ਅਤਿਵਾਦ ਦੇ ਟਾਕਰੇ ਲਈ ਮੋਦੀ

ਤੇ ਟਰੰਪ ਵੱਲੋਂ ਸਾਂਝਾ ਅਹਿਦ


*    ਟਰੰਪ ਨੂੰ ਭਾਰਤ ਅਤੇ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ
ਨਵੀਂ ਦਿੱਲੀ/ਵਾਸ਼ਿੰਗਟਨ, 26 ਜਨਵਰੀ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਵਾਰਤਾ ਦੌਰਾਨ ਭਾਰਤ ਨੂੰ ਸੱਚਾ ਮਿੱਤਰ ਅਤੇ ਭਾਈਵਾਲ ਗਰਦਾਨਦਿਆਂ ਅਤਿਵਾਦ ਖ਼ਿਲਾਫ਼ ਆਲਮੀ ਜੰਗ ’ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਰੱਖਿਆ ਤੇ ਸੁਰੱਖਿਆ ਦੇ ਖੇਤਰ ’ਚ ਰਲ ਕੇ ਕੰਮ ਕਰਨ ਦਾ ਐਲਾਨ ਕੀਤਾ। ਫੋਨ ’ਤੇ ਹੋਈ ਗੱਲਬਾਤ ਦੌਰਾਨ ਦੋਵੇਂ ਆਗੂਆਂ ਨੇ ਇਕ-ਦੂਜੇ ਨੂੰ ਆਪਣੇ ਮੁਲਕਾਂ ’ਚ ਆਉਣ ਦਾ ਸੱਦਾ ਵੀ ਦਿੱਤਾ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਇਸ ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ’ਚ ਮੇਜ਼ਬਾਨੀ ਕਰਨਗੇ। ਦੋਵੇਂ ਆਗੂਆਂ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਅਰਥਚਾਰੇ ਅਤੇ ਰੱਖਿਆ ਜਿਹੇ ਖੇਤਰਾਂ ’ਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਵੀ ਵਿਚਾਰਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਖਣੀ ਅਤੇ ਮੱਧ ਏਸ਼ੀਆ ਖ਼ਿੱਤੇ ’ਚ ਸੁਰੱਖਿਆ ਬਾਰੇ ਵੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਵੱਲੋਂ 20 ਜਨਵਰੀ ਨੂੰ  ਸਹੁੰ ਚੁੱਕੇ ਜਾਣ ਤੋਂ ਬਾਅਦ ਸ੍ਰੀ ਮੋਦੀ ਪੰਜਵੇਂ ਵਿਦੇਸ਼ੀ ਆਗੂ ਹਨ, ਜਿਨ੍ਹਾਂ ਨਾਲ ਟਰੰਪ ਨੇ ਫੋਨ ਉਪਰ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਟਰੰਪ ਨਾਲ ਕੱਲ੍ਹ ਰਾਤ ਗੱਲਬਾਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਟਰੰਪ ਦੀ ਜਿੱਤ ਤੋਂ ਬਾਅਦ ਸ੍ਰੀ ਮੋਦੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵਧਾਈਆਂ ਦੇਣ ਵਾਲੇ ਆਗੂਆਂ ’ਚ ਸ਼ੁਮਾਰ ਸਨ। 

 
Latest News
Magazine Archive