ਜਲੀਕੱਟੂ ਪ੍ਰਦਰਸ਼ਨ ਹੋਇਆ ‘ਮਾਰਖੁੰਡਾ’


ਚੇਨੱਈ, 24 ਜਨਵਰੀ-ਤਾਮਿਲ ਨਾਡੂ ਵਿੱਚ ਅੱਜ ਚੇਨੱਈ ਅਤੇ ਹੋਰ ਥਾਵਾਂ ਉਤੇ ਜਲੀਕੱਟੂ ਦੇ ਹੱਕ ਵਿੱਚ ਡਟੇ ਬੈਠੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲੀਸ ਵੱਲੋਂ ਕੀਤੀ ਕਾਰਵਾਈ ਦੌਰਾਨ ਹਿੰਸਾ ਭੜਕ ਗਈ। ਪੁਲੀਸ ਕਾਰਵਾਈ ਤੋਂ ਭੜਕੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ ਅਤੇ ਕਈ ਥਾਵਾਂ ’ਤੇ ਵਾਹਨ ਸਾੜ ਦਿੱਤੇ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ। ਹਿੰਸਾ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਇਕ ਹਫ਼ਤੇ ਤੋਂ ਰੋਸ ਪ੍ਰਦਰਸ਼ਨ ਦਾ ਕੇਂਦਰ ਬਣੇ ਮੈਰੀਨਾ ਬੀਚ ਤੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਮਦੁਰਾਇ, ਤ੍ਰਿਚਰਾਪੱਲੀ,  ਕੋਇੰਬਟੂਰ ਅਤੇ ਹੋਰ ਥਾਵਾਂ ਉਤੇ ਦੇਰ ਸ਼ਾਮ ਨੂੰ ਰੋਸ ਪ੍ਰਦਰਸ਼ਨ ਵਾਪਸ ਲੈ ਲਿਆ ਗਿਆ।  ਪੁਲੀਸ ਨੇ ਅੱਜ ਸਵੇਰੇ ਮੈਰੀਨਾ ਬੀਚ ਨੂੰ ਜਾਂਦੇ ਰਸਤੇ ਬੰਦ ਕਰ ਦਿੱਤੇ। ਕੁੱਝ ਪ੍ਰਦਰਸ਼ਨਕਾਰੀ ਸਮੁੰਦਰ ਕੰਢੇ ਮਨੁੱਖੀ ਲੜੀ ਬਣਾ ਕੇ ਖੜ੍ਹ ਗਏ ਅਤੇ ਪੁਲੀਸ ਦੀਆਂ ਬੇਨਤੀਆਂ ਨੂੰ ਅੱਖੋਂ ਪਰੋਖੇ ਕਰਕੇ ਇਕ ਗਰੁੱਪ ਪਾਣੀ ਵਿੱਚ ਵੜ ਗਿਆ। ਕੁੱਝ ਪ੍ਰਦਰਸ਼ਨਕਾਰੀ ਰੇਤ ’ਤੇ ਧਰਨਾ ਮਾਰ ਕੇ ਬੈਠ ਗਏ। ਮੈਰੀਨਾ ਨੇੜੇ ਟ੍ਰਿਪਲੀਕੇਨ ਵਿੱਚ ਇਕੱਤਰ ਹੋਏ ਪ੍ਰਦਰਸ਼ਨਕਾਰੀ ਨੇ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ’ਤੇ ਪਥਰਾਅ ਵੀ ਕੀਤਾ। ਪੁਲੀਸ ਨੇ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ। ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ    ਜਲੀਕੱਟੂ ਨੂੰ ਹਰ ਸਾਲ ਨਿਰਵਿਘਨ ਕਰਾਉਣ ਲਈ ਕਾਨੂੰਨ ਬਣਾ ਕੇ ਪੱਕਾ ਹੱਲ ਕੀਤਾ ਜਾਵੇ।
ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕੋਇੰਬਟੂਰ ਦੇ ਵੀਓਸੀ ਪਾਰਕ, ਜਿਥੇ ਛੇ ਦਿਨਾਂ ਤੋਂ ਰੋਸ ਪ੍ਰਦਰਸ਼ਨ ਜਾਰੀ ਸੀ, ਵਿੱਚੋਂ ਖਦੇੜਿਆ ਗਿਆ। ਮਹਿਲਾ ਪੁਲੀਸ ਵੱਲੋਂ ਮਹਿਲਾ ਤੇ ਬਿਰਧ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਗਿਆ। ਕੁੱਝ ਪੁਲੀਸ ਵਾਲੇ ਬੱਚਿਆਂ ਨੂੰ ਚੁੱਕ ਕੇ ਲਿਜਾਂਦੇ ਦੇਖੇ ਗਏ। ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਮਰਜ਼ੀ ਨਾਲ ਜਾਂਦੇ ਵੀ ਦੇਖਿਆ ਗਿਆ। ਪੁਲੀਸ ਨੇ ਇਥੋਂ ਤਕਰੀਬਨ 300 ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਹੈ। ਪੁਲੀਸ ਕਾਰਵਾਈ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕੁੱਝ ਨੌਜਵਾਨਾਂ ਨੇ ਮਨੁੱਖੀ ਚੇਨ ਬਣਾਈ। ਇਨ੍ਹਾਂ ਨੂੰ ਖਦੇੜਨ ਲਈ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ।
ਕੇਂਦਰੀ ਜੇਲ੍ਹ ਨੇੜੇ ਨਾਅਰੇਬਾਜ਼ੀ ਕਰ ਰਹੇ 300 ਦੇ ਕਰੀਬ ਪ੍ਰਦਰਸ਼ਨਕਾਰੀਆਂ ਦੇ ਗਰੁੱਪ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਲਈ ਮੈਦਾਨ ਖਾਲੀ ਕਰਾ ਲਿਆ ਹੈ ਅਤੇ ਇਹ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਅਧੀਨ ਹੈ। ਇਸ ਦੌਰਾਨ ਮਦੁਰਾਇ ਵਿੱਚ ਰੋਸ ਮੁਜ਼ਾਹਰੇ ਜਾਰੀ ਸਨ ਅਤੇ ਇਥੇ ਪੁਲੀਸ ’ਤੇ ਪਥਰਾਅ ਵੀ ਹੋਇਆ।

 

 

fbbg-image

Latest News
Magazine Archive