਰਵਾਇਆ ਹੈ ਪ੍ਰੰਤੂ ਉਨ੍ਹਾਂ ਦੇ ਕਰਿੰਦਿਆਂ ਦਾ ਵਿਵਹਾਰ ਲੋਕਾਂ ਨੂੰ ਦੂਰ ਹੋਣ ਲਈ ਮਜਬੂਰ ਕਰ ਰਿਹਾ ਹੈ। ਖੱਚਰ ਰੇਹੜਾ ਚਲਾ ਰਿਹਾ ਇੱਕ ਬਜ਼ੁਰਗ ਖੁਦ ਨੂੰ ਅਕਾਲੀ ਦੱਸਦਿਆਂ ਕਹਿੰਦਾ ਹੈ ਕਿ ਇਲਾਕੇ ਦੇ ਜ਼ਿਆਦਾ ਲੋਕਾਂ ਦਾ ਮਨ ਬਦਲਾਅ ਨਾਲ ਦਿਖਾਈ ਦਿੰਦਾ ਹੈ। ਪਿੰਡ ਦੇਤੀ ਖੁਰਦ ਪਿੰਡ ਦੇ ਸਰਕਾਰੀ ਕਾਲਜ ਦੇ ਬੀਏ ਭਾਗ-2 ਦੇ ਵਿਦਿਆਰਥੀ ਗੁਰਮੀਤ ਸਿੰਘ ਨੇ ਕਿਹਾ ਕਿ ਅਜਿਹੇ ਵਿਕਾਸ ਤੋਂ ਕੀ ਕਰਾਉਣਾ ਹੈ ਜੇਕਰ ਪੜ੍ਹ-ਲਿਖ ਕੇ ਰੁਜ਼ਗਾਰ ਹੀ ਨਹੀਂ ਮਿਲਣਾ। ਫਿਲਹਾਲ ਮੁਕਾਬਲਾ ਦਿਲਚਸਪ ਹੈ ਅਤੇ ਨਤੀਜਾ ਕੋਈ ਵੀ ਹੋਵੇ, ਪੰਜਾਬ ਦੀ ਸਿਆਸਤ ਉੱਤੇ ਇਸ ਦਾ ਡੂੰਘਾ ਅਸਰ ਪਵੇਗਾ।

 

 

fbbg-image

Latest News
Magazine Archive