‘ਆਪ’ 80 ਤੋਂ 90 ਸੀਟਾਂ ਜਿੱਤ ਕੇ

ਬਣਾਏਗੀ ਸਰਕਾਰ: ਕੇਜਰੀਵਾਲ

ਪਟਿਆਲਾ, 28 ਜਨਵਰੀ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਟਿਆਲਾ (ਸ਼ਹਿਰੀ) ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇੱਥੇ ਬੱਸ ਅੱਡੇ ਕੋਲ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ’ਤੇ ਹਾਰ ਪਾ ਕੇ ਸ੍ਰੀ ਕੇਜਰੀਵਾਲ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੋਡ ਸ਼ੋਅ ਸ਼ੁਰੂ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਵੱਡੀ ਗਿਣਤੀ ਅਕਾਲੀ ਸਰਕਾਰ ਦੇ ਮੰਤਰੀ ਬੁਰੀ ਤਰ੍ਹਾਂ ਹਾਰ ਰਹੇ ਹਨ। ਪੰਜਾਬੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ 80 ਤੋਂ 90 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ। ‘ਆਪ’ ਸੁਪਰੀਮੋ ਨੇ ਕਿਹਾ ਕਿ ਪੰਜਾਬ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਹਮਲਾ ਕਰਨ ਵਾਲਿਆਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਤੋਂ ਇੰਜ ਲੱਗਦਾ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਅਕਾਲੀ ਸਰਕਾਰ ਨਾਲ ਰਲ਼ੇ ਹੋਏ ਹਨ। ਜਦੋਂ ‘ਆਪ’ ਦੀ ਸਰਕਾਰ ਆਵੇਗੀ ਤਾਂ ਇਨ੍ਹਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਜੰਗਲ ਰਾਜ ਹੈ ਤੇ ਇਸ ਰਾਜ ਨੂੰ ਖ਼ਤਮ ਕਰਨ ਲਈ ਅਮਰਿੰਦਰ ਤੇ ਬਾਦਲਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਹਨ। ‘ਆਪ’ ਸਰਕਾਰ ਬਣਨ ’ਤੇ ਪੰਜਾਬੀਆਂ ਨੂੰ ਨਵੇਂ ਪੰਜਾਬ ਦੇ ਦਰਸ਼ਨ ਕਰਾਏ ਜਾਣਗੇ ਤਾਂ ਜੋ ਪੰਜਾਬ ਨੂੰ ਮੁੜ ਅੰਨਦਾਤਾ ਦਾ ਖ਼ਿਤਾਬ ਦਿਵਾਇਆ ਜਾ ਸਕੇ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਹੈ। ਹੁਣ ਲੋਕ ਪੰਜਾਬ ਨੂੰ 70 ਸਾਲ ਤੋਂ ਲੁੱਟ ਰਹੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂਆਂ ਨੂੰ ਇੱਥੋਂ ਭਜਾ ਕੇ ਹੀ ਦਮ ਲੈਣਗੇ। ਜਲਾਲਾਬਾਦ ਵਿੱਚ ਲੋਕਾਂ ਨੇ ਇੰਨਾ ਹੁੰਗਾਰਾ ਦਿੱਤਾ ਹੈ ਕਿ ਬਹੁਤ ਸਾਰੀਆਂ ਥਾਵਾਂ ’ਤੇ ਸੁਖਬੀਰ ਬਾਦਲ ਦੇ ਬੂਥ ਵੀ ਨਹੀਂ ਲੱਗਣਗੇ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਪਟਿਆਲਾ ਵਾਸੀਆਂ ਦੀ ਸਾਰ ਨਹੀਂ ਲਈ। ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਕੀਤਾ ਗਿਆ ਇਹ ਰੋਡ ਸ਼ੋਅ ਸ਼ਹਿਰ ਦੇ ਵੀਰ ਹਕੀਕਤ ਰਾਏ ਪਾਰਕ ਤੋਂ ਸ਼ੁਰੂ ਹੋ ਕੇ ਲਾਹੌਰੀ ਗੇਟ, ਸ਼ੇਰੇ-ਪੰਜਾਬ ਮਾਰਕੀਟ, ਆਰੀਆ ਸਮਾਜ, ਲੱਕੜ ਮੰਡੀ, ਕਿਲ੍ਹਾ ਚੌਕ, ਅਨਾਰਦਾਣਾ ਚੌਕ, ਧਰਮਪੁਰਾ ਬਾਜ਼ਾਰ ਹੁੰਦਾ ਹੋਇਆ ਛੋਟੀ ਬਾਰਾਂਦਰੀ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਪਟਿਆਲਾ (ਦਿਹਾਤੀ) ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ, ਪ੍ਰਦੀਪ ਜੋਸ਼ਨ, ਸਰਬਜੀਤ ਉੱਖਲਾ, ਡਾ. ਭੀਮਇੰਦਰ ਸਿੰਘ, ਆਦਿ ਹਾਜ਼ਰ ਸਨ। ਰੋਡ ਸ਼ੋਅ ਕਾਰਨ ਬੱਸ ਅੱਡੇ ਤੋਂ ਲੈ ਕੇ ਬਾਜ਼ਾਰਾਂ ਵਿੱਚ ਲੱਗੇ ਜਾਮ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

 

 

fbbg-image

Latest News
Magazine Archive